ਚੰਡੀਗੜ੍ਹ, 16 ਫਰਵਰੀ 2023: ਪਾਕਿਸਤਾਨ ਤੋਂ ਆਗਾਮੀ ਏਸ਼ੀਆ ਕੱਪ ਦੀ ਮੇਜ਼ਬਾਨੀ ਖੋਹੀ ਜਾ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ ਸੀ ਕਿ ਏਸ਼ੀਆ ਕੱਪ ਇਸ ਵਾਰ ਨਿਰਪੱਖ ਮੈਦਾਨ ‘ਤੇ ਖੇਡਿਆ ਜਾਵੇਗਾ। ਪਾਕਿਸਤਾਨ ਇਸ ਨੂੰ ਲੈ ਕੇ ਨਾਖੁਸ਼ ਹੈ। ਇਸ ਬਾਰੇ ਅਗਲੇ ਮਹੀਨੇ ਅੰਤਿਮ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ (Shahid Afridi) ਨੇ ਵੱਡਾ ਬਿਆਨ ਦਿੱਤਾ ਹੈ।
ਪਾਕਿਸਤਾਨ ਦੇ ਕੁਝ ਸਾਬਕਾ ਖਿਡਾਰੀਆਂ ਅਤੇ ਕ੍ਰਿਕਟ ਮਾਹਰਾਂ ਨੇ ਕਿਹਾ ਹੈ ਕਿ ਪੀਸੀਬੀ ਨੂੰ ਇਸ ਮਾਮਲੇ ਨੂੰ ਲੈ ਕੇ ਆਈਸੀਸੀ ਕੋਲ ਜਾਣਾ ਚਾਹੀਦਾ ਹੈ। ਆਈਸੀਸੀ ਨੂੰ ਇਸ ਮਾਮਲੇ ਵਿੱਚ ਕੁਝ ਕਰਨਾ ਚਾਹੀਦਾ ਹੈ। ਹੁਣ ਅਫਰੀਦੀ ਨੇ ਕਿਹਾ ਹੈ ਕਿ ਬੀਸੀਸੀਆਈ ਦੇ ਸਾਹਮਣੇ ਆਈਸੀਸੀ ਵੀ ਕੁਝ ਨਹੀਂ ਕਰ ਸਕੇਗੀ।
ਸ਼ਾਹਿਦ ਅਫਰੀਦੀ (Shahid Afridi) ਨੇ ਅੱਗੇ ਕਿਹਾ, ”ਇਸ ਮਾਮਲੇ ‘ਚ ਆਈਸੀਸੀ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਮੈਂ ਇੰਨਾ ਕਹਿ ਸਕਦਾ ਹਾਂ ਕਿ ਬੀਸੀਸੀਆਈ ਦੇ ਸਾਹਮਣੇ ਆਈਸੀਸੀ ਵੀ ਕੁਝ ਨਹੀਂ ਕਰ ਸਕਦੀ।ਅਫਰੀਦੀ ਨੇ ਕਿਹਾ ਕਿ ਬੀਸੀਸੀਆਈ ਅਜਿਹਾ ਕਰ ਸਕਦਾ ਹੈ ਕਿਉਂਕਿ ਉਸ ਨੇ ਆਪਣੇ ਆਪ ਨੂੰ ਬਹੁਤ ਮਜ਼ਬੂਤ ਬਣਾਇਆ ਹੈ।
ਪੀਸੀਬੀ ‘ਤੇ ਚੁਟਕੀ ਲੈਂਦਿਆਂ ਅਫਰੀਦੀ ਨੇ ਕਿਹਾ, “ਜੇਕਰ ਕੋਈ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਵਿੱਚ ਅਸਮਰਥ ਹੈ, ਤਾਂ ਉਸ ਲਈ ਅਜਿਹਾ ਸਖ਼ਤ ਫੈਸਲਾ ਲੈਣਾ ਆਸਾਨ ਨਹੀਂ ਹੈ।” ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਹਨ। ਜੇਕਰ ਭਾਰਤ ਅੱਖਾਂ ਦਿਖਾ ਰਿਹਾ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਉਸ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਹੈ।