ਚੰਡੀਗੜ੍ਹ, 01 ਮਈ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਅੱਜ ਪਿੰਡ ਬਾਦਲ ਪੁੱਜਕੇ ਸ. ਸੁਖਬੀਰ ਸਿੰਘ ਬਾਦਲ ਤੇ ਸਮੁੱਚੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਸ. ਢੀਂਡਸਾ ਪਿਛਲੇ ਪੰਜ ਦਹਾਕਿਆਂ ਤੋਂ ਸਾਬਕਾ ਮੁੱਖ ਮੰਤਰੀ ਸ .ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀ ਰਹੇ ਹਨ। ਸ. ਢੀਂਡਸਾ ਨੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਔਖੇ-ਸੌਖੇ ਸਮਿਆਂ ਨਾਲ ਬਿਤਾਏ ਸਮੇਂ ਨੂੰ ਯਾਦਗਾਰੀ ਦੱਸਿਆ।
ਉਹਨਾਂ ਕਿਹਾ ਕਿ ਸ. ਬਾਦਲ ਨੇ ਪੰਜਾਬੀਆਂ ਦੀ ਸਹੀ ਅਗਵਾਈ ਕੀਤੀ । ਉਹਨਾਂ ਫੈਂਡਰਲ ਢਾਂਚੇ ਦੇ ਹੱਕ ਵਿੱਚ ਸਮੁੱਚੇ ਦੇਸ਼ਵਾਸੀਆਂ ਦੀ ਅਗਵਾਈ ਕੀਤੀ । ਗੰਭੀਰ ਤੇ ਬਹੁਤ ਹੀ ਸੰਵੇਦਨਸ਼ੀਲ ਮਾਮਲਿਆਂ ਨੂੰ ਉਸਾਰੂ ਸੰਵਾਦ ਰਾਹੀਂ ਹੱਲ ਕਰਨਾ ਤੇ ਕਰਵਾਉਣਾ ਉਨ੍ਹਾ ਦੀ ਇਕ ਬਹੁਤ ਵੱਡੀ ਖੂਬੀ ਸੀ। ਬਤੌਰ ਆਗੂ ਸ. ਬਾਦਲ ਦਾ ਸ਼ਾਨਦਾਰ ਰਿਕਾਰਡ ਹੈ। ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਉਹਨਾਂ ਆਪਣੇ ਸਾਥੀਆਂ (ਸਾਡੇ) ਨਾਲ ਰਲਕੇ ਅਜਿਹੀ ਰੂਪ ਰੇਖਾ ਘੜੀ ਜਿਸਨੂੰ ਹਰ ਪੱਖੋਂ ਸਲਾਹਿਆ ਗਿਆ ।
ਸ. ਢੀਂਡਸਾ (Sukhdev Singh Dhindsa) ਨੇ ਕਿਹਾ ਕਿ ਸ. ਬਾਦਲ ਸਹਿਜ ਸੁਭਾਅ ਵਾਲੇ ਆਗੂ ਸਨ। ਉਹਨਾਂ ਦੀ ਹਰਮਨ ਪਿਆਰਤਾ ਤੇ ਸਾਦਗੀ ਵੱਡੀਆਂ ਗੱਲਾਂ ਹਨ। ਸ. ਬਾਦਲ ਨੇ ਅਜਿਹੇ ਮਹਾਨ ਕਾਰਜ ਕੀਤੇ ਹਨ ਜਿਹਨਾਂ ਕਰਕੇ ਉਹ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਵਸੇ ਰਹਿਣਗੇ। ਉਹਨਾਂ ਆਪਣੀ ਸਾਰੀ ਜ਼ਿੰਦਗੀ ਪੰਥ,ਪੰਜਾਬ ਤੇ ਦੇਸ਼ ਦੇ ਲੇਖੇ ਲਾ ਦਿੱਤੀ। ਉਹ ਪੰਜਾਬ ਦੀ ਸਿਆਸਤ ਦੇ ਥੰਮ ਹਨ। ਸ. ਢੀਂਡਸਾ ਨੇ ਕਿਹਾ ਕਿ ਪੰਥ ਅਤੇ ਪੰਜਾਬ ਦੇ ਭਲੇ ਲਈ ਅਕਾਲੀ ਸੋਚ ਦਾ ਪ੍ਰਚੰਡ ਹੋਣਾ ਜ਼ਰੂਰੀ ਹੈਅਤੇ ਇਹੋ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ਸ. ਹਰਦੇਵ ਸਿੰਘ ਰੋਗਲਾ (ਸ਼੍ਰੋਮਣੀ ਕਮੇਟੀ ਮੈਂਬਰ), ਸ. ਰਾਮਪਾਲ ਸਿੰਘ ਬਹਿਣੀਵਾਲ (ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ), ਸ. ਪ੍ਰਿਤਪਾਲ ਸਿੰਘ ਹਾਂਡਾ (ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸੰਯੁਕਤ), ਸ. ਗੁਰਦੀਪ ਸਿੰਘ ਮਕਰੌੜ, ਸ. ਬਿੰਦਰਪਾਲ ਸਿੰਘ ਨਮੋਲ, ਸ. ਗਿਆਨ ਸਿੰਘ, ਸ. ਸੁਰਿੰਦਰ ਸਿੰਘ, ਸ. ਰਵਿੰਦਰ ਸਿੰਘ , ਸ. ਰੂਪ ਸਿੰਘ ਸ਼ੇਰੋਂ, ਸ. ਗੁਰਜੰਟ ਸਿੰਘ ਨਮੋਲ, ਸ. ਨਿਹਾਲ ਸਿੰਘ ਸਰਪੰਚ, ਸ. ਭੀਮ ਸਿੰਘ ਨਮੋਲ,ਸ. ਭੁਪਿੰਦਰ ਸਿੰਘ ਮਹਾਂਸਿੰਘਵਾਲਾ, ਸ. ਪਾਲ ਸਿੰਘ ਗੇਹਲਾ ਸਾਬਕਾ ਚੇਅਰਮੈਨ, ਸ. ਗੁਰਜੰਟ ਸਿੰਘ ਦੁੱਗਾ, ਸ. ਸੁਖਵਿੰਦਰ ਸਿੰਘ ਬਿੱਲੂ ਸਰਪੰਚ, ਸ. ਗੁਰਮੀਤ ਸਿੰਘ ਜੌਹਲ, ਸ. ਜਸਵਿੰਦਰ ਸਿੰਘ ਖ਼ਾਲਸਾ ਆਦਿ ਮੋਜੂਦ ਸਨ।