Shubman Gill

ਸ਼ੁਭਮਨ ਗਿੱਲ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ, 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਖੇਡਣਾ ਮੁਸ਼ਿਕਲ

ਚੰਡੀਗੜ੍ਹ, 10 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 ‘ਚ ਭਾਰਤੀ ਟੀਮ ਨੇ ਭਾਵੇਂ ਪਹਿਲਾ ਮੈਚ ਜਿੱਤ ਲਿਆ ਹੋਵੇ ਪਰ ਭਾਰਤੀ ਟੀਮ ਦੀਆਂ ਮੁਸ਼ਕਲਾਂ ਘੱਟ ਹੋਣ ਦੇ ਸੰਕੇਤ ਨਹੀਂ ਮਿਲ ਰਹੇ ਹਨ। ਭਾਰਤ ਦਾ ਸਿਖਰਲਾ ਕ੍ਰਮ ਮਹੱਤਵਪੂਰਨ ਮੌਕਿਆਂ ‘ਤੇ ਅਸਫਲ ਰਿਹਾ ਹੈ ਅਤੇ ਅਜਿਹਾ ਹੀ ਆਸਟ੍ਰੇਲੀਆ ਖ਼ਿਲਾਫ਼ ਮੈਚ ‘ਚ ਹੋਇਆ। ਇਸ ਦੇ ਨਾਲ ਹੀ ਟੀਮ ਦੇ ਸਟਾਰ ਓਪਨਰ ਸ਼ੁਭਮਨ ਗਿੱਲ (Shubman Gill) ਅਜੇ ਮੈਚ ਖੇਡਣ ਲਈ ਫਿੱਟ ਨਹੀਂ ਹਨ।

ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਹੈ ਅਤੇ ਉਸ ਦੇ ਖੂਨ ਵਿੱਚ ਪਲੇਟਲੈਟਸ ਦੀ ਗਿਣਤੀ ਘੱਟ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹੁਣ ਉਹ ਹਸਪਤਾਲ ਤੋਂ ਹੋਟਲ ਵਾਪਸ ਆ ਗਿਆ ਹੈ ਅਤੇ ਠੀਕ ਹੋ ਰਿਹਾ ਹੈ ਪਰ ਪਾਕਿਸਤਾਨ ਖ਼ਿਲਾਫ਼ ਮੈਚ ‘ਚ ਉਸ ਦੇ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ।

ਭਾਰਤੀ ਟੀਮ ਦੀ ਵਿਸ਼ਵ ਕੱਪ ਮੁਹਿੰਮ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਗਿੱਲ ਦੀ ਸਿਹਤ ਵਿਗੜ ਗਈ ਸੀ। ਉਹ ਡੇਂਗੂ ਨਾਲ ਸੰਕਰਮਿਤ ਹੋ ਗਿਆ ਸੀ ਅਤੇ ਆਸਟ੍ਰੇਲੀਆ ਖ਼ਿਲਾਫ਼ ਮੈਚ ਨਹੀਂ ਖੇਡ ਸਕਿਆ ਸੀ। ਹੁਣ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਗਿੱਲ ਨੂੰ ਚੇਨਈ ਦੇ ਕਾਵੇਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਉਨ੍ਹਾਂ ਦੇ ਖੂਨ ਵਿੱਚ ਪਲੇਟਲੈਟਸ ਦੀ ਕਮੀ ਸੀ। ਇਕ ਰਾਤ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਡੇਂਗੂ ਤੋਂ ਠੀਕ ਹੋਣ ‘ਚ ਆਮ ਤੌਰ ‘ਤੇ 7-10 ਦਿਨ ਲੱਗ ਜਾਂਦੇ ਹਨ ਪਰ ਇਸ ਤੋਂ ਬਾਅਦ ਗਿੱਲ ਲਈ ਅਸਲ ਚੁਣੌਤੀ ਮੈਚ ਫਿੱਟ ਰਹਿਣ ਦੀ ਹੋਵੇਗੀ। ਹਾਲਾਂਕਿ 19 ਅਕਤੂਬਰ ਨੂੰ ਹੋਣ ਵਾਲੇ ਭਾਰਤ-ਬੰਗਲਾਦੇਸ਼ ਮੈਚ ਲਈ ਉਹ ਆਸਾਨੀ ਨਾਲ ਫਿੱਟ ਹੋ ਸਕਦਾ ਹੈ। ਗਿੱਲ (Shubman Gill) ਲਈ 11 ਅਕਤੂਬਰ ਨੂੰ ਅਫਗਾਨਿਸਤਾਨ ਅਤੇ 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚਾਂ ‘ਚ ਖੇਡਣਾ ਮੁਸ਼ਕਿਲ ਹੈ। ਜੇਕਰ ਈਸ਼ਾਨ ਕਿਸ਼ਨ ਇਨ੍ਹਾਂ ਦੋਵਾਂ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕਰਦੇ ਹਨ ਅਤੇ ਭਾਰਤੀ ਟੀਮ ਜਿੱਤ ਦਰਜ ਕਰਨ ‘ਚ ਸਫਲ ਰਹਿੰਦੀ ਹੈ ਤਾਂ ਗਿੱਲ ਲਈ ਦੁਬਾਰਾ ਪਲੇਇੰਗ-11 ‘ਚ ਜਗ੍ਹਾ ਬਣਾਉਣਾ ਮੁਸ਼ਕਿਲ ਹੋ ਸਕਦਾ ਹੈ।

ਰੋਹਿਤ ਸ਼ਰਮਾ ਅਧੂਰੀ ਫਿਟਨੈਸ ਨਾਲ ਸ਼ੁਭਮਨ ਗਿੱਲ ਨੂੰ ਪਲੇਇੰਗ 11 ਵਿੱਚ ਸ਼ਾਮਲ ਕਰਨ ਦਾ ਜੋਖਮ ਨਹੀਂ ਲੈਣਗੇ । ਕਿਉਂਕਿ, ਵਿਸ਼ਵ ਕੱਪ ਇਕ ਲੰਬਾ ਟੂਰਨਾਮੈਂਟ ਹੈ ਅਤੇ ਹੁੰਮਸ ਵਾਲੀ ਗਰਮੀ ਵਿਚ 100 ਓਵਰਾਂ ਦਾ ਮੈਚ ਖੇਡਣਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੈ। ਖਾਸ ਤੌਰ ‘ਤੇ ਗਿੱਲ ਵਰਗੇ ਖਿਡਾਰੀ ਲਈ, ਜੋ 50 ਓਵਰਾਂ ਦੀ ਫੀਲਡਿੰਗ ਸਮੇਤ ਲੰਬੀਆਂ ਪਾਰੀਆਂ ਖੇਡਦਾ ਹੈ ਅਤੇ ਕਈ ਵਾਰ 80-90 ਓਵਰਾਂ ਤੱਕ ਮੈਦਾਨ ‘ਚ ਰਹਿੰਦਾ ਹੈ।

Scroll to Top