ਪਟਿਆਲਾ, 24 ਮਾਰਚ 2025: ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਘਨੌਰ ਹਲਕੇ ‘ਚ ਖਨੌਰੀ ਮੋਰਚੇ ਦੌਰਾਨ ਕਿਸਾਨਾਂ ਦੀ ਕੁੱਟਮਾਰ ਅਤੇ ਉਨ੍ਹਾਂ ਦੀਆਂ ਟਰਾਲੀਆਂ ਚੋਰੀ ਹੋਣ ਦੇ ਵਿਰੋਧ ‘ਚ ਆਵਾਜ਼ ਬੁਲੰਦ ਕੀਤੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚ ਕੇ ਜ਼ਖਮੀ ਕਿਸਾਨਾਂ ਨਾਲ ਮੁਲਾਕਾਤ ਅਤੇ ਹਾਲ-ਚਾਲ ਜਾਣਿਆ | ਇਸਦੇ ਨਾਲ ਹੀ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ।
ਹਸਪਤਾਲ ‘ਚ ਜ਼ਖਮੀ ਕਿਸਾਨਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ “ਕੱਲ੍ਹ ਪਿੰਡ ਖੰਡੌਲੀ ਦੇ 3 ਕਿਸਾਨ ਜਤਿੰਦਰ ਸਿੰਘ, ਅਜੀਤ ਸਿੰਘ ਅਤੇ ਸੁਖਮਨਦੀਪ ਸਿੰਘ ਨੂੰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਡਿੰਪਲ ਅਤੇ ਉਨ੍ਹਾਂ ਦੇ ਗੁੰਡਿਆਂ ਨੇ ਖਨੌਰੀ ਮੋਰਚੇ ਤੋਂ 6 ਟਰਾਲੀਆਂ ਚੋਰੀ ਕਰ ਲਈਆਂ ਹਨ।
ਜਦੋਂ ਉਨ੍ਹਾਂ ਨੇ ਇਸ ਕਾਰਵਾਈ ਸੰਬੰਧੀ ‘ਆਪ’ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਕਿਸਾਨ ਯੂਨੀਅਨ ਨੂੰ ਇਸ ਬਾਰੇ ਸੂਚਿਤ ਕੀਤਾ, ਤਾਂ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਦੇ ਸਮਰਥਨ ਪ੍ਰਾਪਤ ਸਰਪੰਚ 12-15 ਜਣਿਆਂ ਲੈ ਕੇ ਆਇਆ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਬੰਦਿਆ ਨੇ ਇਨ੍ਹਾਂ ਗੁਰਸਿੱਖ ਕਿਸਾਨਾਂ ਦੇ ਵਾਲ ਅਤੇ ਦਾੜ੍ਹੀ ਵੀ ਪੁੱਟ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸਰੀਰਕ ਅਤੇ ਮਾਨਸਿਕ ਸੱਟਾਂ ਲੱਗੀਆਂ ਹਨ।”
ਉਨ੍ਹਾਂ ਨੇ ਕਿਹਾ, “ਜਿਵੇਂ ਹੀ ਮੈਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਮੈਂ, ਰਾਜੂ ਖੰਨਾ ਅਤੇ ਹੋਰ ਪਾਰਟੀ ਵਰਕਰਾਂ ਨਾਲ ਸਾਡੇ ਕਿਸਾਨਾਂ ਦਾ ਹਾਲ ਜਾਣਨ ਅਤੇ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰਨ ਲਈ ਇੱਥੇ ਆਇਆ। ਪਰ ਦੁੱਖ ਦੀ ਗੱਲ ਹੈ ਕਿ ਵਿਧਾਇਕ ਗੁਰਲਾਲ ਘਨੌਰ ਦੇ ਇਸ਼ਾਰੇ ‘ਤੇ ਪੁਲਿਸ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਵਿਰੁੱਧ ਝੂਠੇ ਮਾਮਲੇ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅਤੇ ਪੂਰਾ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਅਸੀਂ ਉਨ੍ਹਾਂ ਨਾਲ ਕੋਈ ਵੀ ਅਨਿਆਂ ਨਹੀਂ ਹੋਣ ਦੇਵਾਂਗੇ।”
ਪਟਿਆਲਾ ਪੁਲਿਸ ਦੀ ਆਲੋਚਨਾ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ, “ਪਹਿਲਾਂ ਉਨ੍ਹਾਂ ਨੇ ਇੱਕ ਸੇਵਾਮੁਕਤ ਫੌਜ ਕਰਨਲ ਨੂੰ ਕੁੱਟ ਕੇ ਅਤੇ ਇਸਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ | ਇਸ ਨਾਲ ਪੁਲਿਸ ਫੋਰਸ ਨੂੰ ਸ਼ਰਮਿੰਦਗੀ ਹੋਈ | ਹੁਣ, ‘ਆਪ’ ਦੇ ਵਿਧਾਇਕ ਦੇ ਦਬਾਅ ਹੇਠ, ਇਹ ਪੁਲਿਸ ਇਸ ਮਾਮਲੇ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ! ਜੇਕਰ ਲੋੜ ਪਈ, ਤਾਂ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ ਅਤੇ ਇਨ੍ਹਾਂ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਮੋਰਚਾ ਖੋਲ੍ਹਾਂਗੇ।”
ਝਿੰਜਰ ਨੇ ਕਿਹਾ, “ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਬੈਠਕ ਲਈ ਸੱਦਿਆ ਅਤੇ ਅਤੇ ਫਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਧੋਖਾ ਦਿੱਤਾ। ਹੁਣ ਉਨ੍ਹਾਂ ਦੇ ਵਿਧਾਇਕ ਅਤੇ ਪਾਰਟੀ ਵਰਕਰ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਸਮਾਨ ਚੋਰੀ ਕਰਕੇ ਸਾਡੇ ਪਿੰਡਾਂ ਦੀ ਬਦਨਾਮੀ ਕਰਵਾ ਰਹੇ ਹਨ |
ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ ਕਿ ਵਿਧਾਇਕ ਗੁਰਲਾਲ ਘਨੌਰ ਨੇ ਆਪਣੇ ਇਲਾਕੇ ਦੇ ‘ਆਪ’ ਸਰਪੰਚਾਂ ਨੂੰ ਖਨੌਰੀ ਮੋਰਚੇ ਨੂੰ ਅਸਥਿਰ ਕਰਨ ਅਤੇ ਉੱਥੋਂ ਕਿਸਾਨਾਂ ਦੀਆਂ ਟਰਾਲੀਆਂ ਜ਼ਬਤ ਕਰਨ ਲਈ ਆਦਮੀ ਭੇਜਣ ਦਾ ਹੁਕਮ ਦਿੱਤਾ ਸੀ। ਇਹ ਪੰਜਾਬ ਦੇ ਕਿਸਾਨਾਂ ਨਾਲ ਇੱਕ ਹੋਰ ਵਿਸ਼ਵਾਸਘਾਤ ਹੈ!”
Read More: ਸ਼੍ਰੋਮਣੀ ਅਕਾਲੀ ਦਲ ਜਾਵੇਗੀ ਅੱਜ ਅੰਮ੍ਰਿਤਸਰ, ਮੈਂਬਰਸ਼ਿਪ ਮੁਹਿੰਮ ਕਰੇਗੀ ਸ਼ੁਰੂ