Vigilance Bureau

Bribe: 50 ਹਜ਼ਾਰ ਦੀ ਰਿਸ਼ਵਤ ਲੈਂਦਾ SHO ਅਤੇ ਉਸਦਾ ਸਾਥੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਚੰਡੀਗੜ੍ਹ, 11 ਅਕਤੂਬਰ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਫਗਵਾੜਾ ਸਿਟੀ ਥਾਣੇ ਦੇ ਐਸ.ਐਚ.ਓ ਅਤੇ ਸਾਥੀ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ | ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਤਿੰਦਰ ਕੁਮਾਰ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸਿਟੀ ਥਾਣੇ ਵਿੱਚ ਐਸ.ਐਚ.ਓ. ਵਜੋਂ ਤਾਇਨਾਤ ਸੀ | ਇਸਦੇ ਨਾਲ ਹੀ ਉਸਦੇ ਸਾਥੀ ਦੀ ਪਛਾਣ ਜਸਕਰਨ ਸਿੰਘ ਪਿੰਡ ਬੁਰਜ ਹਮੀਰਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ |

ਵਿਜੀਲੈਂਸ ਬਿਊਰੋ (Vigilance Bureau) ਮੁਤਾਬਕ ਪਿੰਡ ਚਾਚੋਕੀ ਦੀ ਵਸਨੀਕ ਕੁਲਵਿੰਦਰ ਕੌਰ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ | ਸ਼ਿਕਾਇਤਕਰਤਾ ਕੁਲਵਿੰਦਰ ਕੌਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਲੜਕੇ ਹਰਸ਼ਦੀਪ, ਉਸਦੀ ਘਰਵਾਲੀ ਆਸ਼ਿਮਾ ਅਤੇ ਜੀਜਾ ਅੰਸ਼ ਸ਼ਰਮਾ ਨੂੰ ਮਾਰਚ ਮਹੀਨੇ ਫਗਵਾੜਾ ਵਿਖੇ ਉਸ ਵੇਲੇ ਹਿਰਾਸਤ ‘ਚ ਲਿਆ ਸੀ ਜਦੋਂ ਉਹ ਖਾਣਾ ਖਾ ਰਹੇ ਸਨ |

ਇਸ ਤੋਂ ਬਾਅਦ ਉਸ ਦੇ ਲੜਕੇ ਦੇ ਖ਼ਿਲਾਫ ਉਕਤ ਥਾਣੇ ‘ਚ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐੱਨ.ਡੀ.ਪੀ.ਐੱਸ.) ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਉਕਤ ਪੁਲਿਸ ਅਧਿਕਾਰੀ ਨੇ ਹਰਸ਼ਦੀਪ ਦੀ ਘਰਵਾਲੀ ਅਤੇ ਸਾਲੇ ਨੂੰ ਇਸ ਮਾਮਲੇ ‘ਚ ਸ਼ਾਮਲ ਨਾ ਕਰਨ ਦੇ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗੀ ਅਤੇ ਸ਼ਿਕਾਇਤਕਰਤਾ ਨੇ ਦਬਾਅ ‘ਚ ਇਹ ਰਿਸ਼ਵਤ ਦੇ ਦਿੱਤੀ।

ਉਨ੍ਹਾਂ ਦੋਸ਼ ਲਾਇਆ ਕਿ ਇੰਸਪੈਕਟਰ ਜਤਿੰਦਰ ਕੁਮਾਰ ਨੇ ਬਾਅਦ ‘ਚ ਕੇਸ ‘ਚ ਸਬੂਤਾਂ ‘ਚੋਂ ਹਰਸ਼ਦੀਪ ਦਾ ਮੋਬਾਈਲ ਫੋਨ, ਸੋਨੇ ਦੀ ਮੁੰਦਰੀ ਅਤੇ ਸੋਨੇ ਦੇ ਕੰਨਾਂ ਦੇ ਸਟੱਡਾਂ ਨੂੰ ਕੱਢਣ ਬਦਲੇ 50,000 ਰੁਪਏ ਦੀ ਹੋਰ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਅਦਾ ਕਰ ਦਿੱਤੀ ਅਤੇ ਸਾਮਾਨ ਉਸ ਨੂੰ ਵਾਪਸ ਕਰ ਦਿੱਤਾ ਗਿਆ।

Read More: CM ਭਗਵੰਤ ਮਾਨ ਵੱਲੋਂ ਪੰਜਾਬ ਰਾਜਪਾਲ ਨਾਲ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਕੀਤੀ ਚਰਚਾ

ਇਸ ਮਾਮਲੇ ‘ਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਇੰਸਪੈਕਟਰ ਨੇ ਉਸ ਨਾਲ ਵਾਰ-ਵਾਰ ਸੰਪਰਕ ਕਰਕੇ ਤਾਰਾ ਨਰਸਰੀ ਤੋਂ ਖਰੀਦੇ ਪੌਦਿਆਂ ਅਤੇ ਗਮਲਿਆਂ ਦੇ ਕੁੱਲ 35,000-40,000 ਰੁਪਏ ਦੇ ਬਿੱਲ ਅਦਾ ਕਰਨ ਲਈ ਕਿਹਾ ਅਤੇ ਸ਼ਿਕਾਇਤਕਰਤਾ ਨੇ ਰਕਮ ਅਦਾ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਇੰਸਪੈਕਟਰ ਨੇ ਸ਼ਿਕਾਇਤਕਰਤਾ ਤੋਂ ਉਸਦੇ ਪੁੱਤਰ ਦੇ ਹੱਕ ‘ਚ ਅਦਾਲਤ ‘ਚ ਚਲਾਨ ਦਾਇਰ ਕਰਨ ਅਤੇ ਮੁਕੱਦਮੇ ਅਤੇ ਸਬੂਤਾਂ ‘ਚ ਉਸਦਾ ਸਮਰਥਨ ਕਰਨ ਦੇ ਬਦਲੇ ਇੱਕ ਲੱਖ ਰੁਪਏ ਦੀ ਮੰਗ ਕੀਤੀ। ਸੌਦਾ 50,000 ਰੁਪਏ ਵਿੱਚ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ ਇਸ ਨੂੰ ਰਿਕਾਰਡ ਕਰਕੇ ਬਿਊਰੋ ਨੂੰ ਸਬੂਤ ਵਜੋਂ ਪੇਸ਼ ਕੀਤਾ।

ਵਿਜੀਲੈਂਸ (Vigilance Bureau) ਮੁਤਾਬਕ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਇੰਸਪੈਕਟਰ ਜਤਿੰਦਰ ਕੁਮਾਰ ਅਤੇ ਉਸਦੇ ਸਾਥੀ ਜਸਕਰਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ‘ਚ ਸ਼ਿਕਾਇਤਕਰਤਾ ਕੋਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ‘ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Scroll to Top