ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute
ਸਾਖੀ ਸਰਹੰਦ ਕੀ – ਭਾਗ 5 (ਅ) ਆਖ਼ਰੀ ਕਿਸ਼ਤ
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ
ਚਾਰ ਮੂਏ ਤੋ ਕਯਾ ਭਇਆ ਜੀਵਤ ਕਈ ਹਜ਼ਾਰ
~ ਅੱਲ੍ਹਾ ਯਾਰ ਖਾਂ ਯੋਗੀ, ਸ਼ਹੀਦਾਨੇ ਵਫ਼ਾ
ਮਹਿਸੂਸ ਕਰੋ, ਇਸ ਧਰਤੀ ਦਾ ਜ਼ਰਾ ਜ਼ਰਾ
ਸ਼ਹੀਦਾਂ ਨੇ ਇੱਥੇ ਲਹੂ ਨਾਲ ਜਿਹੜੀਆਂ ਇਬਾਰਤਾਂ ਲਿਖੀਆਂ ਨੇ ਉਹ ਸਾਡੇ ਦਿਲਾਂ ਨੂੰ ਭੇਜੇ ਸੁਨੇਹੇ ਹੀ ਤਾਂ ਨੇ।ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੇ ਆਪਣੀਆਂ ਸ਼ਹੀਦੀਆਂ ਪਾ ਸਿੰਘਾਂ ਨੂੰ ਜੋ ਸਾਖੀ ਪ੍ਰਦਾਨ ਕੀਤੀ ਇਹ ਗੁੜ੍ਹਤੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਤਾਂ ਮੁੱਢੋਂ ਦਿੱਤੀ ਸੀ –
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਹ ਸੰਗਤ ਜੋ ਸਰਹਿੰਦ ਦੀ ਧਰਤੀ ‘ਤੇ ਆਉਂਦੀ ਹੈ।ਇਹ ਮਾਣ ਨਾਲ ਆਉਂਦੇ ਨੇ ਕਿਉਂ ਕਿ ਸਾਡੇ ਬਾਬੇ ਕਿਰਦਾਰਾਂ ਵਾਲਾ ਸਨ।
ਅਗੰਮੀ ਸ਼ਕਤੀ ਦੇ ਮਾਲਕ,
ਸ਼ਸ਼ਤਰ ਵਾਲੇ
ਜੂਝਣ ਵਾਲੇ
ਸਿੱਖੀ ਸਿਦਕ ਨੂੰ ਨਿਭਾਉਣ ਵਾਲੇ
ਬੰਦ ਬੰਦ ਕਟਵਾਉਣ ਵਾਲੇ
ਮਾਤਾ ਗੁਜਰੀ ਦੇ ਲਾਲ
ਨਿੱਕੇ ਸਾਹਿਬਜ਼ਾਦੇ
ਆਨੰਦਪੁਰ ਸਾਹਿਬ ਦੀ ਧਰਤੀ ਦੀ ਪੈਦਾਇਸ਼
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ
ਪੋਹ ਦੇ ਮਹੀਨੇ ਅਤਿ ਦੀ ਸਰਦੀ ‘ਚ ਸ਼ਹਾਦਤ ਦੀ ਤਪਸ਼ ਹੈ।ਇਹ ਨਿੱਘ ਡੁੱਲੇ ਲਹੂਆਂ ਦਾ ਹੈ।ਜੋ ਜ਼ੁਲਮ ਤੇ ਜਬਰ ਖਿਲਾਫ ਡਟੇ।ਅੱਜ ਤੋਂ ਪੰਜ ਰਾਤਾਂ ਪਹਿਲਾਂ ਆਨੰਦਪੁਰ ਸਾਹਿਬ ਮੁਗਲਾਂ ਤੇ ਪਹਾੜੀ ਹਿੰਦੂ ਰਾਜਿਆਂ ਨੇ ਬੜੇ ਗਰੂਰ ਨਾਲ ਘੇਰਾ ਪਾਇਆ ਸੀ। ਯਾਦ ਰਹੇ ਉਹਨਾਂ ਗਊ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆ।ਫਿਰ ਦਗਾ ਕਮਾਇਆ।
ਧਰਮੀ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਾਡੇ ਬਜ਼ੁਰਗਾਂ ਦੀ ਸਿਫਤ ‘ਚ ਹੁੰਦਾ ਸੀ ਕਿ ਬੰਦੇ ਬੜੇ ਧਰਮੀ ਨੇ। ਪਰ ਮੁਗਲੀਆ ਫੌਜ ਤੇ ਪਹਾੜੀ ਰਾਜੇ ਧਰਮੀ ਨਾ ਨਿਕਲੇ।
ਕੀ ਫਰਕ ਪੈਂਦਾ ਹੈ ?
ਕਸਮਾਂ ਟੁੱਟੀਆਂ,ਰਸੌਈਆ ਗੰਗੂ ਬਾਹਮਣ ਲਾਲਚੀ ਨਿਕਲਿਆ,ਸੁੱਚਾ ਨੰਦ ਵਜ਼ੀਰ ਖਾਨ ਵਹਿਸ਼ੀ ਨਿਕਲੇ
ਇਤਿਹਾਸ ਨੇ ਅਖੀਰ ਇੱਜ਼ਤਾਂ ਬਖਸ਼ੀਆ ਨਿਹੰਗ ਖਾਨ ਪਠਾਨ ਨੂੰ,
ਸਾਡੇ ਦਿਲਾਂ ‘ਤੇ ਉਕਰੇ ਨੇ ਉਹ ਸਾਰੇ ਜੁਝਾਰੂ ਸਿੰਘ
ਬਾਬਾ ਕੁੰਮਾ ਮਾਸ਼ਕੀ,
ਮਾਤਾ ਲਛਮੀ ਬਾਹਮਣੀ,
ਬਾਬਾ ਮੋਤੀ ਮਹਿਰਾ,
ਦੀਵਾਨ ਟੋਡਰ ਮੱਲ,
ਨਵਾਬ ਮਲੇਰਕੋਟਲਾ,
ਗਨੀ ਖਾਨ ਨਬੀ ਖਾਨ
ਧਰਮ ਦਾ ਸਿਰਨਾਵਾਂ ਇਹੋ ਹੁੰਦਾ ਹੈ।
ਸਮਰਪਣ ਅਤੇ ਕਿਰਦਾਰ
ਲੰਗਰ ਛਕਾਉਂਦੀ,ਸੇਵਾ ਕਰਦੀ,ਮੱਥਾ ਟੇਕਦੀ ਸ਼ਹੀਦਾਂ ਦੀ ਧਰਤੀ ‘ਤੇ ਆਈ ਇਹ ਸੰਗਤ ਧਰਮ ਦੇ ਇਸੇ ਮੂਲ ਨਾਲ ਜੁੜਣ ਪਹੁੰਚਦੀ ਹੈ
ਏਥੇ ਪੋਹ ਮਹੀਨੇ ਸੂਬਿਆ
ਵਰਤਣਗੇ ਦੇਗ ਕੜਾਹ
ਫੁੱਲ ਖਿੜੇ ਰਹਿਣੇ ਦਸ਼ਮੇਸ਼ ਦੇ
ਜਿੰਨਾਂ ਧੁਰੋਂ ਸ਼ਹੀਦੀ ਚਾਅ
ਇਹ ਨੂਰ ਨਹੀਂ ਮਿਟਣੇ ਜੱਗ ਤੋਂ
ਰਿਹਾਂ ਨੀਹਾਂ ਵਿੱਚ ਚਿਣਾ
– ਦਵਿੰਦਰ ਸਿੰਘ ਰਾਉਂਕੇ
ਭਾਈ ਠਾਕਰ ਸਿੰਘ ਗਿਆਨੀ ਪੰਥ ਦੇ ਵੱਡੇ ਵਿਦਵਾਨ ਸਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੰਡਿਆਲੇ ਦੇ ਵਾਸੀ ਭਾਈ ਠਾਕਰ ਸਿੰਘ ਗਿਆਨੀ ਜੀ ਹੁਣਾਂ ਅੰਮ੍ਰਿਤ ਸੰਚਾਰ ਦੀ ਵਹੀਰਾਂ ਨਾਲ ਕੌਮ ਵਿੱਚ ਗੁਰੂ ਚਾਅ ਪੈਦਾ ਕੀਤਾ।1888 ਈਸਵੀ ਤੋਂ ਇਹ ਭਾਈ ਠਾਕਰ ਸਿੰਘ ਗਿਆਨੀ ਅਤੇ ਨਾਲ ਜੁੜੇ ਸਿੰਘਾਂ ਦਾ ਫੁਰਨਾ ਸੀ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਲਗਾਉਣੀ ਚਾਹੀਦੀ ਹੈ।
ਭਾਈ ਠਾਕਰ ਸਿੰਘ ਚੀਫ ਖਾਲਸਾ ਦੀਵਾਨ ਦੇ ਮੋਢੀ ਮੈਂਬਰ ਸਨ ਅਤੇ ਅੰਮ੍ਰਿਤਸਰ ਵਿਖੇ ਉਹਨਾਂ ਭਾਈ ਮਨੀ ਸਿੰਘ ਗ੍ਰੰਥੀ ਅਤੇ ਸ਼ਹੀਦ ਆਸ਼ਰਮ ਨਾਂ ਦੀ ਸੰਸਥਾ ਕਾਇਮ ਕੀਤੀ ਸੀ।
ਉਹਨਾਂ ਦੀ ਹੀ ਲਿਖੀ ਕਿਤਾਬ ਸ੍ਰੀ ਗੁਰਦੁਆਰੇ ਦਰਸ਼ਨ ਗੁਰਧਾਮਾਂ ਬਾਰੇ ਜਾਣਕਾਰੀ ਦਿੰਦੀ ਹੈ।1923 ‘ਚ ਛਪੀ ਸ੍ਰੀ ਗੁਰਦੁਆਰੇ ਦਰਸ਼ਨ ਕਿਤਾਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਬਾਰੇ ਵੀ ਜ਼ਿਕਰ ਕਰਦੀ ਹੈ।
ਸਰਹਿੰਦ ਦੀਆਂ ਇੱਟਾਂ ਨਾਲ ਸਾਡਾ ਰਿਸ਼ਤਾ ਸਦਾ ਰਹਿਣਾ ਹੈ। ਇਹ ਸਰਹਿੰਦ ਮਾਰੀ ਰੂਪ ਵਿੱਚ ਦੁਸ਼ਮਨੀ ਦਾ ਵੀ ਹੈ ਅਤੇ ਬਾਬਿਆਂ ਨੂੰ ਯਾਦ ਕਰਦਿਆਂ ਨੀਹਾਂ ਦਾ ਬਿਰਤਾਂਤ ਵੀ ਹੈ।
ਆਰਟਿਸਟ ਪ੍ਰੇਮ ਸਿੰਘ ਨੇ ਸਰਹਿੰਦ ਦਰਸ਼ਨ ਕੀਤੇ ਤਾਂ ਉਹਨਾਂ ਇੱਟਾਂ ਦੀ ਤਸਵੀਰ ਘੜੀ। ਇੱਥੋਂ ਦੀਆਂ ਇੱਟਾਂ ‘ਚ ਸ਼ਹੀਦਾਂ ਦਾ ਲਹੂ ਹੈ।
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਨੀਹਾਂ ‘ਚ ਚਿਣੇ।ਸਰਹਿੰਦ ਦੀਆਂ ਇੱਟਾਂ ‘ਚ ਸ਼ਹੀਦੀਆਂ ਨੇ ਜਿਹੜੀਆਂ ਨੀਹਾਂ ਉਸਾਰੀਆ ਉਹਨਾਂ ਦੀ ਗੁੜ੍ਹਤੀ ਨਿੱਕੇ ਹੁੰਦਿਆਂ ਸਿੰਘਾਂ ਨੇ ਕਿੰਝ ਲਈ ਹੈ ਇਹ ਸਾਖੀਆਂ ਹੀ ਦੱਸਦੀਆਂ ਨੇ
ਪੁਰਾਤਨ ਸਮੇਂ ਵਿਚ ਜਦੋਂ ਵੀ ਸਿੰਘ ਸਰਹਿੰਦ ਆਉਂਦੇ ਤਾਂ ਸ਼ਹੀਦੀ ਅਸਥਾਨ ‘ਤੇ ਦੀਦਾਰ ਕਰਨ ਵੇਲੇ ਪੰਜ ਇੱਟਾਂ ਤੋੜਕੇ ਆਉਂਦੇ।ਦੂਰੋਂ ਆਏ ਸਿੱਖ ਕੁਝ ਇੱਟਾਂ ਨਾਲ ਲਿਆਕੇ ਕਿਸੇ ਮਾੜੇ ਥਾਂ ਜਾਂ ਦਰਿਆ ਵਿਚ ਸੁੱਟ ਦਿੰਦੇ।
1837 ਈਸਵੀ ਨੂੰ ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ ਨੇ ਸਰਹਿੰਦ ਦੇ ਖੰਡਰਾਂ ਦੇ ਮਲਬੇ ਨੂੰ ਨਾਰਥ ਵੈਸਟਰਨ ਰੇਲਵੇ ਕੰਪਨੀ ਨੂੰ ਵੇਚ ਦਿੱਤਾ।
ਜੜ੍ਹ ਸਰੰਦ ਕੀ ਪੁਟੀ ਜੈਹੈ। ਈਟ ਜਾਇ ਸਤਲੁਜ ਮੈ ਪੈਹੈ
ਯਹ ਗੁਰ ਬਚਨ ਸਾਚ ਸਭ ਭਯੋ।ਔਰ ਪ੍ਰਸੰਗ ਸੁਨੋ ਇਕ ਨਯੋ
ਸਾਲ ਉਨੀਸੈ ਚੌਬੀ ਮਾਹੀ। ਚਲੀ ਰੇਲ ਗਾਡੀ ਜਬ ਯਾਹੀ
ਸ੍ਰੀ ਮਹੇਂਦਰ ਮ੍ਰਿਗੇਸ ਪਟਲੇਸੈ।ਪਟਵਾਰੀ ਸਰਹੰਦ ਵਿਸੈਸੈ
ਅਗ੍ਰੇਜਨ ਕੋ ਠੇਕੇ ਦਈ। ਈਟੈ ਪਾਰ ਸਤਲੁਜੈ ਗਈ
ਯਾ ਬਿਧਿ ਜਯੋਂ ਤਯੋਂ ਕਰੁ ਗੁਰੁ ਬੈਨਾ। ਭਏ ਸੱਤ ਹਮ ਨਿਰਖੇ ਨੈਨਾ
ਭਚਨ ਗੁਰੂ ਕੇ ਪੰਥ ਕਮਾਏ । ਜੜ੍ਹ ਸਰੰਦ ਕੀ ਦਈ ਗਵਾਏ
– ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼
ਕੋਤਵਾਲੀ ਮੋਰਿੰਡਿਓ ਗ੍ਰਿਫਤਾਰ ਕਰਕੇ ਤੁਰਦਿਆਂ ਮੁਗਲ ਹਕੂਮਤ ਦਾ ਚਾਅ ਉਸ ਦਿਨ ਵੇਖਦਿਆਂ ਬਣਿਆਂ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਦਾ ਰੌਸ਼ਨ ਜਲਾਲ ਸ਼ਹੀਦਾਂ ਦਾ ਸਿੰਜਿਆ ਹੁਸਨ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪੰਜਵੀ ਜੋਤ ਵਿੱਚ ਸ਼ਹੀਦੀਆਂ ਪਾਈਆਂ। ਆਪਣੇ ਨੋਵੇਂ ਜਾਮੇ ਵਿੱਚ ਦਿੱਲੀ ਨੂੰ ਤਰੇਲੀਆਂ ਲਿਆ ਦਿੱਤੀਆਂ ਸਨ।ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪਾਤਸ਼ਾਹੀ ਜੋਤ ਨੇ ਖਾਲਸੇ ਦੀ ਸਾਜਨਾ ਕੀਤੀ।
ਬੁਨਿਆਦ ਇਹੋ ਹੁੰਦੀ ਹੈ। ਨਾਦਾਨ ਦਿਲਾਂ ਦੇ ਵਿਰਲਾਪ ਹੋ ਸਕਦੇ ਹਨ ਪਰ ਪਾਤਸ਼ਾਹ ਦੇ ਲਾਲਾਂ ਨੇ ਸਰਹਿੰਦਾਂ ਦੀਆਂ ਨੀਹਾਂ ‘ਚ ਸ਼ਹੀਦੀਆਂ ਦਾ ਰੰਗ ਚਾੜ੍ਹਿਆ ਹੈ।
ਪੰਡਤ ਤਾਰਾ ਸਿੰਘ ਨਰੋਤਮ ਦਾ ਜ਼ਿਕਰ ਹੈ ਕਿ
ਸੰਮਤ 1762 ਮੇਂ ਨੌਂ ਬਰਸ ਕੀ ਅਵਸਥਾ ਮੇਂ ਜੋਰਾਵਰ ਸਿੰਘ ਜੀ ਔਰ ਸਾਤ ਬਰਸ ਕੀ ਅਵਸਥਾ ਮੇਂ ਫਤਹ ਸਿੰਘ ਜੀ ਸੂਬੇ ਵਜ਼ੀਰ ਖਾਨ ਨੇ ਕਤਲ ਕਰਵਾਏ।
॥ ਪੋਹ ਪ੍ਰਵਿਸ਼ਟੇ ॥
ਤੀਨ ਕੋ ਮੰਗਲਵਾਰ,ਸਵਾ ਪਹਿਰ ਦਿਨ ਚੜ੍ਹੇ ਕਿਲੇ ਕੀ ਨੀਂਵ ਮੇਂ ਚਿਣਾਏ। ਉਹੀ ਜਗ੍ਹਾ ਗੁਰਦੁਆਰਾ ਫਤਹਗੜ੍ਹ ਬਣਾ ਹੈ।
ਗੁਰੂ ਜੀ ਕੇ ਸਮੇਂ ਮੇਂ ਹੀ ਬੰਦੇ ਕੇ ਹਾਥ ਸੇ ਯੇਹ ਸ਼ਹਿਰ ਐਸਾ ਉਜੜਾ ਜੋ ਪ੍ਰਲੈ ਪ੍ਰਯੰਤ ਬੈਸਾ ਨਹੀਂ ਬਣੇਗਾ।
ਅਰ ਅੰਗਰੇਜ਼ੋਂ ਨੇ ਗੁਰੂ ਜੀ ਕਾ ਹੁਕਮ ਐਸਾ ਪੂਰਾ ਕੀਆ।ਸਤਲੁਜ ਛੋਡ ਮੁਲਤਾਨ ਤਕ ਰੇਲ ਮੇਂ ਇਸ ਕੀ ਈਂਟ ਪਹੁੰਚਾਈ।
ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਜ਼ਿਕਰ ਹੈ ਕਿ ਇਸ ਸ਼ਹਿਰ ਲਈ ‘ਗੁਰੁਮਾਰੀ ਸਰਹਿੰਦ’ ਸ਼ਬਦ ਵੀ ਪ੍ਰਚਲਿਤ ਹੈ। ਖਾਲਸੇ ਨੇ ਇਹ ਨਾਉਂ ਸਰਹਿੰਦ ਦਾ ਉਸ ਵੇਲੇ ਰੱਖਿਆ ਜਦ ਦੋ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਉਸ ਥਾਂ ਸ਼ਹੀਦ ਹੋਏ।
ਵਜ਼ੀਰ ਖ਼ਾਨ ਦੇ ਭਰੇ ਦਰਬਾਰ ਨੇ ਸੋਚਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਝੁੱਕ ਕੇ ਆਉਣਗੇ ਤੇ ਉਹਨਾਂ ਨੂੰ ਆਪਣੀ ਈਨ ਮਨਵਾ ਦਿੱਲੀ ਦਰਬਾਰ ਨੂੰ ਸੁਖਨ ਸੁਨੇਹੇ ਘੱਲਾਂਗੇ। ਸੁੱਚਾ ਨੰਦ ਬੋਲਿਆ ਕਿ ਨਵਾਬ ਨੂੰ ਸਲਾਮ ਕਰੋ।
ਜਵਾਬ ਸੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਕਲਗੀਧਰ ਪਾਤਸ਼ਾਹ ਦੇ ਲਾਲਾਂ ਨੇ ਮਾਤਾ ਗੁਜਰੀ ਜੀ ਨਾਲ 11 ਪੋਹ ਦੀ ਰਾਤ ਠੰਢੇ ਬੁਰਜ ਵਿਚ ਬਿਨਾਂ ਕੁਝ ਖਾਧਿਆ ਭੁੰਜੇ ਨੰਗੇ ਫਰਸ਼ ‘ਤੇ ਹੀ ਚਾਰੋਂ ਪਾਸਿਓਂ ਆਉਂਦੀਆਂ ਸ਼ੀਤ ਹਵਾਵਾਂ ਵਿਚ ਕੱਟੀ
ਸ਼ਹਿਰ ਸਰਹਿੰਦ ਦੇ ਦੁਆਲੇ ਜੋ ਕੰਧ ਸੀ ਉਸ ਵਿੱਚ 8 ਬੁਰਜ ਸਨ।ਇਹਨਾਂ ਵਿਚੋਂ 7 ਬੁਰਜ ਸਿੰਘਾਂ ਨੇ ਢਾਹ ਦਿੱਤੇ ਸਨ।ਭਾਈ ਵਿਸਾਖਾ ਸਿੰਘ ਮੁਤਾਬਕ ਇਹ ਅੱਠਵਾਂ ਬੁਰਜ ਨਹੀਂ ਢਾਹਿਆ ਸੀ।ਇਹ ਬੁਰਜ 140 ਫੁੱਟ ਉੱਚਾ ਸੀ ਤੇ ਹੰਸਲਾ ਨਦੀ ਕੰਢੇ ਹੋਣ ਕਰਕੇ ਠੰਢਾ ਰਹਿੰਦਾ ਸੀ।
ਪ੍ਰਿੰਸੀਪਲ ਸਤਿਬੀਰ ਸਿੰਘ ਮੁਤਾਬਕ ਸਿੰਘਾਂ ਦੇ ਹਮਲਿਆਂ ਵੇਲੇ ਸਰਹਿੰਦ ਮਾਰੀ ਤਾਂ ਇਹ ਬੁਰਜ ਵੀ ਢਾਹ ਦਿੱਤਾ ਸੀ।1944 ਈਸਵੀ ਨੂੰ ਮਹਾਰਾਜ ਪਟਿਆਲਾ ਨੇ ਫਤਹਿਗੜ੍ਹ ਸਾਹਿਬ ਨਵੀਂ ਉਸਾਰੀ ਸ਼ੁਰੂ ਕੀਤੀ ਤਾਂ ਠੰਢਾ ਬੁਰਜ ਮੁੜ ਬਣਾਇਆ ਗਿਆ।ਮੌਜੂਦਾ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਕੀਤੀ ਹੈ।
ਜ਼ਿਕਰ ਹੈ ਕਿ ਮਹਾਰਾਜਾ ਪਟਿਆਲਾ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਗੁਰਦੁਆਰਾ ਸਾਹਿਬ ਨਾਮ ਜਾਗੀਰਾਂ ਲਿਖੀਆਂ
ਇੱਕ ਜ਼ਿਕਰ ਹੈ ਕਿ ਬਿਲਾਸਪੁਰ ਰਾਜ ਮਹਿਲਾ ‘ਚ ਇਕ ਬੀਬੀ ਸੀ ਸੁਹਾਗੋ।ਉਹਦੀ ਧੀ ਸੀ ਭਾਗੋ। ਭਾਗੋ ਸਰਹਿੰਦ ਵਿਆਹੀ ਗਈ ਤਾਂ ਰਾਹ ਵਿਚ ਹੀ ਉਹਦਾ ਡੋਲਾ ਵਜ਼ੀਰ ਖਾਨ ਨੂੰ ਪਹੁੰਚ ਦਿੱਤਾ ਗਿਆ।ਵਜ਼ੀਰ ਖਾਂ ਨੇ ਉਹਨੂੰ ਇਸਲਾਮ ਕਬੂਲ ਕਰਵਾਇਆ ਤੇ ਨਿਕਾਹ ਕੀਤਾ।ਨਾਮ ਰੱਖਿਆ ਜ਼ੈਨਬੁਨਿਸਾ। ਵਜ਼ੀਰ ਖਾਨ ਉਹਨੂੰ ਬੇਗ਼ਮ ਜ਼ੈਨਾ ਕਹਿੰਦਾ ਸੀ।ਜ਼ੈਨਾ ਨੇ ਬਿਲਾਸਪੁਰ ਰਿਆਸਤ ਤੋਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਉਹਨਾਂ ਦੇ ਪਰਿਵਾਰ ਬਾਰੇ ਸੁਣਿਆ ਹੋਇਆ ਸੀ।ਬੀਬੀ ਜ਼ੈਨਾ ਦਾ ਲਗਾਅ ਸੀ। ਜਦੋਂ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ ਬਾਰੇ ਬੀਬੀ ਜ਼ੈਨਾ ਨੇ ਸੁਣਿਆ ਤਾਂ ਉਹਨਾਂ ਵਜ਼ੀਰ ਖਾਨ ਨੂੰ ਤਰਲੇ ਮਾਰੇ ਸਨ।ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਬੀਬੀ ਜ਼ੈਨਾ ਨੇ ਇਸ ਕਹਿਰ ਨੂੰ ਨਾ ਸਹਾਰਦਿਆਂ ਆਤਮ ਤਿਆਗ ਕਰ ਦਿੱਤਾ ਸੀ।
ਭਾਈ ਵੀਰ ਸਿੰਘ ਨੇ ਅਪ੍ਰੈਲ 1902 ਈਸਵੀ ‘ਚ ਸ੍ਰੀ ਕਲਗੀਧਰ ਚਮਤਕਾਰ ‘ਚ ਜ਼ੈਨਾ ਦਾ ਵਿਰਲਾਪ ਲਿਖਿਆ।
ਦੂਜੇ ਦਿਨ ਦਾ ਜ਼ਿਕਰ ਹੈ ਕਿ ਜਦੋਂ ਸਾਰੇ ਯਤਨ ਵਿਅਰਥ ਹੋ ਗਏ ਤਾਂ ਦੀਵਾਨ ਸੁੱਚਾ ਨੰਦ ਨੇ ਕਿਹਾ ਕਿ ਇਹਨਾਂ ਨੂੰ ਬਾਲਕ ਨਾ ਜਾਣੋ ਇਹ ਜਮਾਂਦਰੂ ਹੀ ਲੜਾਕੇ ਨੇ।ਸੁੱਚਾ ਨੰਦ ਨੇ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਅਜ਼ਾਦ ਕਰ ਵੇਖਿਆ ਜਾਵੇ ਕਿ ਬੱਚੇ ਕੀ ਕਰਦੇ ਨੇ
ਤਿੰਨ ਦੁਕਾਨਾਂ ਬਜ਼ਾਰ ਵਿਚ ਲਾ ਦਿੱਤੀਆਂ।ਇਕ ਵਿਚ ਨਿਰੇ ਖਿਡੋਣੇ ਹੋਣ,ਦੂਜੀ ਵਿਚ ਮਿਠਆਈਆਂ ਤੇ ਤੀਜੀ ਵਿਚ ਸ਼ਸ਼ਤਰ। ਸਾਖੀ ਹੈ ਕਿ ਸਾਹਿਬਜ਼ਾਦਿਆਂ ਨੇ ਨਾ ਖਿਡੋਣਿਆਂ ਵੱਲ ਤੱਕਿਆ ਨਾ ਮਿਠਾਈਆਂ ਵੱਲ,ਸਾਹਿਬਜ਼ਾਦੇ ਧਾ ਕੇ ਸ਼ਸ਼ਤਰਾਂ ਵੱਲ ਨੂੰ ਪਏ
ਧੰਨ ਕਲਗੀ ਵਾਲੇ ਦੇ ਸਾਹਿਬਜ਼ਾਦੇ
– ਦ੍ਰਿਸ਼
ਪੰਜਾਬ ਦੇ ਇਤਿਹਾਸਕਾਰ ਮਹੁੰਮਦ ਲਤੀਫ ਮੁਤਾਬਕ
ਸ਼ੇਰ ਮੁਹੰਮਦ ਨਹਿ ਗਨੀ, ਬੋਲਯੋ ਸੀਸ ਹਿਲਾਇ
ਹਮ ਮਾਰੈਂ ਸ਼ੀਰ ਖੋਰਿਆਂ, ਜਗ ਮੈਂ ਔਜਸ ਆਇ
ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੇ ਤਿੰਨ ਭਰਾ ਚਮਕੌਰ ਦੀ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਲੜੇ ਅਤੇ ਮਾਰੇ ਗਏ। ਸੂਬੇ ਦੀ ਕਚਹਿਰੀ ‘ਚ ਨਵਾਬ ਨੂੰ ਕਿਹਾ ਕਿ ਤੁਸੀਂ ਇਹਨਾਂ ਬੱਚਿਆਂ ਤੋਂ ਬਦਲਾ ਲਵੋ ਤਾਂ ਉਹਨੇ ਇਹ ਕਹਿ ਇਨਕਾਰ ਕੀਤਾ ਕਿ ਮੈਂ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ ਇਹਨਾਂ ਬੱਚਿਆਂ ਤੋਂ ਕਿਉਂ ਲਵਾਂ ?
ਇਤਿਹਾਸ ਦਾ ਇਹ ਕਿੱਸਾ ਹਾਅ ਦਾ ਨਾਅਰਾ ਹੈ
ਰਾਏਕੋਟ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਨੂਰਾ ਮਾਹੀ ਤੋਂ ਸਾਹਿਬਜ਼ਾਦਿਆਂ ਦਾ ਹਾਲ ਸੁਣਿਆ।
ਉਸ ਵੇਲੇ ਪਾਤਸ਼ਾਹ ਨੂੰ ਦੱਸਿਆ ਕਿ ਨਵਾਬ ਮਲੇਰਕੋਟਲਾ ਸਾਹਿਬਜ਼ਾਦਿਆਂ ਦੇ ਹੱਕ ‘ਚ ਖੜ੍ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਨੂੰ ਤੋਹਫੇ ‘ਚ ਕਿਰਪਾਨ ਭੇਜੀ।
ਉਸ ਵੇਲੇ ਤੋਂ ਮਲੇਰਕੋਟਲੇ ਦਾ ਸਿੱਖਾਂ ਨਾਲ ਦੋਸਤਾਨਾ ਰਿਸ਼ਤਾ ਰਿਹਾ ਹੈ।
ਜਦੋਂ 1944 ‘ਚ ਫਤਹਿਗੜ੍ਹ ਸਾਹਿਬ ਮਹਾਰਾਜਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਕਰਵਾਈ ਤਾਂ ਉਹਨਾਂ ਮਲੇਰਕੋਟਲਾ ਨਵਾਬ ਨੂੰ ਸੇਵਾ ‘ਚ ਸ਼ਾਮਲ ਹੋਣ ਲਈ ਚਿੱਠੀ ਲਿਖੀ। ਨਵਾਬ ਅਹਿਮਦ ਅਲ਼ੀ ਖਾਨ ਦਾ ਜਵਾਬ ਆਇਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਸੇਵਾ ‘ਚ ਸ਼ਾਮਲ ਹੋਕੇ ਪਰ ਉਸ ਦਿਨ ਮੁਹੱਰਮ ਹੈ ਸੋ ਸਾਡਾ ਮਲੇਰਕੋਟਲਾ ‘ਚ ਰੁੱਕਣਾ ਜ਼ਰੂਰੀ ਹੈ।
ਨਵਾਬ ਅਹਿਮਦ ਅਲ਼ੀ ਖ਼ਾਨ ਦੀ ਜ਼ੁਬਾਨ ਅਤੇ ਉਸ ਤੋਂ ਬਾਅਦ ਆਖਰੀ ਨਵਾਬ ਇਫਤਿਖਾਰ ਖਾਨ ਨੇ 1947 ਵੰਡ ਵਿਚ ਸਿੰਧ ਗੋਹਟਕੀ ਦੇ ਖੇਤਰ ਤੋਂ ਆਏ ਸਿੰਧੀਆਂ ਨੂੰ ਅਤੇ ਉਜਾੜੇ ਦੇ ਝੰਬੇ ਹੋਰ ਪਰਿਵਾਰਾਂ ਦੀ ਬਹੁਤ ਮਦਦ ਕੀਤੀ।
ਸਵਾ ਪਹਿਰ ਦਿਨ ਚੜ੍ਹੇ ਕਾਮ ਐਸੇ ਭਯੋ ਹੈ
ਸਰੰਦ ਫਿਟਮੂਹੀ ਮੈਂ ਮਲੇਛੋਂ ਚਾਕ ਕਰਿ ਹਿਯੋ
– ਗੁਰਪ੍ਰਣਾਲੀ – ਕਵਿ ਗੁਲਾਬ ਸਿੰਘ ਕ੍ਰਿਤ
ਹਵਾਲੇ :-
ਚਰਣੁ ਚਲਹੁ ਮਾਰਗਿ ਗੋਬਿੰਦ – ਨਿਰੰਜਨ ਸਿੰਘ ਸਾਥੀ
ਪੋਹ ਦੀਆਂ ਰਾਤਾਂ – ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ
ਇਲਾਹੀ ਨਦਰਿ ਦੇ ਪੈਂਡੇ – ਹਰਿੰਦਰ ਸਿੰਘ ਮਹਿਬੂਬ
ਸਹਿਜੇ ਰਚਿਓ ਖਾਲਸਾ – ਹਰਿੰਦਰ ਸਿੰਘ ਮਹਿਬੂਬ
ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ – ਚੇਤਨ ਸਿੰਘ
ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ
ਸਿੱਖ ਪੰਥ ਦਾ ਸੂਰਮਾ ਹਲਵਾਈ – ਭੱਕਰ ਸਿੰਘ
ਕਲਗੀਧਰ ਚਮਤਕਾਰ – ਭਾਈ ਵੀਰ ਸਿੰਘ