ਚੰਡੀਗੜ੍ਹ, 04 ਦਸੰਬਰ 2023: ਦਿੱਲੀ ਦੇ ਪੰਜਾਬੀ ਬਾਗ ਵਿੱਚ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ (Deep Malhotra) ਦੇ ਘਰ ‘ਤੇ ਗੋਲੀਬਾਰੀ ਹੋਈ ਹੈ। ਪੱਛਮੀ ਦਿੱਲੀ ਦੇ ਡੀਸੀਪੀ ਵਚਿੱਤਰ ਵੀਰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਕਰੀਬ 6:45 ਵਜੇ ਵਾਪਰੀ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਖੋਲ੍ਹ ਬਰਾਮਦ ਕਰ ਲਏ ਹਨ। ਫਿਲਹਾਲ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਵਿਅਕਤੀ ਦੀਪ ਮਲਹੋਤਰਾ ਦੇ ਘਰ ਦੇ ਬਾਹਰ ਪੈਦਲ ਆਇਆ ਸੀ ਅਤੇ ਗੋਲੀ ਚਲਾ ਦਿੱਤੀ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਉਥੋਂ ਭੱਜ ਗਿਆ। ਖੁਸ਼ਕਿਸਮਤੀ ਹੈ ਕਿ ਇਸ ਘਟਨਾ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ। ਇਸ ਦੇ ਨਾਲ ਹੀ ਪੁਲਿਸ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਪੀੜਤ ਨੂੰ ਪਹਿਲਾਂ ਕਦੇ ਕੋਈ ਧਮਕੀ ਭਰਿਆ ਕਾਲ ਨਹੀਂ ਆਇਆ। ਹਾਲਾਂਕਿ, ਪੁਲਿਸ ਪਹਿਲ ਦੇ ਅਧਾਰ ‘ਤੇ ਇਸ ਕੋਣ ਤੋਂ ਜਾਂਚ ਕਰ ਰਹੀ ਹੈ।
ਜਿਕਰਯੋਗ ਹੈ ਕਿ ਦੀਪ ਮਲਹੋਤਰਾ (Deep Malhotra) ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚੋਂ ਇੱਕ ਹੈ। ਦੀਪ ਮਲਹੋਤਰਾ 2012 ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦਾ ਜੱਦੀ ਘਰ ਵੀ ਫਰੀਦਕੋਟ ਵਿੱਚ ਹੈ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ।
ਕਥਿਤ ਦਿੱਲੀ ਸ਼ਰਾਬ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਅਤੇ ਉਨ੍ਹਾਂ ਦਾ ਪੁੱਤਰ ਗੌਤਮ ਮਲਹੋਤਰਾ ਈਡੀ ਦੇ ਰਾਡਾਰ ‘ਤੇ ਸਨ। ਇਸ ਦੇ ਨਾਲ ਹੀ ਉਸ ਦੇ ਪੁੱਤਰ ਗੌਤਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ।