July 4, 2024 9:10 pm
Sukhbir Badal

ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣ ‘ਤੇ ਸ਼੍ਰੋਮਣੀ ਕਮੇਟੀ ਦਿੱਲੀ ਨੇ ਜਤਾਇਆ ਇਤਰਾਜ

ਦਿੱਲੀ, 14 ਦਸੰਬਰ 2023 (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਵੱਲੋਂ ਸਿੱਖ ਕੌਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣ ‘ਤੇ ਇਤਰਾਜ ਜਤਾਇਆ ਹੈ।

ਕਾਲਕਾ ਦਾ ਕਹਿਣਾ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਕਿਸ ਕਿਸ ਗੱਲ ਦੀ ਮੁਆਫ਼ੀ ਕੌਮ ਤੋਂ ਮੰਗੀ ਹੈ। ਉਨਾਂ ਕਿਹਾ ਕਿ ਬਾਦਲ ਨੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੀ ਮੁਆਫ਼ੀ ਮੰਗੀ ਹੈ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੁਆਫ਼ੀ ਮੰਗੀ ਹੈ। ਉਨਾਂ ਕਿਹਾ ਕਿ ਸੁਖਬੀਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਡੇਰਾ ਪ੍ਰੇਮੀ ਗੁਰਮੀਤ ਸਿੰਘ ਦੀ ਮੌਤ ਤੇ ਉਸਦੀ ਪਤਨੀ ਨੂੰ 10 ਲੱਖ ਰੁਪਏ ਅਤੇ ਪੰਜਾਬ ਪੁਲਿਸ ਵਿੱਚ ਨੌਕਰੀ ਵੀ ਦਿੱਤੀ ਸੀ। ਇਸਦੇ ਨਾਲ ਹੀ ਉਨ੍ਹਾਂ ਆਪਣੇ ਸਰਕਾਰ ਦੇ ਸਮੇਂ ਦੌਰਾਨ ਸੁਮੇਧ ਸੈਣੀ ਨੂੰ ਡੀ. ਜੀ .ਪੀ ਲਗਵਾਇਆ ਸੀ।

ਕਾਲਕਾ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ (Sukhbir Badal) ਨੇ ਅਕਾਲ ਤਖ਼ਤ ਸਾਹਿਬ ਖੜੇ ਹੋ ਕੇ ਕੌਮ ਤੋਂ ਮੁਆਫ਼ੀ ਮੰਗਣ ਦਾ ਕੰਮ ਕਰਕੇ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਢਾਹ ਲਾਈ ਹੈ। ਉਨਾਂ ਕਿਹਾ ਕਿ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਦਿੱਲੀ ਕਮੇਟੀ ਵਲੋਂ ਅਪੀਲ ਕਰਦਾਂ ਹਾਂ ਕਿ ਇਨ੍ਹਾਂ ਨੂੰ ਤਨਖਾਹੀਆ ਕਰਾਰ ਕਰਕੇ ਸਜ਼ਾ ਲਗਾਈ ਜਾਣੀ ਚਾਹੀਦੀ ਹੈ।

ਇਸਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ 20 ਦਸੰਬਰ ਨੂੰ ਦਿੱਲੀ ਵਿਖੇ ਗੁਰੂਦੁਆਰਾ ਰਕਾਬ ਗੰਜ ਸਾਹਿਬ ਤੋਂ ਰਾਸ਼ਟਰਪਤੀ ਭਵਨ ਤੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ‘ਤੇ ਬੋਲਦਿਆਂ ਕਾਲਕਾ ਨੇ ਕਿਹਾ ਕਿ ਸਰਕਾਰਾਂ ਨਾਲ ਗੱਲਬਾਤ ਕਰਕੇ ਮਸਲੇ ਜਲਦੀ ਹੱਲ ਹੁੰਦੇ ਹਨ। ਇਸ ਕਰਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। ਇਸ ਮਾਮਲੇ ਤੇ ਵੀ ਕਾਲਕਾ ਨੇ ਕਿਹਾ ਕਿ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਇਹ ਪ੍ਰਦਰਸ਼ਨ ਨੂੰ ਰੋਕਿਆ ਜਾਵੇ ।