Langar sewa

ਸ਼੍ਰੋਮਣੀ ਕਮੇਟੀ ਨੇ ਸ਼ੰਭੂ ਬਾਰਡਰ ’ਤੇ ਕਿਸਾਨ ਭਰਾਵਾਂ ਤੇ ਰਾਹਗੀਰਾਂ ਲਈ ਸ਼ੁਰੂ ਕੀਤੀ ਲੰਗਰ ਦੀ ਸੇਵਾ

ਪਟਿਆਲ਼ਾ, 15 ਫ਼ਰਵਰੀ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸਾਨ ਭਰਾਵਾਂ ਲਈ ਪੰਜਾਬ-ਹਰਿਆਣਾ ਸਰਹੱਦ ਸ਼ੰਭੂ ਬਾਰਡਰ ਵਿਖੇ ਲੰਗਰ ਵਰਤਾਉਂਣ ਦੇ ਦਿਸ਼ਾ ਨਿਰਦੇਸ਼ ਦਿੱਤੇ, ਜਿਸ ਤਹਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲ਼ਾ ਵੱਲੋਂ ਲੰਗਰ ਸੇਵਾ (Langar sewa) ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਅਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਹੋਰਨਾਂ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੀ ਸਮੁੱਚੀ ਟੀਮ ਨੂੰ ਲੈ ਕੇ ਕਿਸਾਨ ਭਰਾਵਾਂ ਅਤੇ ਰਾਹਗੀਰਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ।

ਗੱਲਬਾਤ ਕਰਦਿਆਂ ਅਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਲੰਗਰ ਦੀ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਖੁਦ ਆਪਣੇ ਹੱਥਾਂ ਨਾਲ ਦਿੱਲੀ ਨੂੰ ਜਾਣ ਵਾਲੇ ਕਿਸਾਨ ਭਰਾਵਾਂ, ਸੰਗਤਾਂ ਅਤੇ ਰਾਹਗੀਰਾਂ ਨੂੰ ਲੰਗਰ ਵਰਤਾਉਂਣ (Langar sewa) ਦੀ ਸੇਵਾ ਕੀਤੀ। ਗੱਲਬਾਤ ਕਰਦਿਆਂ ਜਥੇਦਾਰ ਲਾਛੜੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨ ਭਰਾਵਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ, ਜੋ ਹੁਣ ਆਪਣੀਆਂ ਅਧੂਰੀਆਂ ਰਹਿ ਗਈਆਂ ਮੰਗਾਂ ਮਨਵਾਉਣ ਲਈ ਦਿੱਲੀ ਜਾਣਾ ਚਾਹੁੰਦੇ ਹਨ।

ਉਨ੍ਹਾਂ ਨੂੰ ਜਬਰ ਨਾਲ ਸ਼ੰਭੂ ਬਾਰਡਰ ’ਤੇ ਰੋਕ ਲਿਆ ਹੈ, ਜਿਸ ਨਾਲ ਲੋਕਤੰਤਰ ਦਾ ਵੱਡਾ ਘਾਣ ਸਾਹਮਣੇ ਆਇਆ ਹੈ। ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਕਿਸਾਨਾਂ ਨਾਲ ਅਨਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਦਿੱਲੀ ਜਾਣ ਤੋਂ ਰੋਕਣਾ, ਅੱਥਰੂ ਗੈਸ ਦੇ ਗੋਲੇ ਸੁੱਟਣਾ, ਗੋਲੀਆਂ, ਕਾਰਤੂਸ ਮਾਰ ਕੇ ਕਿਸਾਨਾਂ ਨੂੰ ਜ਼ਖ਼ਮੀ ਕਰਨਾ ਅਣਮਨੁੱਖੀ ਵਰਤਾਰਾ ਹੈ, ਜੋ ਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਕੈਪਟਨ ਖੁਸ਼ਵੰਤ ਸਿੰਘ, ਪਲਵਿੰਦਰ ਸਿੰਘ ਰਿੰਕੂ, ਜੰਗ ਸਿੰਘ ਇਟਲੀ, ਲਖਵਿੰਦਰ ਸਿੰਘ, ਚਰਨਜੀਤ ਸਿੰਘ ਜਾਗਦੇ ਰਹੋ ਆਦਿ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।

Scroll to Top