ਚੰਡੀਗੜ੍ਹ 01 ਜੁਲਾਈ 2022: ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਫੈਸਲਾ ਕੀਤਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਦਰੋਪਦੀ ਮੁਰਮੂ (Draupadi Murmu)ਦੀ ਹਮਾਇਤ ਕਰੇਗਾ ਕਿਉਂਕਿ ਉਹ ਘੱਟ ਗਿਣਤੀਆਂ, ਦਬੇ ਕੁਚਲੇ ਤੇ ਪਛੜੇ ਵਰਗਾਂ ਦੇ ਨਾਲ ਨਾਲ ਮਹਿਲਾਵਾਂ ਦੀ ਪ੍ਰਤੀਨਿਧਤਾ ਦੇ ਪ੍ਰਤੀਕ ਹਨ ਤੇ ਉਹ ਗਰੀਬ ਦੇ ਕਬਾਇਲੀ ਲੋਕਾਂ ਦੇ ਵੀ ਪ੍ਰਤੀਕ ਹਨ।
ਇਥੇ ਦੇ ਮੁੱਖ ਦਫਤਰ ਵਿਚ 3 ਘੰਟੇ ਤੱਕ ਚੱਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਸਾਡੇ ਵੰਡ ਪਾਊ ਤੇ ਫਿਰਕਾਪ੍ਰਸਤ ਧਰੁਵੀਕਰਨ ਖਾਸ ਤੌਰ ’ਤੇ ਮੌਜੂਦਾ NDA ਸਰਕਾਰ ਦੇ ਰਾਜ ਵਿਚ ਘੱਟ ਗਿਣਤੀਆਂ ਦੇ ਮਨਾਂ ਵਿਚ ਪੈਦਾ ਹੋਈ ਅਸੁਰੱਖਿਆ ਸਮੇਤ ਚੱਲ ਰਹੇ ਮਾਹੌਲ ਨੁੰ ਲੈ ਕੇ ਸਾਡੇ ਭਾਜਪਾ ਨਾਲ ਮਤਭੇਦ ਹਨ, ਪਰ ਅਕਾਲੀ ਦਲ ਹਮੇਸ਼ਾ ਇਸਦੇ ਸਿਧਾਂਤਾਂ ’ਤੇ ਚੱਲਿਆ ਹੈ ਜਿਸ ਮੁਤਾਬਕ ਅਸੀਂ ਸ੍ਰੀਮਤੀ ਮੁਰਮੂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਾ ਸਿਰਫ ਮਹਿਲਾਵਾਂ ਦੀ ਬਲਕਿ ਦਬੇ ਕੁਚਲੇ ਤੇ ਘੱਟ ਗਿਣਤੀਆਂ ਦੇ ਪ੍ਰਤੀਕ ਹਨ ਜਿਹਨਾ ਵਾਸਤੇ ਸਾਡੇ ਮਹਾਨ ਗੁਰੂਆ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ।
ਮੀਟਿੰਗ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਮਨੁੱਖੀ ਅਧਿਕਾਰਾਂ ਨੁੰ ਦਰਪੇਸ਼ ਖਤਰਿਆਂ ਖਾਸ ਤੌਰ ’ਤੇ ਧਾਰਮਿਕ ਸਹਿਣਸ਼ੀਲਤਾ ਤੇ ਬੋਲਣ ਦੀ ਆਜ਼ਾਦੀ ’ਤੇ ਪਾਬੰਦੀ, ਪੰਜਾਬ ਨਾਲ ਖਾਸ ਤੌਰ ’ਤੇ ਸਿੱਖਾਂ ਨਾਲ ਅਨਿਆਂ ਵਰਗੇ ਮਾਮਲਿਆਂ ’ਤੇ ਗੰਭੀਰ ਤੇ ਲੰਬੀ ਚਰਚਾ ਕੀਤੀ। ਉਹਨਾਂ ਕਿਹਾ ਕਿ ਪਾਰਟੀ ਕਦੇ ਵੀ ਆਪਣੇ ਪੰਜਾਬ ਪੱਖੀ, ਘੱਟ ਗਿਣਤੀਆਂ ਪੱਖੀ, ਕਿਸਾਨ ਪੱਖੀ ਤੇ ਗਰੀਬ ਪੱਖੀ ਏਜੰਡੇ ’ਤੇ ਸਮਝੌਤਾ ਨਹੀਂ ਕਰੇਗੀ।
ਉਹਨਾਂ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ ਦੇ ਚੋਣ ਦੇ ਸਵਾਲ ’ਤੇ ਪਾਰਟੀ ਕੋਲ ਜੋ ਵਿਕਲਪ ਮੌਜੂਦ ਸਨ ਉਹਨਾਂ ਵਿਚੋਂ ਜਾਂ ਤਾਂ ਕਾਂਗਰਸ ਤੇ ਇਸਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਦੀ ਹਮਾਇਤ ਕਰਨਾ ਜਾਂ ਫਿਰ ਸਾਡੇ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਰਾਹ ’ਤੇ ਚੱਲਣਾ ਸ਼ਾਮਲ ਸਨ ਜਿਸ ਵਿਚੋਂ ਅਸੀਂ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਵਿਕਲਪ ਚੁਣਿਆ ਹੈ।
ਸਰਦਾਰ ਬਾਦਲ ਨੇ ਸਿੱਖ ਕੌਮ ਤੇ ਪੰਜਾਬ ਨੂੰ ਦਰਪੇਸ਼ ਉਹਨਾਂ ਮਸਲਿਆਂ ਦਾ ਵੀ ਜ਼ਿਕਰ ਕੀਤਾ ਜੋ ਹਾਲੇ ਤੱਕ ਹੱਲ ਨਹੀਂ ਹੋਏ ਤੇ ਕਿਹਾ ਕਿ ਪਾਰਟੀ ਇਹਨਾਂ ਦਾ ਤਰਕਸੰਗਤ ਹੱਲ ਕੱਢੇ ਜਾਣ ਲਈ ਦਿੜ੍ਹ ਸੰਕਲਪ ਹੈ। ਉਹਨਾਂ ਇਹਨਾਂ ਮਸਲਿਆਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਜਿਹਨਾਂ ਦੀ ਰਿਹਾਈ ਦਾ ਐਲਾਨ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੀਤਾ ਸੀ, ਉਹ ਵੀ ਸ਼ਾਮਲ ਹੈ ਤੇ ਇਸਦੇ ਨਾਲ ਹੀ ਚੰਡੀਗੜ੍ਹ ਪੰਜਾਬ ਨੁੰ ਦੇਣ ਅਤੇ ਪੰਜਾਬ ਯੂਨੀਵਰਸਿਟੀ ਦੇ ਰੁਤਬੇ ਵਿਚ ਕੋਈ ਤਬਦੀਲੀ ਨਾ ਕਰਨਾ ਵੀ ਸ਼ਾਮਲ ਹੈ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਜਿਹਨਾਂ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਗੈਸਟ ਹਾਊਸ ਵਿਚ ਸੀਨੀਅਰ ਆਗੂਆਂ ਨਾਲ ਮਿਲ ਕੇ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ, ਨੇ ਸ੍ਰੀਮਤੀ ਮੁਰਮੂ ਨੂੰ ਦੱਸਿਆ ਪਾਰਟੀ ਦੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਉਹਨਾਂ ਦੀ ਹਮਾਇਤ ਦਾ ਫੈਸਲਾ ਕੀਤਾ ਹੈ। ਸ੍ਰੀਮਤੀ ਮੁਰਮੂ ਨੇ ਵੀ ਸਰਦਾਰ ਬਾਦਲ ਨੂੰ ਪਹਿਲਾਂ ਫੋਨ ਕਰ ਕੇ ਹਮਾਇਤ ਮੰਗੀ ਸੀ। ਸਰਦਾਰ ਬਾਦਲ ਦੇ ਨਾਲ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਚਰਨਜੀਤ ਸਿੰਘ ਅਟਵਾਲ ਵੀ ਹਾਜ਼ਰ ਸਨ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਉਸ ਉਮੀਦਵਾਰ ਦੀ ਹਮਾਇਤ ਨਹੀਂ ਕਰ ਸਕਦਾ ਜੋ ਕਾਂਗਰਸ ਪਾਰਟੀ ਨੇ ਖੜ੍ਹਾ ਕੀਤਾ ਹੋਵੇ ਕਿਉਂਕਿ ਕਾਂਗਰਸ ਨੇ ਹੀ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਤੇ ਇਹੀ ਪਾਰਟੀ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸੀ।