ਚੰਡੀਗੜ੍ਹ, 24 ਅਪ੍ਰੈਲ 2024: ਆਈ.ਪੀ.ਐੱਲ 2024 ਦਾ 40ਵਾਂ ਮੈਚ ਅੱਜ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਦਾਖਲ ਹੁੰਦੇ ਹੀ ਸ਼ੁਭਮਨ ਗਿੱਲ (Shubman Gill) ਦੇ ਨਾਮ ਇੱਕ ਖਾਸ ਪ੍ਰਾਪਤੀ ਦਰਜ ਹੋ ਜਾਵੇਗੀ। ਉਹ ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਦੇ ਕਲੱਬ ‘ਚ ਸ਼ਾਮਲ ਹੋਣਗੇ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਣ ਵਾਲਾ ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ। ਦਿੱਲੀ ਦੀ ਟੀਮ ਇਸ ਮੈਚ ‘ਚ ਗੁਜਰਾਤ ਨੂੰ ਹਰਾ ਕੇ ਜਿੱਤ ਦੀ ਲੀਹ ‘ਤੇ ਵਾਪਸੀ ਕਰਨਾ ਚਾਹੇਗੀ। ਇਸ ਦੇ ਨਾਲ ਹੀ ਗੁਜਰਾਤ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗਾ।
ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ (Shubman Gill) ਦਿੱਲੀ ਖ਼ਿਲਾਫ਼ ਮੈਚ ‘ਚ ਖਾਸ ਉਪਲੱਬਧੀ ਹਾਸਲ ਕਰ ਸਕਦੇ ਹਨ। ਇਹ ਗਿੱਲ ਦੇ ਆਈਪੀਐਲ ਕਰੀਅਰ ਦਾ 100ਵਾਂ ਮੈਚ ਹੋਵੇਗਾ। ਇਸ ਨਾਲ ਉਹ ਪੰਡਯਾ-ਪੰਤ ਵਰਗੇ ਦਿੱਗਜ ਖਿਡਾਰੀਆਂ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗਾ। ਇਹ ਨੌਜਵਾਨ ਬੱਲੇਬਾਜ਼ ਆਈਪੀਐਲ ਵਿੱਚ 100 ਮੈਚ ਖੇਡਣ ਵਾਲਾ 65ਵਾਂ ਖਿਡਾਰੀ ਹੋਵੇਗਾ। ਹਾਲ ਹੀ ‘ਚ ਹਾਰਦਿਕ ਪੰਡਯਾ ਨੇ IPL ‘ਚ ਆਪਣਾ 100ਵਾਂ ਮੈਚ ਖੇਡਿਆ ਹੈ। ਪੰਡਯਾ ਨੂੰ 22 ਅਪ੍ਰੈਲ ਨੂੰ ਰਾਜਸਥਾਨ ਖਿਲਾਫ ਖੇਡੇ ਗਏ ਮੈਚ ‘ਚ ਇਸ ਖਾਸ ਉਪਲੱਬਧੀ ਲਈ ਮੁੰਬਈ ਇੰਡੀਅਨਜ਼ ਦੀ ਟੀਮ ਪ੍ਰਬੰਧਨ ਨੇ ਸਨਮਾਨਿਤ ਕੀਤਾ।
ਆਈਪੀਐਲ 2024 ਵਿੱਚ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕੁੱਲ ਅੱਠ ਮੈਚ ਖੇਡ ਚੁੱਕੇ ਹਨ। ਇਨ੍ਹਾਂ ‘ਚ ਨੌਜਵਾਨ ਬੱਲੇਬਾਜ਼ ਨੇ 146.80 ਦੀ ਸਟ੍ਰਾਈਕ ਰੇਟ ਨਾਲ 298 ਦੌੜਾਂ ਬਣਾਈਆਂ ਹਨ। ਇਸ ਐਡੀਸ਼ਨ ਵਿੱਚ ਉਸਦਾ ਸਰਵੋਤਮ ਸਕੋਰ 89 ਨਾਬਾਦ ਦੌੜਾਂ ਰਿਹਾ ਹੈ। ਆਈਪੀਐਲ ਵਿੱਚ ਕੁੱਲ 99 ਮੈਚ ਖੇਡ ਚੁੱਕੇ ਗਿੱਲ ਨੇ 3088 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 135.20 ਰਿਹਾ ਹੈ। ਇਸ ਦੇ ਨਾਲ ਹੀ ਉਸ ਦਾ ਸਰਵੋਤਮ ਸਕੋਰ 129 ਦੌੜਾਂ ਰਿਹਾ ਹੈ। ਸ਼ੁਭਮਨ ਗਿੱਲ ਦੇ ਨਾਂ ਆਈਪੀਐਲ ਵਿੱਚ ਤਿੰਨ ਸੈਂਕੜੇ ਅਤੇ 20 ਅਰਧ ਸੈਂਕੜੇ ਹਨ।