ਕਿਲ੍ਹਾ ਆਨੰਦਗੜ੍ਹ ਸਾਹਿਬ

ਸ਼ਹੀਦੀਆਂ: ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਪਾਏ ਘੇਰੇ ਦੀ ਸਾਖੀ (ਭਾਗ 1)

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਸ਼ਹੀਦੀਆਂ

ਖ਼ਾਲਸਾਈ ਸੁਰਤਿ ਦੀ ਮਿੱਟੀ – ਕਿਲ੍ਹਾ ਆਨੰਦਗੜ੍ਹ ਸਾਹਿਬ
ਭਾਗ -1
ਖੀਸਿਆਂ ‘ਚ ਦਾਣੇ, ਮੋਢੇ ਖੇਸ ਹੁੰਦਾ ਹੈ
ਸਿੰਘਾਂ ਦਾ ਹਵਾ ਦੇ ਵਿੱਚ ਦੇਸ਼ ਹੁੰਦਾ ਹੈ
ਦਵਿੰਦਰ ਸਿੰਘ ਰਾਉਂਕੇ – ਕਿਤਾਬ ਸੰਗਰਾਂਦ
7 ਮਹੀਨੇ ਦਾ ਘੇਰਾ ਪਾਕੇ ਹੰਭੀਆਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੂੰ ਕੀ ਪਤਾ ਸੀ ਕਿ ਕਿਲ੍ਹਾ ਆਨੰਦਗੜ੍ਹ ਸਾਹਿਬ ਅੰਦਰ ਪਾਤਸ਼ਾਹ ਅਗੰਮੀ ਅਹਿਸਾਸ ਦਾ ਨਵਾਂ ਗੀਤ ਲਿਖ ਰਹੇ ਸਨ। ਨਾਦਾਨ ਕਹਿੰਦੇ ਕਿ ਦੱਭ ਲਿਆ ਪਰ ਉਹ ਨਹੀਂ ਜਾਣਦੇ ਸਨ ਕਿ 7 ਮਹੀਨਿਆਂ ਦੇ ਘੇਰੇ ਨੂੰ ਪਲਾਂ ਦੀ ਖੇਡ ਬਣਾਕੇ ਪਾਤਸ਼ਾਹ ਦਿਨਾਂ ਅੰਦਰ ਪੋਹ ਦਾ ਤਰਾਨਾ ਲਿਖ ਜਾਣਗੇ।
ਇਤਿਹਾਸ ਦੇ ਰਸੀਓ ਕਹਾਣੀ ਇੱਥੋਂ ਸ਼ੁਰੂ ਨਹੀਂ ਹੁੰਦੀ, ਕਹਾਣੀ ਸ਼ੁਰੂ ਹੋਈ 1469 ਈਸਵੀ ਤੋਂ
ਗੁਰੂ ਨਾਨਕ ਪਾਤਸ਼ਾਹ
ਉਹਨਾਂ ਉਦਾਸੀਆਂ ਕੀਤੀਆਂ,ਗੁਰੂ ਦੇ ਸਿੱਖ ਬਣੇ,
ਚਾਰਾਂ ਦਿਸ਼ਾਵਾਂ ਵਿੱਚ ਸਿੱਖ…
ਗੁਰੂ ਨਾਨਕ ਜੋਤ ਆਪਣੇ ਨੋਵੇਂ ਜਾਮੇ ਵਿੱਚ ਪੂਰਬ ਨੂੰ ਗਏ ਤਾਂ ਸੰਗਤਾਂ ਚਿਰਾਂ ਤੋਂ ਉਡੀਕਦੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਹਿੰਦਿਆਂ ਬੋਲੀਆਂ – ਪਾਤਸ਼ਾਹ ਏਨਾ ਸਮਾਂ ਲਗਾ ਦਿੱਤਾ ਆਉਣ ਨੂੰ
ਸਤਿਗੁਰੂ ਦਿੱਲੀ ‘ਚ ਸ਼ਹੀਦ ਹੋਵੇ..ਸ਼ਹੀਦੀ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਸਾਇਆ
ਚੱਕ ਨਾਨਕੀ !
ਤੁਹੀ ਗੁਰੂ ਨਾਨਕ ਹੈ ਤੁਹੀ ਗੁਰੂ ਅੰਗਦ ਹੈ
ਤੁਹੀ ਗੁਰੂ ਅਮਰਦਾਸ ਰਾਮਦਾਸ ਤੁਹੀ ਹੈ
ਤੁਹੀ ਗੁਰੂ ਅਰਜਨ ਹੈ ਤੁਹੀ ਗੁਰ ਹਰਗੋਬਿੰਦ
ਤੁਹੀ ਗੁਰੂ ਹਰਿਰਾਏ ਹਰਿ ਕ੍ਰਿਸ਼ਨ ਤੁਹੀ ਹੈ
ਨਾਵੀਂ ਪਾਤਸ਼ਾਹੀ ਤੈ ਕਲਿ ਹੀ ਮੈਂ ਕਲਾ ਰਾਖੀ
ਤੇਗ ਹੀ ਬਹਾਦਰ ਜਗ ਚਾਦਰ ਸਭ ਤੁਹੀ ਹੈ
ਦਸਵਾਂ ਪਾਤਸ਼ਾਹਿ ਤੁਹੀ ਗੁਰੂ ਗੋਬਿੰਦ ਸਿੰਘ
ਜਗਤ ਕੇ ਉਧਾਰਿਬੇ ਕੋ ਆਯੋ ਪ੍ਰਭ ਤੁਹੀ ਹੈ
~ ਸ੍ਰੀ ਗੁਰ ਸੋਭਾ, ਕਵੀ ਸੈਨਾਪਤਿ ਰਚਿਤ
1699 ਵਿਸਾਖੀ
ਖਾਲਸੇ ਦਾ ਜਨਮ
ਗੁਰੂ ਨਾਨਕ ਪਾਤਸ਼ਾਹ ਦੇ ਜੋ ਸਿੱਖ ਬਣੇ ਉਹਨਾਂ ਦੇ ਪੁੱਤ ਪੋਤਰਿਆਂ ਤੱਕ ਸਿੱਖੀ ਦਾ ਰਿਸ਼ਤਾ ਕਾਇਮ ਹੋਇਆ।ਜਦੋਂ ਪਾਤਸ਼ਾਹ ਨੇ 1699 ਨੂੰ ਅਵਾਜ਼ ਮਾਰੀ ਤਾਂ ਗੁਰੂ ਨਾਲ ਕਮਾਏ ਰਿਸ਼ਤੇ ਇੱਕ ਆਵਾਜ਼ ‘ਤੇ ਆਨੰਦਪੁਰ ਸਾਹਿਬ ਆ ਪਹੁੰਚੇ।
ਲਾਹੌਰ ਤੋਂ ਭਾਈ ਦਇਆ ਸਿੰਘ,ਹਸਤਨਾਪੁਰ ਤੋਂ ਭਾਈ ਧਰਮ ਸਿੰਘ,ਬਿਦੁਰ ਤੋਂ ਭਾਈ ਸਾਹਿਬ ਸਿੰਘ,ਦੁਆਰਕਾ ਤੋਂ ਭਾਈ ਮੋਹਕਮ ਸਿੰਘ ਅਤੇ ਪੁਰੀ ਜਗਨਨਾਥ ਤੋਂ ਭਾਈ ਹਿੰਮਤ ਸਿੰਘ ਪੰਜ ਪਿਆਰੇ ਸਜੇ।
ਵਿਸਾਖੀ ਦਾ ਦੀਵਾਨ ਸੁਰਤਿ ਦਾ ਜਲਾਲ ਸੀ। ਕਵੀ ਸੈਨਾਪਤਿ ਲਿਖਦੇ ਹਨ :-
ਸਬ ਸਮੂਹ ਸੰਗਤਿ ਮਿਲੀ ਸੁਭ ਸਤਿਲੁਜ ਕੇ ਤੀਰ
ਸਤਲੁਜ ਨਦੀ ਦੇ ਕਿਨਾਰੇ,ਕੇਸਗੜ੍ਹ ਸਾਹਿਬ ਦੀ ਟਿੱਬੀ ‘ਤੇ ਵੱਡਾ ਇਕੱਠ ਹੋਇਆ।ਆਸਾ ਕੀ ਵਾਰ ਹੋਈ
ਪਾਤਸ਼ਾਹ ਮਿਆਨ ਵਿਚੋਂ ਤਲਵਾਰ ਸੂਤਕੇ ਖੜ੍ਹੇ ਹੋ ਗਏ
ਅੱਜ ਮੈਨੂੰ ਇੱਕ ਸਿੱਖ ਦੀ ਲੋੜ ਹੈ,ਜਿਹੜਾ ਧਰਮ ਦੀ ਖਾਤਰ ਗੁਰੂ ਨੂੰ ਸਿਰ ਭੇਟ ਕਰ ਸਕੇ ?
ਇਹ ਵੱਡਾ ਵਰਤਾਰਾ ਸੀ।ਪਾਤਸ਼ਾਹ ਨੇ ਮੰਗਿਆ,ਸਿਰ ਸਮਰਪਿਤ ਹੁੰਦੇ ਗਏ,ਪੰਜ ਪਿਆਰੇ ਸਜੇ।ਦਸ਼ਮੇਸ਼ ਪਿਤਾ ਨੇ ਖਾਲਸੇ ਨੂੰ ਆਪਣਾ ਰੂਪ ਆਖਕੇ ਖਾਲਸੇ ਦੇ ਕਿਰਦਾਰ ਨੂੰ ਬੁਲੰਦੀ ਬਖਸ਼ੀ ਹੈ।
ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮਹਿ ਹਉਂ ਕਰੋਂ ਨਿਵਾਸ
ਕਿਰਦਾਰ ਦੀ ਇਸ ਬੁਲੰਦੀ ਨੂੰ ਕਾਇਮ ਰੱਖਣਾ ਖਾਲਸੇ ਦਾ ਧਰਮ ਹੈ।
1694 ਈਸਵੀ ਨੂੰ ਬਾਦਸ਼ਾਹ ਔਰੰਗਜ਼ੇਬ ਫੁਰਮਾਨ ਜਾਰੀ ਕਰਦਾ ਹੈ ਕਿ ਕੋਈ ਹਿੰਦੂ ਹਥਿਆਰ ਨਾ ਰੱਖੇ ਤੇ ਨਾ ਹੀ ਪਾਲਕੀ,ਹਾਥੀ ਜਾਂ ਅਰਬੀ ਇਰਾਕੀ ਘੋੜਿਆਂ ਦੀ ਸਵਾਰੀ ਕਰੇ। ਅਤੇ ਗੁਰੂ ਗੋਬਿੰਦ ਸਿੰਘ ਜੀ 1695 ਈਸਵੀ ਨੂੰ ਸਿੱਖਾਂ ਨੂੰ ਹੁਕਮ ਦਿੰਦੇ ਹਨ ਕਿ ਅੱਗੇ ਤੋਂ ਹਰ ਸਿੱਖ ਆਪਣੇ ਸੱਜੇ ਹੱਥ ਸਰਬਲੋਹ ਦਾ ਕੜ੍ਹਾ ਪਾਏ,ਆਨੰਦਪੁਰ ਕੇਸਾਂ ਸਹਿਤ ਆਓ।ਬੱਚਿਆਂ ਦੇ ਜਮਾਂਦਰੂ ਕੇਸ ਰੱਖੋ। ਗੁਰੂ ਕੀਆਂ ਸਾਖੀਆਂ ਦੀ ਸਾਖੀ 53ਵੀਂ ਮੁਤਾਬਕ ਚਾਰ ਸਾਲ ਪਹਿਲਾਂ ਹੀ ਤਰਤੀਬ ਸ਼ੁਰੂ ਕਰ ਦਿੱਤੀ ਸੀ ਅਤੇ ਅਖੀਰ ਪੰਜ ਕਕਾਰਾਂ ਦੀ ਮੁਕੰਮਲ ਰਹਿਤ ਨਾਲ 1699 ਈਸਵੀ ਨੂੰ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕੀਤੀ।
ਇਹ ਭੁਲੇਖਾ ਨਾ ਰਹੇ।
ਗੁਰੂ ਨਾਨਕ ਪਾਤਸ਼ਾਹ ਤੋਂ ਹੀ ਇਹ ਸਿਰਜਣਾ ਹੋ ਰਹੀ ਸੀ।ਗੁਰੂ ਰਾਮਦਾਸ ਪਾਤਸ਼ਾਹ ਫੁਰਮਾਉਂਦੇ ਨੇ
ਗੁਰ ਸਤਿਗੁਰ ਕਾ ਜੋ ਸਿੱਖ ਅਖਾਏ
ਸੁ ਭਲਕੇ ਉਠਿ ਹਰਿ ਨਾਮੁ ਧਿਆਵੈ
ਉਦਮੁ ਕਰੇ ਭਲਕੇ ਪਰਭਾਤੀ
ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ
———-
ਭੂਰਿਆਂ ਵਾਲੇ ਰਾਜੇ ਕੀਤੇ
ਮੁਗ਼ਲਾਂ ਜ਼ਹਿਰ ਪਿਆਲੇ ਪੀਤੇ
1699 ਵਿਚ ਖਾਲਸੇ ਦੀ ਸਿਰਜਨਾ ਤੋਂ ਬਾਅਦ ਨਰਿੰਜਨ ਸਿੰਘ ਸਾਥੀ ਦੇ ਚਰਣੁ ਚਲਹੁ ਮਾਰਗ ਗੋਬਿੰਦ ਮੁਤਾਬਕ ਕੁਝ ਸਰੋਤ ਦੱਸਦੇ ਹਨ ਕਿ ਥੋੜ੍ਹੇ ਦਿਨਾਂ ਵਿੱਚ ਹੀ 80000 ਸਿੱਖਾਂ ਨੇ ਅੰਮ੍ਰਿਤ ਛਕਿਆ। ਇਹ ਇਤਿਹਾਸਕ ਤਾਰੀਖ਼ ਸੀ ਜਿਸ ਤੋਂ ਬਾਅਦ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਸਿਆਸੀ ਜ਼ਮੀਨ ਉੱਸਲਵੱਟੇ ਲੈ ਰਹੀ ਸੀ। 26 ਜੂਨ 1700 ਈਸਵੀ ਨੂੰ ਪਹਿਲੀ ਆਨੰਦਪੁਰ ਸਾਹਿਬ ਦੀ ਜੰਗ ਹੋਈ ਦੋ ਮਹੀਨਿਆਂ ਬਾਅਦ ਹਾਰ ਤੋਂ ਬੌਂਦਲੇ ਉਹ ਫਿਰ ਚੜ੍ਹਾਈ ਕਰਕੇ ਆਏ।ਰਾਜਾ ਕੇਸਰੀ ਚੰਦ ਜਸਵਾਲੀਆ ਗੁਰੂ ਦਾ ਸਿਰ ਨਿਵਾਉਣ ਅਤੇ ਸਿਰ ਕਲਮ ਕਰਨ ਦੀਆਂ ਕਸਮਾਂ ਖਾਕੇ ਚੜ੍ਹਾਈ ਕਰਕੇ ਆਇਆ ਸੀ।
1 ਸਿਤੰਬਰ 1700 ਈਸਵੀ ਹਥਿਆਰਾਂ ਨਾਲ ਲੱਥਪੱਥ ਸ਼ਰਾਬ ਦਾ ਰੱਝਿਆ ਹਾਥੀ ਕਿਲ੍ਹਾ ਲੋਹਗੜ੍ਹ ਦਾ ਦਰਵਾਜਾ ਭੰਨਣ ਨੂੰ ਆਇਆ ਅਤੇ ਗੁਰੂ ਦੇ ਥਾਪੜੇ ਨਾਲ ਤਿਆਰ ਭਾਈ ਬੱਚਿਤਰ ਸਿੰਘ ਨੇ ਨਾਗਣੀ ਬਰਛਾ ਮਾਰ ਹਾਥੀ ਐਸਾ ਵਿੰਨਿਆ ਕਿ ਉਹ ਪੁੱਠੇ ਪੈਰੀ ਨੱਠਿਆ।ਭਾਈ ਉਦੈ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਇਕੋ ਵਾਰ ਨਾਲ ਸਿਰ ਵੱਢ ਨੇਜੇ ਉਤੇ ਟੰਗ ਪਾਤਸ਼ਾਹ ਦੇ ਚਰਨਾ ‘ਚ ਭੇਟ ਕੀਤਾ।
2 ਦਿਸੰਬਰ 1703 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਤੀਜੀ ਲੜਾਈ ਹੋਈ।ਇਸ ਲੜਾਈ ਵਿੱਚ ਕਹਿਲੂਰ,ਹੰਡੂਰ ਅਤੇ ਹੋਰ ਰਾਜਿਆਂ ਦੀ 10 ਹਜ਼ਾਰ ਫੌਜ ਸੀ ਅਤੇ ਇੱਧਰ ਪਾਤਸ਼ਾਹ ਦੇ 800 ਸੂਰਮੇ ਸਨ। 8 ਅਪ੍ਰੈਲ 1704 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਚੌਥੀ ਜੰਗ ਹੋਈ। 7 ਮਹੀਨੇ ਤੋਂ ਪਏ ਘੇਰੇ ਦੌਰਾਨ ਹਕੂਮਤ ਨੇ ਅਜਿਹਾ ਬੰਦੋਬਸਤ ਕੀਤਾ ਕਿ ਕਿਲ੍ਹੇ ਵਿਚ ਰਸਦ ਪਾਣੀ ਨਾ ਜਾਵੇ।ਕੋਈ ਬਾਹਰੀ ਮਦਦ ਨਾ ਆਵੇ।ਸਿੰਘਾਂ ਦੇ ਸਿਦਕ ਪਰਖੇ ਜਾ ਰਹੇ ਸਨ।
ਪਾਣੀ ਦੀ ਘਾਟ,
ਰੁੱਖਾਂ ਦੇ ਪੱਤੇ ਖਾਕੇ ਗੁਜ਼ਾਰਾ ਹੋਣ ਲੱਗਾ।
ਗੁਰੂ ਗੋਬਿੰਦ ਸਿੰਘ ਬੋਲੇ – ਸਿੰਘੋ ਕੁਝ ਦਿਨ ਹੋਰ ਡਟ ਹਾਵੋ ਵੈਰੀ ਦਲ ਖਿੰਡ ਮੁੰਡ ਜਾਣਾ ਹੈ।ਆਨੰਦਪੁਰ ਸਾਹਿਬ ਨੂੰ ਇਹ ਘੇਰਾ 3 ਮਈ 1705 ਤੋਂ 5 ਦਿਸੰਬਰ 1705 ਤੱਕ 7 ਮਹੀਨੇ ਪਿਆ ਰਿਹਾ। ਕੀਤੇ ਕੌਲ ਕਸਮਾਂ ਤੋਂ ਬਾਅਦ ਮੁਗਲ ਅਤੇ ਪਹਾੜੀ ਹਿੰਦੂ ਰਾਜਿਆਂ ਦਾ ਦਗਾ ਦੇਣ ਦੀ ਗੱਲਬਾਤ ਜ਼ਫ਼ਰਨਾਮੇ ਤੋਂ ਵੀ ਪਤਾ ਚੱਲਦੀ ਹੈ :-
ਕਿ ਕਾਜ਼ੀ ਮਰਾ ਗੁਫ਼ਤ ਬੇਹੂੰ ਨਯਮ
ਅਗਰ ਰਾਸਤੀ ਖ਼ੁਦ ਬਿਯਾਰੀ ਕਦਮ
ਮੈਨੂੰ ਜੋ ਵੀ ਤੇਰੇ ਕਾਜ਼ੀ ਨੇ ਕਿਹਾ ਮੈਂ ਉਸ ਤੋਂ ਬਾਹਰ ਨਹੀਂ।ਜੇ ਤੂੰ ਸੱਚਾ ਹੈਂ ਤਾਂ ਆਪ ਹੀ ਸਾਡੇ ਪਾਸ ਆ ਸੁਣਦੇ ਹਾਂ ਕਿ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 500 ਤੋਂ 1500 ਤੱਕ ਸਿੰਘ ਸਨ।ਇਸ ਵਹੀਰ ਵਿੱਚ ਮਾਤਾ ਗੁਜਰੀ ਜੀ,ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰੀ ਜੀ,ਮਾਤਾ ਸਾਹਿਬ ਕੌਰ,ਚਾਰ ਸਾਹਿਬਜ਼ਾਦੇ,ਪੰਜ ਪਿਆਰੇ ਸਨ। ਇਸ ਵਹੀਰ ਵਿੱਚ ਭਾਈ ਉਦੇ ਸਿੰਘ,ਭਾਈ ਬਚਿੱਤਰ ਸਿੰਘ,ਭਾਈ ਸੰਤ ਸਿੰਘ,ਭਾਈ ਸੰਗਤ ਸਿੰਘ,ਭਾਈ ਜੀਵਨ ਸਿੰਘ ਵੀ ਸਨ।
ਭੱਟ ਵਹੀਆਂ ਦੀਆਂ ਤਾਰੀਖਾਂ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੇ 6 ਪੋਹ 1762 ਬਿਕਰਮੀ ਯਾਨਿ 5 ਦਿਸੰਬਰ 1705 ਈ ਨੂੰ ਕਿਲ੍ਹਾ ਛੱਡਿਆ।ਪਰ ਪੁਰਾਤਣ ਸਿੱਖ ਇਤਿਹਾਸ ਵਿੱਚ ਆਨੰਦਪੁਰ ਤਿਆਗ ਦੀ ਤਾਰੀਖ਼ 20 ਦਿਸੰਬਰ 1704 ਈਸਵੀ ਹੈ।
ਪੋਹ ਮਹੀਨੇ ਦੀ ਰਾਤ
ਠੰਢੀ ਹਵਾ ਤੇ ਹਲਕੀ ਹਲਕੀ ਬੂੰਦਾ ਬਾਂਦੀ
ਜਥਾ ਕਿਲ੍ਹਾ ਆਨੰਦਪੁਰ ਸਾਹਿਬ ਨੂੰ ਛੱਡ ਵੱਧ ਰਿਹਾ ਹੈ। ਕੀਰਤਪੁਰ ਲੰਘੇ ਤਾਂ ਗਊ ਮਾਤਾ ਦੀ ਸਹੁੰ,ਕੁਰਾਨ ਦੀਆਂ ਕਸਮਾਂ ਸਭ ਟੁੱਟ ਗਈਆਂ।ਤੀਰ ਤਲਵਾਰ ਗੋਲੀਆਂ ਚੱਲ ਰਹੀਆਂ ਹਨ। ਸ਼ਾਹੀ ਟਿੱਬੀ ‘ਤੇ ਖੜੋਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਦੇ ਸਿੰਘ ਨੂੰ 50 ਸਿੰਘਾਂ ਨਾਲ ਦੁਸ਼ਮਨ ਨੂੰ ਰੋਕਣ ਦਾ ਹੁਕਮ ਦਿੱਤਾ।ਬਾਕੀ ਕਾਫਲਾ ਅੱਗੇ ਵਧਿਆ।ਭਾਈ ਉਦੇ ਸਿੰਘ ਨੇ ਜਿਵੇਂ ਸ਼ਸ਼ਤਰ ਚਲਾਏ ਉਹ ਸੂਰਮਗਤੀ ਦੀ ਕਥਾ ਹੈ।ਭਾਈ ਉਦੇ ਸਿੰਘ ਅਗਲੇ ਦਿਨ ਪਿੰਡ ਅਟਾਰੀ ਵਿਚ ਜ਼ਖਮੀ ਹਾਲਤ ਵਿੱਚ ਪਹੁੰਚੇ ਅਤੇ ਸ਼ਹੀਦ ਹੋਏ।ਉਹੀ ਭਾਈ ਉਦੇ ਸਿੰਘ ਸ਼ਾਹੀ ਟਿੱਬੀ ‘ਤੇ ਸੂਰਮਤਾਈ ਨਾਲ ਲੜੇ
ਸ਼ਾਹੀ ਟਿੱਬੀ ਆਨਿ ਕੈ ਖੜੇ ਭਏ ਤਿਹ ਥਾਨ
ਰਾਜਾ ਅਰੁ ਤੁਰਕਾਨ ਸਭ ਨਿਕਟਿ ਪਹੁੰਚੇ ਆਨ
ਉਦੇ ਸਿੰਘ ਲਲਕਾਰ ਕੈ ਖੁਸ਼ੀ ਕਰੀ ਕਰਤਾਰ
ਸਫਲ ਜਨਮੁ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ
ਸ਼ਾਹੀ ਟਿੱਬੀ ਜਿੱਥੇ ਕਿਲ੍ਹੇ ਚੋਂ ਨਿਕਲਣ ਉਪਰੰਤ ਜੰਗ ਹੋਈ ਇੱਥੇ ਗੁਰਦੁਆਰਾ ਤੀਰ ਸਾਹਿਬ ਪਾਤਸ਼ਾਹੀ 10 ਵੀਂ ਦੀ ਆਰੰਭਤਾ ਸੰਤ ਕਰਤਾਰ ਸਿੰਘ ਭੈਰੋ ਮਾਜਰਾ ਵਾਲਿਆਂ ਦੇ ਸਹਿਯੋਗ ਨਾਲ ਬੁਢਾ ਦਲ ਦੇ ਨਿਹੰਗ ਭਾਈ ਨੰਦ ਸਿੰਘ ਹੁਣਾਂ 10 ਬਾਈ 12 ਫੁੱਟ ਦਾ ਕਮਰਾ ਬਣਾਕੇ 1950 ਈਸਵੀ ਨੂੰ ਕੀਤੀ। ਭਾਈ ਉਦੈ ਸਿੰਘ ਪਿੰਡ ਅਟਾਰੀ ਵਿਖੇ ਸ਼ਹੀਦ ਹੋਏ ਇਹ ਉਹਨਾਂ ਸਮਿਆਂ ਵਿੱਚ ਪਿੰਡ ਨਹੀਂ ਸੀ ਬੱਝਾ।ਇੱਥੇ ਤੀਕਰ ਸ਼ਾਹੀ ਟਿੱਬੀ ਦਾ ਹੀ ਹਿੱਸਾ ਸੀ।ਭਾਈ ਉਦੇ ਸਿੰਘ ਪਿੰਡ ਅਲੀਪੁਰ ਜ਼ਿਲ੍ਹਾ ਮੁਲਤਾਨ ਤੋਂ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਸਪੁੱਤਰ ਸਨ।
ਭਾਈ ਉਦੇ ਸਿੰਘ ਸਮੇਤ ਪੰਜ ਭਰਾ ਭਾਈ ਅਜਬ ਸਿੰਘ,ਅਜਾਇਬ ਸਿੰਘ,ਅਨਕ ਸਿੰਘ ਤੇ ਭਾਈ ਬੱਚਿਤਰ ਸਿੰਘ ਆਨੰਦਪੁਰ ਸਾਹਿਬ ਤੋਂ ਲੈਕੇ ਚਮਕੌਰ ਸਾਹਿਬ ਤੱਕ ਪਾਤਸ਼ਾਹ ਦੇ ਪ੍ਰੇਮ ਵਿੱਚ ਜੰਗ ਲੜਦਿਆਂ ਸ਼ਹੀਦੀਆਂ ਪਾ ਗਏ।ਭਾਈ ਉਦੇ ਸਿੰਘ ਭੱਟ ਵਹੀਆਂ ਮੁਤਾਬਕ
ਫੌਜ ਕੇ ਗੈਲ ਬਾਰਾਂ ਘਰੀ ਜੂਝ ਕੇ ਮਰਾ ਭਾਵ ਪੰਜ ਘੰਟੇ ਲੜਦੇ ਸ਼ਹੀਦੀਆਂ ਨੂੰ ਪਾ ਗਏ।
ਇਤਿਹਾਸ ਦੇ ਅਣਗਿਣਤ ਕਿੱਸੇ ਬਹੁਤ ਲਗਾਅ ਭਰੇ ਹਨ।
ਭਾਈ ਚੌਪਾ ਸਿੰਘ ਖਿਡਾਵੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਪੁੱਛਿਆ ਕਿ ਪਿਛਾਂਹ ਕੀ ਵੇਖਦੇ ਹੋ ?
ਭਾਈ ਚੌਪਾ ਸਿੰਘ ਉਹ ਸਿੰਘ ਸਨ ਜਿੰਨ੍ਹਾਂ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਬਚਪਨ ਵਿਚ ਖਿਡਾਇਆ।
ਭਾਬਾ ਅਜੀਤ ਸਿੰਘ ਬੋਲੇ ਭਾਈ ਸਾਹਿਬ ਜਿੱਥੇ ਜੰਮੇ ਪਲੇ ਤੇ ਜਵਾਨ ਹੋਏ ਉਹ ਥਾਂ ਛੱਡਕੇ ਜਾ ਰਹੇ ਹਾਂ
ਭਾਈ ਚੌਪਾ ਸਿੰਘ ਕਹਿੰਦੇ ਕੋਈ ਗੱਲ ਨਹੀਂ ਆਪਾਂ ਫਿਰ ਪਰਤਾਂਗੇ !
ਸ਼ਾਹੀ ਟਿੱਬੀ ਤੋਂ 10 ਕਿਲੋਮੀਟਰ ਅੱਗੇ ਗੁਰੂ ਜੀ ਸਰਸਾ ਨਦੀ ਦੇ ਕੰਢੇ ਪਹੁੰਚੇ।ਗੁਰੂ ਜੀ ਨੇ ਭਾਈ ਜੀਵਨ ਸਿੰਘ ਰੰਗਰੇਟੇ ਨੂੰ ਕਿਹਾ ਕਿ ਤੁਸੀਂ ਸੌ ਸਿੰਘਾਂ ਨੂੰ ਨਾਲ ਲੈਕੇ ਵੈਰੀ ਨੂੰ ਠਲ੍ਹ ਪਾਓ।ਭਾਈ ਜੀਵਨ ਸਿੰਘ ਨੇ ਜਿਵੇਂ ਮੁਕਾਬਲਾ ਕੀਤਾ ਉਹ ਸਾਡੇ ਕਿੱਸਿਆ ਦੀ ਸ਼ਾਨ ਹੈ। ਅੰਤ ਦਿਨ ਚੜ੍ਹਦੇ ਤੱਕ ਸਾਰੇ ਸਿੰਘ ਸ਼ਹੀਦੀਆਂ ਪਾ ਗਏ।
ਅੱਗੇ ਸਰਸਾ ਨਦੀ ਹੈ…
ਪਰਿਵਾਰ ਨੇ ਵਿਛੜਣਾ ਹੈ..
ਸਭ ਗੁਰੂ ਦੇ ਹੁਕਮ ਵਿੱਚ ਹੋ ਰਿਹਾ ਹੈ
ਹਵਾਲੇ :-
ਚਰਣੁ ਚਲਹੁ ਮਾਰਗਿ ਗੋਬਿੰਦ – ਨਿਰੰਜਨ ਸਿੰਘ ਸਾਥੀ
ਪੋਹ ਦੀਆਂ ਰਾਤਾਂ – ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ
ਇਲਾਹੀ ਨਦਰਿ ਦੇ ਪੈਂਡੇ – ਹਰਿੰਦਰ ਸਿੰਘ ਮਹਿਬੂਬ
ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ – ਚੇਤਨ ਸਿੰਘ
ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ
ਸਿੱਖ ਪੰਥ ਦਾ ਸੂਰਮਾ ਹਲਵਾਈ – ਭੱਕਰ ਸਿੰਘ
ਕਲਗੀਧਰ ਚਮਤਕਾਰ – ਭਾਈ ਵੀਰ ਸਿੰਘ
Scroll to Top