ਚੰਡੀਗੜ੍ਹ, 18 ਮਾਰਚ 2024: ਹਿਮਾਚਲ ਪ੍ਰਦੇਸ਼ (Himachal Pradesh) ਦੇ ਬਾਗੀ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਦਰਅਸਲ, ਸੁਪਰੀਮ ਕੋਰਟ ਨੇ ਵਿਧਾਨ ਸਭਾ ਸਪੀਕਰ ਦੇ ਉਸ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ‘ਚ ਸਪੀਕਰ ਨੇ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ। ਸੁਪਰੀਮ ਕੋਰਟ ਨੇ ਵੀ ਬਾਗੀ ਵਿਧਾਇਕਾਂ ਨੂੰ ਵੋਟ ਪਾਉਣ ਅਤੇ ਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਹਿਮਾਚਲ ਪ੍ਰਦੇਸ਼ (Himachal Pradesh) ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਛੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ। ਅਯੋਗ ਵਿਧਾਇਕਾਂ ਨੇ 27 ਫਰਵਰੀ ਨੂੰ ਹੋਈਆਂ ਰਾਜ ਸਭਾ ਚੋਣਾਂ ਵਿੱਚ ਪਾਰਟੀ ਵ੍ਹਿਪ ਦੇ ਖ਼ਿਲਾਫ਼ ਜਾ ਕੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਸੀ।
ਅਯੋਗ ਕਰਾਰ ਦਿੱਤੇ ਗਏ ਵਿਧਾਇਕਾਂ ਵਿੱਚ ਸੁਧੀਰ ਸ਼ਰਮਾ (ਧਰਮਸ਼ਾਲਾ ਸੀਟ ਤੋਂ ਵਿਧਾਇਕ), ਰਵੀ ਠਾਕੁਰ (ਲਾਹੌਲ ਸਪਿਤੀ), ਰਜਿੰਦਰ ਰਾਣਾ (ਸੁਜਾਨਪੁਰ), ਇੰਦਰ ਦੱਤ ਲਖਨਪਾਲ (ਬਰਸਾਰ), ਚੈਤੰਨਿਆ ਸ਼ਰਮਾ (ਗਗਰੇਤ) ਅਤੇ ਦਵਿੰਦਰ ਕੁਮਾਰ (ਕੁਟਲੇਹਾਰ) ਦੇ ਨਾਂ ਸ਼ਾਮਲ ਹਨ। ਬਾਗੀ ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ 40 ਵਿਧਾਇਕਾਂ ਵਾਲੀ ਕਾਂਗਰਸ ਨੂੰ 25 ਸੀਟਾਂ ਨਾਲ ਭਾਜਪਾ ਤੋਂ ਰਾਜ ਸਭਾ ਦੀ ਸੀਟ ਗੁਆਉਣੀ ਪਈ।