ਐਸ.ਏ.ਐਸ. ਨਗਰ, 28 ਫਰਵਰੀ 2025: ਹਲਕਾ ਐਸ.ਏ.ਐਸ. ਨਗਰ (ਮੋਹਾਲੀ) ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਸ਼ਹਿਰ ਦੇ ਫੇਜ਼-1 ਵਿਖੇ ਸਥਿਤ ਗੁਰੂ ਨਾਨਕ ਖੋਖਾ ਮਾਰਕਿਟ ਅਤੇ ਫੇਜ਼-7 ਵਿਖੇ ਸਥਿਤ ਰਾਜੀਵ ਗਾਂਧੀ ਖੋਖਾ ਮਾਰਕਿਟ ਵਿਖੇ ਪਿਛਲੇ ਲਗਭਗ 40 ਸਾਲਾਂ ਦੇ ਵੱਧ ਸਮੇਂ ਤੋਂ ਕੱਚੇ ਖੋਖਿਆਂ ‘ਚ ਕੰਮ ਚਲਾ ਰਹੇ ਦੁਕਾਨਦਾਰਾਂ ਨੂੰ ਸਬੰਧਤ ਥਾਵਾਂ ‘ਤੇ ਵਾਜਬ ਕੀਮਤ ਵਸੂਲ ਕਰਕੇ ਪੱਕੇ ਬੂਥ ਬਣਾ ਕੇ ਅਲਾਟ ਕਰਨ ਅਤੇ ਫੇਜ਼-1 ਅਤੇ ਫੇਜ਼-7 ਵਿਖੇ ਸਥਿਤ ਮੋਟਰ ਮਾਰਕਿਟਾਂ ਨੂੰ ਸੈਕਟਰ-65 ਵਿਖੇ ਬਣਾਈ ਮੋਟਰ ਮਾਰਕਿਟ ਵਿਖੇ ਤਬਦੀਲ ਨਾ ਕਰਨ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਸੀ |
ਦੁਕਾਨਾਦਾਰਾਂ ਦੇ ਮੁੱਦੇ ਵਿਧਾਨ ਸਭਾ ‘ਚ ਚੁੱਕੇ ਜਾਣ ‘ਤੇ ਇਨ੍ਹਾਂ ਮਾਰਕਿਟਾਂ ‘ਚ ਕੰਮ ਕਰ ਰਹੇ ਦੁਕਾਨਦਾਰਾਂ/ਮਕੈਨਿਕਾਂ ਅਤੇ ਇਨ੍ਹਾਂ ਮਾਰਕਿਟਾਂ ਦੀਆਂ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵੱਲੋਂ ਵੱਡੀ ਗਿਣਤੀ ‘ਚ ਅੱਜ ਹਲਕਾ ਵਿਧਾਇਕ ਨਾਲ ਉਨ੍ਹਾਂ ਦੇ ਦਫਤਰ ਵਿਖੇ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ |
ਇਸ ਮੌਕੇ ਦੁਕਾਨਾਦਾਰਾਂ ਨੇ ਕਿਹਾ ਕਿ ਉਹ ਆਪਣੀ ਇਹ ਮੰਗ ਲੈ ਕੇ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਅਣਗਣਿਤ ਵਾਰ ਮਿਲਦੇ ਰਹੇ ਸਨ ਪ੍ਰੰਤੂ ਉਨ੍ਹਾਂ ਨੂੰ ਲਾਰੇ ਲੱਪੇ ਤੋਂ ਬਿਨ੍ਹਾਂ ਹੋਰ ਕੁਝ ਨਹੀ ਮਿਲਿਆ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਪਬਲਿਕ ਨੁਮਾਇਦਿੇ ਵੱਲੋਂ ਉਨ੍ਹਾਂ ਦੀ ਇਹ ਸਮੱਸਿਆ ਵਿਧਾਨ ਸਭਾ ‘ਚ ਉਠਾ ਕੇ ਉਨ੍ਹਾਂ ਦੀ ਬਾਂਹ ਫੜੀ ਹੈ ਅਤੇ ਉਨ੍ਹਾਂ ਨੂੰ ਹੁਣ ਆਸ ਬੱਝੀ ਹੈ ਕਿ ਉਨ੍ਹਾਂ ਦੀ ਮੰਗ ਛੇਤੀ ਹੀ ਪੂਰੀ ਹੋ ਜਾਵੇਗੀ।
ਇਸ ਮੌਕੇ ‘ਤੇ ਬੋਲਦੇ ਹੋਏ ਹਲਕਾ ਵਿਧਾਇਕ ਵੱਲੋਂ ਕਿਹਾ ਕਿ ਮੋਟਰ ਮਾਰਕਿਟ ਨੂੰ ਤਬਦੀਲ ਕਰਨ ਲਈ ਕਾਰਵਾਈ ਜਲਦ ਹੀ ਪੂਰੀ ਕਰਕੇ ਮੋਟਰ ਮਾਰਕਿਟ ਨੂੰ ਸੈਕਟਰ-65 ਵਿਖੇ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਖੋਖਾ ਮਾਰਕਿਟਾਂ ਦੇ ਦੁਕਾਨਦਾਰਾਂ ਨੂੰ ਪੱਕੇ ਬੂਥ ਜਲਦੀ ਤੋਂ ਜਲਦੀ ਅਲਾਟ ਕਰਵਾਉਣ ਲਈ ਉਨ੍ਹਾਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾਵੇਗੀ।
ਇਸ ਸਮੇਂ ਰੇਹੜੀ ਮਾਰਕਿਟ ਫੇਜ਼-7 ਦੇ ਪ੍ਰਧਾਨ ਰਾਮ ਗੋਪਾਲ ਬਾਂਸਲ, ਫੇਜ਼-7 ਮੋਟਰ ਮਾਰਕਿਟ ਦੇ ਪ੍ਰਧਾਨ ਕਰਮ ਚੰਦ ਅਤੇ ਜਨਰਲ ਸਕੱਤਰ ਦੀਪਕ ਧੀਮਾਨ, ਖੋਖਾ ਮਾਰਕਿਟ ਫੇਜ਼-1 ਦੇ ਸਾਬਕਾ ਪ੍ਰਧਾਨ ਡੀ.ਡੀ. ਜੈਨ ਅਤੇ ਮੋਟਰ ਮਾਰਕਿਟ ਫੇਜ਼-1 ਦੇ ਪ੍ਰਧਾਨ ਫੌਜਾ ਸਿੰਘ, ਹਰਬਿੰਦਰ ਸਿੰਘ, ਕੁਲਦੀਪ ਸਿੰਘ ਸਮਾਣਾਂ, ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ ਅਤੇ ਕਾਫੀ ਵੱਡੀ ਗਿਣਤੀ ‘ਚ ਉਕਤ ਮਾਰਕਿਟਾਂ ਦੇ ਦੁਕਾਨਦਾਰ/ਮਕੈਨਿਕ ਹਜ਼ਾਰ ਸਨ।
Read More: ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਚੁੱਕਿਆ ਮੋਹਾਲੀ ਦੀ ਮੋਟਰ ਮਾਰਕੀਟ ਦਾ ਮੁੱਦਾ