July 7, 2024 5:06 pm
ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਚਲਾਏ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 22 ਜੂਨ 2023: ਕੁਝ ਸਾਲਾਂ ਪਹਿਲਾਂ ਗੁਰਬਾਣੀ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜ੍ਹਾਂ ਦੀ ਛਪਾਈ ਨੂੰ ਆਪਣੇ ਰਾਹੀ ਸ਼ੁਰੂ ਕਰਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਬੀੜ੍ਹਾਂ ਛਾਪਣ ਉੱਤੇ ਪੂਰਨ ਪਾਬੰਦੀ ਲਾ ਦਿੱਤੀ ਸੀ। ਉਸੇ ਤਰਜ਼ ਉੱਤੇ ਬਾਦਲਾਂ ਦੇ ਨਿੱਜੀ ਟੀਵੀ ਚੈਨਲ ਵੱਲੋਂ ਪੇਡ ਕੇਬਲ ਨੈੱਟਵਰਕ ਰਾਹੀ ਦਰਬਾਰ ਸਾਹਿਬ ਅੰਮ੍ਰਿਤਸਰ ਤੋ ਰੋਜ਼ਾਨਾ ਕੀਰਤਨ ਪ੍ਰਸਾਰਣ ਕਰਨ ਨਾਲ ਗੁਰਬਾਣੀ ਦੇ ਹੋ ਰਹੇ ਵਪਾਰੀਕਰਨ ਨੂੰ ਸ਼੍ਰੋਮਣੀ ਕਮੇਟੀ ਤਰੁੰਤ ਬੰਦ ਕਰੇ ਅਤੇ ਬੀੜ੍ਹਾਂ ਛਾਪਣ ਦੀ ਤਰਜ਼ ਉੱਤੇ ਆਪਣਾ ਟੀਵੀ ਚੈਨਲ ਸ਼ੁਰੂ ਕਰੇ। ਇਹ ਮੰਗ ਕੇਂਦਰੀ ਸਿੰਘ ਸਭਾ ਵਲੋਂ ਕੀਤੀ ਗਈ।

ਪਿਛਲੇ ਸਾਲ ਪੀਟੀਸੀ ਚੈਨਲ ਦੇ ਸੈਕਸ ਸਕੈਂਡਲ ਵਿੱਚ ਸ਼ਮੂਲੀਅਤ ਹੋਣ ਉਪਰੰਤ ਮੁਹਾਲੀ ਵਿੱਚ ਪੁਲਿਸ ਕੇਸ਼ ਦਰਜ਼ ਹੋ ਗਿਆ ਸੀ, ਜਿਸ ਕਰਕੇ, ਇਹ ਚੈਨਲ ਪਵਿੱਤਰ ਗੁਰਬਾਣੀ ਨੂੰ ਟੈਲੀਕਾਸਟ ਕਰਨ ਦਾ ਨੈਤਿਕ ਅਧਿਕਾਰ ਵੀ ਖੋ ਬੈਠਾ ਸੀ। ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਦੇ ਆਦੇਸ਼ਾਂ ਮੁਤਾਬਿਕ ਆਪਣਾ ਟੀਵੀ ਚੈਨਲ ਚਲਾ ਕੇ ਸਿੱਖ ਸੰਗਤ ਲਈ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਮੁਫਤ ਪ੍ਰਸਾਰ ਕਰਨਾ ਚਾਹੀਦਾ ਹੈ ਜਿਵੇਂ ਹਿੰਦੂ, ਮਸੁਲਮਾਨ ਅਤੇ ਬੌਧੀ ਤੀਰਥ ਅਸਥਾਨ ਪਹਿਲਾਂ ਹੀ ਕਰ ਰਹੇ ਹਨ।

ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਕੰਟਰੋਲ ਹੇਠ ਚਲਦੀ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤ ਦੀਆਂ ਪੀਟੀਸੀ ਵਿਰੁੱਧ ਹਜ਼ਾਰਾਂ ਸ਼ਿਕਾਇਤਾਂ ਅਤੇ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਮਤੇ ਦੀ ਪ੍ਰਵਾਹ ਨਾ ਕਰਦਿਆਂ ਇਸ ਚੈਨਲ ਨੇ ਆਪਣੀ ਅਜ਼ਾਰੇਦਾਰੀ ਅਤੇ ਆਪ ਹੁਦਰਾਪਣ ਕਾਇਮ ਰੱਖਿਆ ਹੋਇਆ ਹੈ। ਸਿੱਖ ਸੰਗਤ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰਖਦਿਆਂ 17 ਜਨਵਰੀ 2020 ਨੂੰ ਕੇਂਦਰੀ ਸਿੰਘ ਸਭਾ ਦੇ ਭਵਨ ਵਿੱਚ ਹੋਈ ਸਿੱਖ ਚਿੰਤਕਾਂ ਦੀ ਮੀਟਿੰਗ ਨੇ ਇੱਕ ਛੇ-ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਪੀਟੀਸੀ ਦੀਆਂ ਧਾਂਦਲੀਆਂ/ਧੱਕੇਸ਼ਾਹੀਆਂ ਅਤੇ ਸ਼੍ਰੋਮਣੀ ਕਮੇਟੀ ਬੇਨਿਯਮੀਆਂ ਬਾਰੇ 245 ਸਫਿਆਂ ਦੀ ਦਸਤਾਵੇਜ਼ੀ ਰੀਪੋਰਟ ਤਿਆਰ ਕੀਤੀ ਸੀ।

ਪ੍ਰਾਈਵੇਟ ਟੀਵੀ ਚੈਨਲਾਂ ਦੇ ਮਾਰਕਿਟ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਟੈਲੀਕਾਸਟ ਕਰਨ ਦਾ ਪਹਿਲਾਂ ਸਮਝੌਤਾ ਨਵੰਬਰ 1998 ਵਿੱਚ ਪੰਜਾਬੀ ਵਰਲਡ ਚੈਨਲ ਨਾਲ ਕੀਤਾ। ਉਸ ਸਮਝੌਤੇ ਨੂੰ ਤੋੜ੍ਹਕੇ ਉਸ ਸਮੇਂ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਫਿਰ ਦਿੱਲੀ ਦੇ ਟੀਵੀ ਚੈਨਲ ਨਾਲ ਅਤੇ ਬਾਅਦ ਵਿੱਚ ਈਟੀਸੀ ਟੀਵੀ ਨਾਲ ਅੰਦਰੋ ਖਾਤੇ ਸਮਝੌਤਾ ਕਰ ਲਿਆ। ਕਮੇਟੀ ਦੇ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਈਟੀਸੀ ਮੁਤਾਬਿਕ ਤੋੜ੍ਹ-ਮਰੋੜ ਦਿੱਤੀਆ ਸਨ। ਅੰਦਰੋਂ ਅੰਦਰੀ ਕਮੇਟੀ ਨੇ ਚੈਨਲ ਨੂੰ ਮਸ਼ਹੂਰੀਆਂ ਤੋਂ ਹੋਣ ਵਾਲੀ ਕਮਾਈ ਵਿੱਚੋਂ ਬਣਦਾ ਆਪਣਾ ਹਿੱਸਾ ਖਤਮ ਕਰ ਦਿੱਤਾ। ਬੇਨਿਯਮ, ਆਪਹੁਦਰੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਨਾਲ ਈਟੀਸੀ ਨਾਲ ਨਾ-ਟੁੱਟਣ ਵਾਲਾ ਗੁਰਬਾਣੀ ਪ੍ਰਸਾਰਣ ਇਕਰਾਰਨਾਮਾ 11 ਸਾਲ ਤੱਕ ਵਧਾ ਦਿੱਤਾ, ਮੁਆਇਦਾ ਤੋੜਨ ਦਾ ਜੁਰਮਾਨਾ ਖਤਮ ਕਰ ਦਿੱਤਾ ਅਤੇ ਅੰਦਰੋ ਅੰਦਰੀ ਈਟੀਸੀ ਦੇ ਗੁਰਬਾਣੀ ਪ੍ਰਸਾਰਣ ਦੇ ਹੱਕ ਪੀਟੀਸੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਤਬਦੀਲ ਕਰ ਦਿੱਤੇ।

ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਮੰਤਵ ਅਕਾਲੀ ਦਲ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਸੰਗਤ ਨਾਲ ਕੀਤੇ ਹੋਏ ਇਕਰਾਰ ਤੋਂ ਭਜਣਾ ਹੈ ਜਿਸ ਅਨੁਸਾਰ ਸ਼੍ਰੌਮਣੀ ਕਮੇਟੀ ਨੇ ਆਪਣਾ ਚੈਨਲ ਖੁਦ ਚਾਲੂ ਕਰਨਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਚੋਰ ਭੁਲਾਈ ਦੇਣ ਲੱਗਾ। ਅਸਲ ਸੁਆਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਆਪਣਾ ਟੀ.ਵੀ. ਚੈਨਲ ਖੋਲੇ ਅਤੇ ਲੋਕ ਸਭਾ ਵਾਂਗੂੰ ਇਸਦੇ ਲਿੰਕ ਰਾਹੀ ਹੋਰਨਾ ਚੈਨਲਾਂ ਨੂੰ ਗੁਰਬਾਣੀ ਦਾ ਪ੍ਰਸਾਰਨ ਕਰਨ ਦੀ ਖੁੱਲ ਦੇਵੇ।

ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਲਈ ਜਾਰੀ ਕੀਤੇ ਚੋਣ ਮੈਨੀਫੈਸਟੋ ਵਿੱਚ ਦੋ ਵਾਰ ਸਪਸ਼ਟ ਰੂਪ ਵਿੱਚ ਵਾਅਦਾ ਵੀ ਕੀਤਾ ਹੋਇਆ ਹੈ। ਪਰ ਕਮਾਲ ਇਹ ਹੈ ਕਿ ਵਿਧਾਨ ਸਭਾ ਚੋਣ ਵਾਂਗੂੰ ਧਰਮ ”ਪੀਰੀ” ਦੇ ਖੇਤਰ ਅੰਦਰ ਵੀ ਵਾਅਦਾ ਫਰਾਮੋਸ਼ ਸਾਬਤ ਹੁੰਦੇ ਆਏ ਹਨ। ਪਰ ਧਾਮੀ ਸਾਹਿਬ ਦੀ ਖੋਤੀ ਮੁੜ ਘਿੜ ਪੀਟੀਸੀ ਦੇ ਬੋਹੜ ਹੇਠ ਆਉਣ ਦੇ ਰਾਹ ਹੀ ਪੈ ਰਹੀ ਹੈ। ਸਬ ਕਮੇਟੀ ਆਪਣਾ ਚੈਨਲ ਖੋਲ੍ਹਣ ਦੀ ਥਾਂ ਸ਼ਰਤਾਂ ਤਹਿ ਕਰਕੇ ਟੈਂਡਰ ਮੰਗੇਗੀ। ਅੱਵਲ ਤਾਂ ਇਹ ਪੀਟੀਸੀ ਕੋਲ ਹੀ ਜਾਵੇਗਾ ਪਰ ਜੇ ਕਿਸੇ ਹੋਰ ਰਿਲਾਇੰਸ ਵਰਗੀ ਧਿਰ ਵੀ ਟੈਂਡਰ ਲੈ ਗਈ ਤਾਂ ਹਾਲਤ ਤਾਂ “ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦੀ ਉੱਥੇ” ਵਾਲੀ ਹੀ ਬਣੀ ਰਹੇਗੀ।

ਇਸ ਮੌਕੇ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਅਜੈਪਾਲ ਸਿੰਘ ਬਰਾੜ (ਮਿਸ਼ਲ ਸਤਲੁਜ) ਜਸਵਿੰਦਰ ਸਿੰਘ (ਸਮਾਜ ਸੰਘਰਸ਼ ਪਾਰਟੀ ਆਗੂ), ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਰਹੇ |