Shashi Tharoor

ਡੋਨਾਲਡ ਟਰੰਪ ਦੇ ਦਾਅਵੇ ‘ਤੇ ਸ਼ਸ਼ੀ ਥਰੂਰ ਦਾ ਜਵਾਬ, “ਸਾਨੂੰ ਕਿਸੇ ਨੂੰ ਮਨਾਉਣ ਦੀ ਜ਼ਰੂਰਤ ਨਹੀਂ”

ਬ੍ਰਾਜ਼ੀਲ, 03 ਜੂਨ 2025: ਆਪ੍ਰੇਸ਼ਨ ਸੰਧੂਰ ‘ਤੇ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰ ਰਹੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor) ਨੇ ਭਾਰਤ-ਪਾਕਿਸਤਾਨ ਜੰਗਬੰਦੀ ‘ਚ ਕਿਸੇ ਵੀ ਤੀਜੀ ਧਿਰ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ | ਉਨ੍ਹਾਂ ਕਿਹਾ ਹੈ ਕਿ ਜੰਗਬੰਦੀ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਹੋਈ ਹੈ। ਸ਼ਸ਼ੀ ਥਰੂਰ ਦੀ ਅਗਵਾਈ ਵਾਲਾ ਸਰਬ-ਪਾਰਟੀ ਵਫ਼ਦ ਇਸ ਸਮੇਂ ਬ੍ਰਾਜ਼ੀਲ ‘ਚ ਹੈ ਅਤੇ ਬ੍ਰਾਜ਼ੀਲ ਤੋਂ ਅਮਰੀਕਾ ਲਈ ਰਵਾਨਾ ਹੋਵੇਗਾ। ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਰ-ਵਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਈ ਵਿਚੋਲਗੀ ਕੀਤੀ ਸੀ।

ਬ੍ਰਾਜ਼ੀਲ ‘ਚ ਸ਼ਸ਼ੀ ਥਰੂਰ (Shashi Tharoor) ਨੇ ਕਿਹਾ ਕਿ ‘ਅਸੀਂ ਅਮਰੀਕੀ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਅਸੀਂ ਉਸੇ ਸਤਿਕਾਰ ਨੂੰ ਧਿਆਨ ‘ਚ ਰੱਖਦੇ ਹੋਏ ਗੱਲ ਕਰਾਂਗੇ, ਪਰ ਮੋਟੇ ਤੌਰ ‘ਤੇ, ਸਾਡੀ ਸਮਝ ਥੋੜ੍ਹੀ ਵੱਖਰੀ ਹੈ। ਸਾਨੂੰ ਕਿਸੇ ਨੂੰ ਰੋਕਣ ਲਈ ਮਨਾਉਣ ਦੀ ਜ਼ਰੂਰਤ ਨਹੀਂ ਸੀ। ਅਸੀਂ ਪਹਿਲਾਂ ਹੀ ਰੁਕਣ ਲਈ ਕਿਹਾ ਦਿੱਤਾ ਸੀ।

ਜੇਕਰ ਕਿਸੇ ਨੂੰ ਅਮਰੀਕੀ ਰਾਸ਼ਟਰਪਤੀ ਜਾਂ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਮਨਾਉਣ ਦੀ ਜ਼ਰੂਰਤ ਸੀ, ਤਾਂ ਇਹ ਪਾਕਿਸਤਾਨੀਆਂ ਨੂੰ ਮਨਾਉਣ ਲਈ ਸੀ। ਉਨ੍ਹਾਂ ਨੂੰ ਮਨਾਉਣਾ ਪਵੇਗਾ। ਸਾਨੂੰ ਮਨਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਜੰਗ ਨਹੀਂ ਚਾਹੁੰਦੇ। ਅਸੀਂ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ। ਇਹ ਮੂਲ ਸੰਦੇਸ਼ ਹੈ।’

ਥਰੂਰ ਨੇ ਕਿਹਾ ਕਿ ‘ਅਸੀਂ 7 ਮਈ ਦੀ ਸ਼ੁਰੂਆਤ ਤੋਂ ਵਾਰ-ਵਾਰ ਕਿਹਾ ਸੀ ਕਿ ਸਾਨੂੰ ਟਕਰਾਅ ਨੂੰ ਲੰਮਾ ਕਰਨ ‘ਚ ਕੋਈ ਦਿਲਚਸਪੀ ਨਹੀਂ ਹੈ। ਇਹ ਕਿਸੇ ਵੀ ਤਰ੍ਹਾਂ ਦੀ ਜੰਗ ਦੀ ਸ਼ੁਰੂਆਤ ਨਹੀਂ ਹੈ। ਇਹ ਸਿਰਫ਼ ਅੱ.ਤ.ਵਾ.ਦੀਆਂ ਵਿਰੁੱਧ ਬਦਲਾ ਹੈ, ਬੱਸ ਇੰਨਾ ਹੀ। ਜੇਕਰ ਪਾਕਿਸਤਾਨ ਨੇ ਪ੍ਰਤੀਕਿਰਿਆ ਨਾ ਦਿੱਤੀ ਹੁੰਦੀ, ਤਾਂ ਅਸੀਂ ਵੀ ਪ੍ਰਤੀਕਿਰਿਆ ਨਾ ਦਿੰਦੇ।’

ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਉਹ ਹੀ ਉਹ ਵਿਅਕਤੀ ਸੀ ਜਿਸਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕੀਤੀ ਸੀ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਬਾਰੇ ਜਾਣਕਾਰੀ ਦੇਣ ਵਾਲੇ ਪਹਿਲੇ ਵਿਅਕਤੀ ਸਨ। ਹਾਲਾਂਕਿ, ਭਾਰਤ ਨੇ ਟਰੰਪ ਦੇ ਦਾਅਵੇ ਨੂੰ ਰੱਦ ਕਰ ਦਿੱਤਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤੀ ਹਮਰੁਤਬਾ ਨੂੰ ਫ਼ੋਨ ਕੀਤਾ ਸੀ ਅਤੇ ਜੰਗਬੰਦੀ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਜੰਗਬੰਦੀ ਹੋਈ।

Read More: ਕਾਂਗਰਸੀ ਆਗੂਆਂ ਦੀ ਆਲੋਚਨਾ ‘ਤੇ ਭੜਕੇ ਸ਼ਸ਼ੀ ਥਰੂਰ, ਕਿਹਾ-“ਮੇਰੇ ਕੋਲ ਕਰਨ ਲਈ ਬਿਹਤਰ ਚੀਜ਼ਾਂ”

Scroll to Top