ਚੰਡੀਗੜ੍ਹ, 24 ਅਗਸਤ 2024: ਕ੍ਰਿਕਟ ‘ਚ ਗੱਬਰ ਦੇ ਨਾਂ ਨਾਲ ਮਸ਼ਹੂਰ ਸ਼ਿਖਰ ਧਵਨ (Shikhar Dhawan) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸ਼ਿਖਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਸ 37 ਸਾਲਾ ਖਿਡਾਰੀ ਨੇ ਭਾਰਤ ਲਈ 2010 ਵਿੱਚ ਡੈਬਿਊ ਕੀਤਾ ਸੀ। ਸ਼ਿਖਰ ਨੇ ਆਪਣੇ 13 ਸਾਲਾਂ ਦੇ ਕਰੀਅਰ ‘ਚ 34 ਟੈਸਟ, 167 ਵਨਡੇ ਅਤੇ 68 ਟੀ-20 ਮੈਚਾਂ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਆਪਣੇ ਸੰਨਿਆਸ ਸੰਬੰਧੀ ਸ਼ਿਖਰ ਧਵਨ (Shikhar Dhawan) ਨੇ ਇੱਕ ਭਾਵੁਕ ਸੰਦੇਸ਼ ਦਿੱਤਾ, ਉਨ੍ਹਾਂ ਕਿਹਾ ਕਿ ਮੈਂ ਉਸ ਮੋੜ ‘ਤੇ ਖੜ੍ਹਾ ਹਾਂ ਜਿੱਥੋਂ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਸਾਰੀਆਂ ਯਾਦਾਂ ਨਜ਼ਰ ਆਉਂਦੀਆਂ ਹਨ ਅਤੇ ਜਦੋਂ ਮੈਂ ਅੱਗੇ ਦੇਖਦਾ ਹਾਂ ਤਾਂ ਮੈਨੂੰ ਪੂਰੀ ਦੁਨੀਆ ਦਿਖਾਈ ਦਿੰਦੀ ਹੈ।
ਭਾਰਤ ਲਈ ਖੇਡਣਾ ਮੇਰੀ ਮੰਜ਼ਿਲ ਸੀ ਅਤੇ ਇਹ ਹੋਇਆ। ਇਸ ਦੇ ਲਈ ਮੈਂ ਸਾਰੇ ਲੋਕਾਂ, ਮੇਰੇ ਪਰਿਵਾਰ, ਮੇਰੇ ਬਚਪਨ ਦੇ ਕੋਚ ਤਾਰਿਕ ਸਿਨਹਾ, ਮਦਨ ਸ਼ਰਮਾ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਦੇ ਅਧੀਨ ਮੈਂ ਕ੍ਰਿਕਟ ਸਿੱਖਿਆ ਹੈ। ਮੈਂ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਰਿਹਾ ਹਾਂ।
ਹੁਣ ਜਦੋਂ ਮੈਂ ਇਸ ਕ੍ਰਿਕਟ ਸਫ਼ਰ ਨੂੰ ਅਲਵਿਦਾ ਕਹਿ ਰਿਹਾ ਹਾਂ ਤਾਂ ਮੇਰੇ ਦਿਲ ‘ਚ ਸ਼ਾਂਤੀ ਹੈ ਕਿ ਮੈਂ ਲੰਬੇ ਸਮੇਂ ਤੱਕ ਦੇਸ਼ ਲਈ ਖੇਡਿਆ। ਮੈਂ BCCI ਅਤੇ DDCA ਦਾ ਮੇਰੇ ‘ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਨਾ ਚਾਹਾਂਗਾ। ਮੈਂ ਆਪਣੇ ਆਪ ਨੂੰ ਸਿਰਫ ਇਹੀ ਕਹਾਂਗਾ ਕਿ ਤੁਹਾਨੂੰ ਇਸ ਗੱਲ ਦਾ ਉਦਾਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਹੁਣ ਦੇਸ਼ ਲਈ ਨਹੀਂ ਖੇਡੋਗੇ, ਪਰ ਖੁਸ਼ ਰਹੋ ਕਿ ਤੁਸੀਂ ਦੇਸ਼ ਲਈ ਬਹੁਤ ਖੇਡੇ।