Shimla Agreement History: ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ | ਦੋਵੇਂ ਦੇਸ਼ ਅਹਿਮ ਸਮਝੌਤੇ ਰੱਦ ਕਰਨ ਦੀ ਕਗਾਰ ‘ਤੇ ਖੜ੍ਹੇ ਹਨ | ਭਾਰਤ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ। ਦਰਅਸਲ, ਦੋਵਾਂ ਵਿਚਾਲੇ 1972 ਦੇ ਸ਼ਿਮਲਾ ਸਮਝੌਤੇ ਨੂੰ ਮੁਅੱਤਲ ਕਰਨਾ ਪਾਕਿਸਤਾਨ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਸ਼ਿਮਲਾ ਸਮਝੌਤੇ ਦਾ ਮੁੱਖ ਨੁਕਤਾ ਕੰਟਰੋਲ ਰੇਖਾ (LOC) ਦੀ ਪਵਿੱਤਰਤਾ ਨੂੰ ਬਣਾਈ ਰੱਖਣਾ ਹੈ। ਸਮਝੌਤੇ ਨੂੰ ਮੁਅੱਤਲ ਕਰਨ ਦਾ ਮਤਲਬ ਹੈ ਕਿ ਕੋਈ ਵੀ ਧਿਰ ਕੰਟਰੋਲ ਰੇਖਾ ਦਾ ਸਤਿਕਾਰ ਕਰਨ ਲਈ ਪਾਬੰਦ ਨਹੀਂ ਹੈ ਅਤੇ ਭਾਰਤ ਕੰਟਰੋਲ ਰੇਖਾ ਦੇ ਪਾਰ ਕੋਈ ਵੀ ਕਾਰਵਾਈ ਕਰ ਸਕਦਾ ਹੈ।
ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਿਮਲਾ ਸਮਝੌਤਾ
ਦਰਅਸਲ, ਵੀਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਦਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਪਾਕਿਸਤਾਨ ਭਾਰਤ ਨਾਲ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰਨ ਦੇ ਅਧਿਕਾਰ ਦੀ ਵਰਤੋਂ ਕਰੇਗਾ। ਇਸ ‘ਚ ਸ਼ਿਮਲਾ ਸਮਝੌਤਾ (Shimla Agreement) ਵੀ ਸ਼ਾਮਲ ਹੈ ਅਤੇ ਇਹ ਕਾਰਵਾਈ ਸਿਰਫ਼ ਇਸ ਤੱਕ ਸੀਮਤ ਨਹੀਂ ਹੈ। ਧਿਆਨ ਰਹੇ ਕਿ ਪਾਕਿਸਤਾਨ ਨੇ ਬਿਆਨ ‘ਚ ਇਹ ਨਹੀਂ ਕਿਹਾ ਕਿ ਉਹ ਅਧਿਕਾਰ ਦੇ ਇਸਤੇਮਾਲ ਨੂੰ ਸੁਰੱਖਿਅਤ ਰੱਖਦਾ ਹੈ, ਸਗੋਂ ਇਹ ਕਿਹਾ ਕਿ ਉਹ ਅਧਿਕਾਰ ਦੀ ਵਰਤੋਂ ਕਰੇਗਾ। ਇਸਦਾ ਮਤਲਬ ਹੈ ਕਿ ਪਾਕਿਸਤਾਨ ਛੇਤੀਂ ਇਨ੍ਹਾਂ ਸਾਰੇ ਸਮਝੌਤਿਆਂ ਨੂੰ ਜ਼ਰੂਰ ਰੱਦ ਕਰ ਸਕਦਾ ਹੈ।
ਦੋਵੇਂ ਦੇਸ਼ਾਂ ਵਿਚਾਲੇ ਹੁਣ ਸਿੰਧੂ ਜਲ ਸੰਧੀ ਦੇ ਨਾਲ ਸ਼ਿਮਲਾ ਸਮਝੌਤਾ (Shimla Agreement) ਚਰਚਾ ਹੈ, ਆਓ ਜਾਣਦੇ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਿਮਲਾ ਸਮਝੌਤਾ ਕੀ ਸੀ ਅਤੇ ਇਹ ਕਦੋਂ ਹੋਇਆ ?
ਦਰਅਸਲ, 1971 ਦੀ ਜੰਗ ‘ਚ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ। ਪਾਕਿਸਤਾਨ ਦੋ ਹਿੱਸਿਆਂ ‘ਚ ਵੰਡਿਆ ਗਿਆ, ਇਸ ਦੌਰਾਨ ਬੰਗਲਾਦੇਸ਼ ਹੋਂਦ ‘ਚ ਆਇਆ। ਜੰਗ ਤੋਂ ਲਗਭਗ 16 ਮਹੀਨਿਆਂ ਬਾਅਦ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਮੁਲਾਕਾਤ ਕੀਤੀ ਸੀ। ਜਿਕਰਯੋਗ ਹੈ ਕਿ 1971 ਦੀ ਜੰਗ ਦੌਰਾਨ ਭਾਰਤਨੇ 90 ਹਜ਼ਾਰਪਾਕਿਸਤਾਨੀ ਸੈਨਿਕਾਂ ਨੂੰ ਬੰਦੀ ਬਣਾ ਲਿਆ ਸੀ।
ਇਸ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਸ਼ਿਮਲਾ ‘ਚ 2 ਜੁਲਾਈ 1972 ਨੂੰ ਹੋਈ ਇੱਕ ਬੈਠਕ ‘ਚ ਇੱਕ ਸਮਝੌਤਾ ਹੋਇਆ ਸੀ, ਜਿਸਨੂੰ ਸ਼ਿਮਲਾ ਸਮਝੌਤਾ ਨਾਂ ਦਿੱਤਾ ਗਿਆ। ਇਸ ਸਮਝੌਤੇ ਦਾ ਮੂਲ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣਾ ਸੀ।
ਇਸ ਦੇ ਨਾਲ ਹੀ ਸਾਡੇ ਦੇਸ਼ ਦੇ ਕੁਝ ਸੈਨਿਕਾਂ ਨੂੰ ਵੀ ਪਾਕਿਸਤਾਨ ਨੇ ਬੰਦੀ ਬਣਾ ਲਿਆ ਸੀ। ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜੰਗ ਦੌਰਾਨ ਭਾਰਤ ਨੇ ਪਾਕਿਸਤਾਨੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਸੀ ਅਤੇ ਸਮਝੌਤੇ ਤੋਂ ਬਾਅਦ ਇਸਨੂੰ ਵਾਪਸ ਕਰ ਦਿੱਤਾ ਗਿਆ।
ਜਦੋਂ ਭਾਰਤ ਅਤੇ ਪਕਿਸਤਾਨ ਵਿਚਾਲੇ 1971 ਦੀ ਜੰਗ ਖ਼ਤਮ ਹੋਈ, ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਰੇਖਾ ਨੂੰ ਲਾਈਨ ਆਫ਼ ਕੰਟਰੋਲ (LOC) ‘ਚ ਬਦਲ ਦਿੱਤਾ ਗਿਆ। ਸਮਝੌਤੇ ‘ਚ ਇਹ ਫੈਸਲਾ ਕੀਤਾ ਗਿਆ ਸੀ ਕਿ ਦੋਵਾਂ ਦੇਸ਼ਾਂ ‘ਚੋਂ ਕੋਈ ਵੀ ਇਸ ਲਾਈਨ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ।
ਪਾਕਿਸਤਾਨ ਵੱਲੋਂ ਸੀਜਫ਼ਾਇਰ ਦਾ ਵਾਰ-ਵਾਰ ਉਲੰਘਣ
ਪਾਕਿਸਤਾਨ ਨੇ ਕਈ ਵਾਰ ਸ਼ਿਮਲਾ ਸਮਝੌਤੇ ਦੀ ਉਲੰਘਣਾ ਕੀਤੀ ਹੈ। ਗੁਆਂਢੀ ਦੇਸ਼ ਨੇ ਸਮਝੌਤੇ ‘ਤੇ ਦਸਤਖਤ ਕਰਨ ਦੇ ਬਾਵਜੂਦ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕੀਤਾ। ਪਾਕਿਸਤਾਨ ਹਮੇਸ਼ਾ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਉਠਾਉਂਦਾ ਰਿਹਾ ਹੈ। ਇਸ ਦੇ ਨਾਲ ਹੀ ਉਹ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ।
ਪਾਕਿਸਤਾਨ ਨੇ ਕਿਹਾ ਸੀ ਕਿ ਉਹ ਕਦੇ ਵੀ ਤਾਕਤ ਦੀ ਵਰਤੋਂ ਨਹੀਂ ਕਰੇਗਾ, ਪਰ ਪਾਕਿਸਤਾਨ ਨੇ 1999 ‘ਚ ਕਾਰਗਿਲ ‘ਚ ਘੁਸਪੈਠ ਕੀਤੀ। ਹਾਲਾਂਕਿ, ਇਸ ਵਾਰ ਵੀ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ਿਮਲਾ ਸਮਝੌਤੇ ਦੀਆਂ ਮੁੱਖ ਸ਼ਰਤਾਂ ਅਤੇ ਅਹਿਮ ਨੁਕਤੇ:-
1. ਵਿਵਾਦਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨਾ: ਭਾਰਤ ਅਤੇ ਪਾਕਿਸਤਾਨ ਇਸ ਗੱਲ ‘ਤੇ ਸਹਿਮਤ ਹੋਏ ਕਿ ਦੋਵੇਂ ਦੇਸ਼ ਆਪਣੇ ਸਾਰੇ ਵਿਵਾਦਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨਗੇ। ਯਾਨੀ, ਸੰਯੁਕਤ ਰਾਸ਼ਟਰ, ਸੰਯੁਕਤ ਰਾਜ ਅਮਰੀਕਾ, ਜਾਂ ਕਿਸੇ ਹੋਰ ਬਾਹਰੀ ਸ਼ਕਤੀ ਵਰਗੇ ਕਿਸੇ ਵੀ ਤੀਜੇ ਪੱਖ ਦੁਆਰਾ ਵਿਚੋਲਗੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਭਾਰਤ ਲਈ ਇੱਕ ਕੂਟਨੀਤਕ ਜਿੱਤ ਸੀ, ਕਿਉਂਕਿ ਪਾਕਿਸਤਾਨ ਨੇ ਵਾਰ-ਵਾਰ ਅੰਤਰਰਾਸ਼ਟਰੀ ਮੰਚਾਂ ‘ਤੇ ਕਸ਼ਮੀਰ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।
2. ਤਾਕਤ ਦੀ ਵਰਤੋਂ ਨਹੀਂ ਕਰੇਗਾ: ਦੋਵਾਂ ਦੇਸ਼ਾਂ ਨੇ ਵਾਅਦਾ ਕੀਤਾ ਕਿ ਉਹ ਇੱਕ ਦੂਜੇ ਵਿਰੁੱਧ ਹਿੰਸਾ ਜਾਂ ਫੌਜੀ ਤਾਕਤ ਦੀ ਵਰਤੋਂ ਨਹੀਂ ਕਰਨਗੇ ਅਤੇ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਨ ਤਰੀਕਿਆਂ ਨਾਲ ਹੱਲ ਕਰਨਗੇ।
3. ਲਾਈਨ ਆਫ਼ ਕੰਟਰੋਲ (LoC) ਦੀ ਮੁੜ ਸਥਾਪਨਾ: 1971 ਦੀ ਜੰਗ ਤੋਂ ਬਾਅਦ ਦੀ ਸਥਿਤੀ ਦੇ ਅਨੁਸਾਰ ਇੱਕ ਨਵੀਂ ਕੰਟਰੋਲ ਰੇਖਾ ਨਿਰਧਾਰਤ ਕੀਤੀ ਗਈ ਸੀ, ਜਿਸਨੂੰ ਦੋਵਾਂ ਦੇਸ਼ਾਂ ਨੇ ਮਾਨਤਾ ਦਿੱਤੀ ਸੀ। ਲਾਈਨ ਆਫ਼ ਕੰਟਰੋਲ ਉਹੀ ਕੰਟਰੋਲ ਰੇਖਾ ਹੈ ਜੋ ਅੱਜ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦਾਂ ਨੂੰ ਪਰਿਭਾਸ਼ਿਤ ਕਰਦੀ ਹੈ।
4. ਜੰਗੀ ਕੈਦੀਆਂ ਅਤੇ ਕਬਜ਼ੇ ਵਾਲੀ ਜ਼ਮੀਨ ਦੀ ਵਾਪਸੀ: ਭਾਰਤ ਨੇ ਲਗਭਗ 93,000 ਪਾਕਿਸਤਾਨੀ ਜੰਗੀ ਕੈਦੀਆਂ ਨੂੰ ਬਿਨਾਂ ਕਿਸੇ ਸ਼ਰਤਾਂ ਦੇ ਰਿਹਾਅ ਕਰ ਦਿੱਤਾ ਸੀ। ਜੰਗ ਦੌਰਾਨ ਭਾਰਤ ਨੇ ਜੋ ਜ਼ਮੀਨ ਹਾਸਲ ਕੀਤੀ ਸੀ, ਉਸ ਦਾ ਜ਼ਿਆਦਾਤਰ ਹਿੱਸਾ ਵੀ ਪਾਕਿਸਤਾਨ ਨੂੰ ਵਾਪਸ ਕਰ ਦਿੱਤਾ ਗਿਆ।
ਸ਼ਿਮਲਾ ਸਮਝੌਤੇ ਭਾਰਤ ਦੀ ਕੂਟਨੀਤਕ ਜਿੱਤ
ਸ਼ਿਮਲਾ ਸਮਝੌਤੇ (Shimla Agreement) ਰਾਹੀਂ, ਭਾਰਤ ਨੇ ਕਸ਼ਮੀਰ ਨੂੰ ਦੁਵੱਲਾ ਮੁੱਦਾ ਐਲਾਨਿਆ। ਇਸਦਾ ਮਤਲਬ ਹੈ ਕਿ ਹੁਣ ਪਾਕਿਸਤਾਨ ਸੰਯੁਕਤ ਰਾਸ਼ਟਰ ਜਾਂ ਕਿਸੇ ਤੀਜੇ ਦੇਸ਼ ਤੋਂ ਵਿਚੋਲਗੀ ਦੀ ਉਮੀਦ ਨਹੀਂ ਕਰ ਸਕਦਾ ਸੀ।
ਇੱਕ ਪਾਸੇ ਪਾਕਿਸਤਾਨ ਦੀ ਹਾਰ ਅਤੇ ਉਸਦੇ ਸੈਨਿਕਾਂ ਦਾ ਆਤਮ ਸਮਰਪਣ ਸੀ, ਜਦੋਂ ਕਿ ਦੂਜੇ ਪਾਸੇ ਭਾਰਤ ਦਾ ਪਰਿਪੱਕ ਅਤੇ ਸ਼ਾਂਤੀ-ਪਸੰਦ ਦ੍ਰਿਸ਼ਟੀਕੋਣ ਸੀ। ਇਸ ਨਾਲ ਅੰਤਰਰਾਸ਼ਟਰੀ ਭਾਈਚਾਰੇ ‘ਚ ਭਾਰਤ ਦੀ ਛਵੀ ਹੋਰ ਮਜ਼ਬੂਤ ਹੁੰਦੀ ਹੈ।
Read More: Indus Water Treaty: ਕੀ ਹੈ ਭਾਰਤ-ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ ?