ਚੰਡੀਗੜ੍ਹ, 11 ਸਤੰਬਰ 2024: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ (Shimla) ਦੇ ਸੰਜੌਲੀ ‘ਚ ਸਥਿਤ ਮਸਜਿਦ ‘ਚ ਕਥਿਤ ਗੈਰ-ਕਾਨੂੰਨੀ ਨਿਰਮਾਣ ਦੇ ਖ਼ਿਲਾਫ ਅੱਜ ਹਿੰਦੂ ਸੰਗਠਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਸਵੇਰੇ 7:00 ਵਜੇ ਤੋਂ ਰਾਤ 11:59 ਵਜੇ ਤੱਕ ਧਾਰਾ 163 (ਪਹਿਲਾਂ 144) ਲਾਗੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜੱਪ ਦੀ ਖ਼ਬਰ ਹੈ | ਭੀੜ ਨੇ ਸੰਜੌਲੀ ‘ਚ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ | ਲਾਠੀਚਾਰਜ ‘ਚ ਕਈ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਵੀ ਲੱਗੀਆਂ। ਐਸਪੀ ਸ਼ਿਮਲਾ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪ੍ਰਦਰਸ਼ਨਕਾਰੀ ਹਟਣ ਨੂੰ ਤਿਆਰ ਨਹੀਂ ਹਨ।
ਪਾਣੀ ਦੀਆਂ ਬੁਛਾੜਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਸੰਜੌਲੀ (Shimla) ਬਾਜ਼ਾਰ ‘ਚ ਧਰਨਾਕਾਰੀ ਖੜ੍ਹੇ ਹਨ। ਪ੍ਰਦਰਸ਼ਨਕਾਰੀ ਮਸਜਿਦ ਤੋਂ ਕਰੀਬ 100 ਮੀਟਰ ਦੂਰ ਹਨ। ਡੀਸੀ ਸ਼ਿਮਲਾ, ਆਈਜੀ ਜੇਪੀ ਸਿੰਘ ਵੀ ਮੌਕੇ ‘ਤੇ ਪਹੁੰਚ ਗਏ ਹਨ। ਲਾਠੀਚਾਰਜ ਨੂੰ ਲੈ ਕੇ ਸਥਾਨਕ ਲੋਕ ਨਾਰਾਜ਼ ਹਨ। ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਹੈ। ਹੁਣ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਮਸਜਿਦ ਵੱਲ ਵਧ ਰਹੇ ਹਨ। ਹਜ਼ਾਰਾਂ ਲੋਕ ਇਕੱਠੇ ਹੋਏ ਹਨ।