Bram Shanker Jimpa

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ 16 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ ‘ਚੋਂ 98 ਫੀਸਦੀ ਦਾ ਨਿਪਟਾਰਾ: ਬ੍ਰਮ ਸ਼ੰਕਰ ਜਿੰਪਾ

ਚੰਡੀਗੜ੍ਹ, 21 ਜੁਲਾਈ 2023: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Bram Shanker Jimpa) ਨੇ ਜਾਣਕਾਰੀ ਦਿੱਤੀ ਹੈ ਕਿ ਵਿਭਾਗ ‘ਚ 16 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ ‘ਚੋਂ 98 ਫੀਸਦੀ ਤੋਂ ਵੀ ਜ਼ਿਆਦਾ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ ‘ਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਮਕਸਦ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੂਰੀ ਸਿਦਕ ਅਤੇ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸਾਫ-ਸੁਥਰਾ ਅਤੇ ਕੂੜਾ ਮੁਕਤ ਰੱਖਣ ਲਈ ਵੀ ਬਹੁਤ ਸਾਰੀਆਂ ਯੋਜਵਾਨਾਂ ਉੱਤੇ ਕੰਮ ਹੋ ਰਿਹਾ ਹੈ।

ਜਿੰਪਾ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਟੋਲ ਫਰੀ ਨੰਬਰ 1800-180-2468 ਉੱਤੇ ਜੇਕਰ ਕਿਸੇ ਪਿੰਡ ਵਾਸੀ ਜਾਂ ਪੰਚਾਇਤ ਵੱਲੋਂ ਪਾਣੀ ਸਪਲਾਈ, ਆਰ.ਓ. ਪਲਾਂਟ, ਸੀਵਰੇਜ ਜਾਂ ਨਿੱਜੀ ਪਖਾਨਿਆਂ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਦਾ ਹੱਲ ਸਬੰਧਤ ਅਧਿਕਾਰੀ ਵੱਲੋਂ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਨੰਬਰ ਉੱਤੇ 16 ਮਾਰਚ 2022 ਤੋਂ ਲੈ ਕੇ 18 ਜੁਲਾਈ 2023 ਤੱਕ 24 ਹਜ਼ਾਰ 277 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 23 ਹਜ਼ਾਰ 918 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਇਹ ਦਰ 98.52 ਫੀਸਦੀ ਬਣਦੀ ਹੈ।

ਉਨ੍ਹਾਂ (Bram Shanker Jimpa) ਦੱਸਿਆ ਕਿ ਸ਼ਿਕਾਇਤ ਦਾ ਨਿਪਟਾਰਾ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ ਅਤੇ ਜੇਕਰ ਉਹ ਸ਼ਿਕਾਇਤ ਦੇ ਹੱਲ ਤੋਂ ਸੰਤੁਸ਼ਟ ਨਹੀਂ ਤਾਂ ਉਸ ਦੀ ਸ਼ਿਕਾਇਤ ‘ਤੇ ਦੋਬਾਰਾ ਯੋਗ ਕਾਰਵਾਈ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪਿੰਡ ਵਾਸੀਆਂ ਨੂੰ ਸਾਫ ਪੀਣਯੋਗ ਪਾਣੀ ਅਤੇ ਢੁਕਵੇਂ ਸੀਵਰੇਜ ਦੀ ਸਹੂਲਤ ਦੇਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੇ ਯਤਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਦੇ ਬਾਵਜੂਦ ਪ੍ਰਭਾਵਿਤ ਲੋਕਾਂ ਤੱਕ ਬਦਲਵੇਂ ਪ੍ਰਬੰਧਾਂ ਰਾਹੀਂ ਸਾਫ ਪੀਣਯੋਗ ਪਾਣੀ ਦੀ ਵਿਵਸਥਾ ਕੀਤੀ ਗਈ ਅਤੇ ਜਿਹੜੀਆਂ ਜਲ ਸਪਲਾਈ ਸਕੀਮਾਂ ਇਸ ਦੌਰਾਨ ਪ੍ਰਭਾਵਿਤ ਹੋਈਆਂ ਸਨ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਰਿਪੇਅਰ ਕਰਕੇ ਕਾਰਜਸ਼ੀਲ ਕਰ ਦਿੱਤੀਆਂ ਗਈਆਂ ਹਨ।

ਜਿੰਪਾ ਨੇ ਅਪੀਲ ਕੀਤੀ ਕਿ ਕੋਈ ਵੀ ਪਿੰਡ ਵਾਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਜਾਂ ਸੁਝਾਅ ਸਬੰਧੀ ਆਪਣੇ ਵਿਚਾਰ ਬਿਨਾਂ ਕਿਸੇ ਝਿਜਕ ਦੇ ਪੇਸ਼ ਕਰੇ। ਇਸ ਦਾ ਹੱਲ ਕੱਢਣ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਜੀਵਨ ਪੱਧਰ ਉੱਚਾ ਚੁੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

Scroll to Top