ਪਟਿਆਲਾ, 25 ਫਰਵਰੀ 2024: ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਨੂੰ ਉਸ ਵੇਲ਼ੇ ਡੂੰਘਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਪਿਤਾ ਟਹਿਲ ਸਿੰਘ ਦਾ ਬੀਤੀ ਸ਼ਾਮ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਟਹਿਲ ਸਿੰਘ 84 ਸਾਲਾਂ ਦੇ ਸਨ। ਰਾਜਪੁਰਾ ਨੇੜਲੇ ਉਨ੍ਹਾਂ ਦੇ ਜੱਦੀ ਪਿੰਡ ਰਾਮਪੁਰ ਖੁਰਦ ਵਿਖੇ ਦੁਪਹਿਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਤੋਂ ਉਪ-ਕੁਲਪਤੀ ਪ੍ਰੋ. ਅਰਵਿੰਦ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਰਹੇ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਟਹਿਲ ਸਿੰਘ ਦੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਡਾ. ਨਾਗਰ ਸਿੰਘ ਮਾਨ ਨਾਲ਼ ਹਮਦਰਦੀ ਜ਼ਾਹਰ ਕੀਤੀ। ਅੰਤਿਮ ਸਸਕਾਰ ਸਮੇਂ ਹਾਜ਼ਰ ਹੋਰ ਸ਼ਖ਼ਸੀਅਤਾਂ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਯੁਵਕ ਭਲਾਈ ਇੰਚਾਰਜ ਡਾ. ਗਗਨਦੀਪ ਥਾਪਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ, ਇੰਜਨੀਅਰ ਨਰੇਸ਼ ਮਿੱਤਲ, ਮਾਰਕਫੈੱਡ ਤੋਂ ਸ੍ਰ. ਦਿਲਬਾਗ ਸਿੰਘ, ਪੰਜਾਬ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪੰਜਾਬੀ ਯੂਨੀਵਰਸਿਟੀ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਧਾਨ/ਪ੍ਰਤੀਨਿਧ ਅਤੇ ਇਲਾਕੇ ਦੇ ਪੰਚ ਸਰਪੰਚ ਅਤੇ ਹੋਰ ਮੋਹਤਬਰ ਸ਼ਖ਼ਸੀਅਤਾਂ ਸ਼ਾਮਿਲ ਸਨ। ਡਾ. ਨਾਗਰ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਕਿ ਅੰਤਿਮ ਅਰਦਾਸ 6 ਮਾਰਚ 2024 ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਦਰਮਿਆਨ ਰਾਜਪੁਰਾ ਵਿਖੇ ਸਥਿਤ ਗੁਰਦੁਆਰਾ ਬਾਬਾ ਸੁੱਖਾ ਸਿੰਘ ਵਿੱਚ ਹੋਵੇਗੀ।