July 7, 2024 5:36 pm
ਚਮਕੌਰ

ਸ਼ਹੀਦੀਆਂ: ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ ! (ਭਾਗ-3)

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਸ਼ਹੀਦੀਆਂ- ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ !
ਭਾਗ-3
ਕੱਲ੍ਹ ਕਹਿਤੇ ਹੈਂ ਚਮਕੌਰ ਮੇਂ ਫਿਰ ਖੇਤ ਪੜੇਗਾ
ਗੋਬਿੰਦ ਸਹਰ ਹੋਤੇ ਹੀ ਲਾਖੋਂ ਸੇ ਲੜੇਗਾ
~ ਅੱਲਾ ਯਾਰ ਖਾਂ ਯੋਗੀ
ਗੰਜ-ਇ-ਸ਼ਹੀਦਾਂ
ਰਾਤ ਦਾ ਪਿਛਲਾ ਪਹਿਰ ਅਤਿ ਦੇ ਸਿਆਲਾਂ ਵਿੱਚ ਗੁਜ਼ਰ ਰਿਹਾ ਸੀ।ਮਾਤਾ ਗੁਜਰੀ ਤੇ ਗੁਰਾਂ ਦੇ ਲਾਲ, ਸਤਿਲੁਜਦੇ ਪੱਤਣਾਂ ‘ਤੇ ਤੁਰੇ ਜਾ ਰਹੇ ਨੇ, ਗੁਰੂ ਦੇ ਮਹਿਲ ਮਾਤਾਵਾਂ ਵੱਖਰੇ ਪੈਂਡਿਆਂ ‘ਤੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ 50 ਸਿੰਘਾਂ ਨਾਲ ਚਮਕੌਰ ਪਹੁੰਚ ਗਏ ਨੇ, ਇੱਥੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ,ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨਾਲ ਨੇ ਪਾਲਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਪੰਜ ਪਿਆਰੇ,ਭਾਈ ਮਨੀ ਸਿੰਘ ਦਾ ਇਕ ਭਰਾ ਤੇ ਤਿੰਨ ਪੁੱਤਰ,ਉਹ ਫਰਿਆਦੀ ਕਸ਼ਮੀਰੀ ਪੰਡਿਤ ਕਿਰਪਾ ਰਾਮ ਵੀ ਜੋ ਗੁਰੂ ਦਾ ਸਿੰਘ ਸੱਜ ਕਿਰਪਾ ਸਿੰਘ ਹੋ ਗਿਆ ਸੀ।ਮੱਖਣ ਸ਼ਾਹ ਲੁਬਾਣਾ ਦਾ ਪੁੱਤਰ ਭਾਈ ਜਵੰਦ ਸਿੰਘ ਨਾਲ ਭਾਈ ਸੰਤ ਸਿੰਘ,ਭਾਈ ਸੰਗਤ ਸਿੰਘ ਵੀ ਨੇ।

ਚਮਕੌਰ ਸਾਹਿਬ

ਰੇਤ ਦੇ ਟਿੱਬਿਆ ਤੇ ਸਰਕੰਡਿਆਂ ਨਾਲ ਘਿਰਿਆ ਚਮਕੌਰ, ਨਿੱਕਾ ਜਿਹਾ ਪਿੰਡ ਉਸ ਵੇਲੇ ਸਤਿਲੁਜ ਦਰਿਆ ਦੇ ਕੰਢੇ ਸੀ। ਪਾਤਸ਼ਾਹ ਦਾ ਇਹ ਇਲਾਕਾ ਵੇਖਿਆ ਹੋਇਆ ਸੀ।ਉਹ ਪਹਿਲਾਂ ਵੀ ਕੁਰੂਕਸ਼ੇਤਰ ਤੋਂ ਵਾਪਸੀ ਵੇਲੇ ਇੱਥੇ ਆ ਚੁੱਕੇ ਸਨ।ਇੱਥੇ ਪਹੁੰਚ ਉਹਨਾਂ ਯੁੱਧ ਦੀ ਫੌਰੀ ਤਿਆਰੀ ਲਈ ਗੜ੍ਹੀ ਸੀ ਮੰਗ ਕੀਤੀ।ਗੜ੍ਹੀ ਪਿੰਡ ਦੇ ਚੌਧਰੀ ਰਾਏ ਜਗਤ ਸਿੰਘ ਤੇ ਰੂਪ ਚੰਦ ਦੋ ਰਾਜਪੂਤ ਭਰਾਵਾਂ ਦੀ ਸੀ। ਕੁਝ ਇਤਿਹਾਸਕਾਰ ਇਹਨੂੰ ਬੁੱਧੀ ਚੰਦ ਦੀ ਗੜ੍ਹੀ ਵੀ ਕਹਿੰਦੇ ਨੇ।
ਸ਼ਹੀਦੀਆਂ ਸ਼ਹਾਦਤ ਇਹ ਸਿਰਨਾਵੇਂ ਸਿੱਖੀ ਨਾਲ ਅਗੰਮੀ ਮਹਿਕ ਦੀ ਤਰ੍ਹਾਂ ਆਣ ਜੁੜੇ ਨੇ।ਸ਼ਹੀਦੀਆਂ ਦੀ ਦਾਸਤਾਨ ਵੱਡਾ ਜਜ਼ਬਿਆਂ ਦੇ ਸੋਹਿਲੇ ਨੇ। ਪਾਤਸ਼ਾਹ ਨੇ ਜੋ ਸਿੰਘਾਂ ਨੂੰ ਪਾਹੁਲ ਦਿੱਤੀ ਉਹ ਦੁਨੀਆਂ ਦੀ ਕਿਸੇ ਵੀ ਹਕੂਮਤ ਨੂੰ ਰਾਸ ਆ ਹੀ ਨਹੀਂ ਸਕਦੀ ਸੀ।
ਦੁਨੀਆਂ ‘ਚ ਲੋਭ ਲਾਲਚ ਵੱਸਦੇ ਸਨ,ਧੱਕੇਸ਼ਾਹੀਆਂ ਅਤੇ ਜੀ ਹਜ਼ੂਰੀਆਂ ਸਨ।ਪਾਤਸ਼ਾਹ ਨੇ ਖ਼ਾਲਸਾ ਹੋਵੇ ਖੁਦ ਖੁਦਾ ਦੀ ਤਸ਼ਬੀਹਾਂ ਵੰਡ ਦਿੱਤੀਆਂ
ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਜ਼ਿਕਰ ਹੈ :-
ਖਾਲਸੋ ਹੋਵੇ ਖੁਦ ਖੁਦਾ,
ਜਿਮ ਖੂਬੀ ਖੁਬ ਖੁਦਾਇ
ਆਨ ਨਾ ਮਾਨੈ ਆਨ ਕੀ
ਇਕ ਸੱਚੇ ਬਿਨ ਪਾਤਿਸਾਹਿ
ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਖਾਲਸਾ ਅਕਾਲੀ ਹੈ,ਕਾਲ ਤੋਂ ਮੁਕਤ ਹੈ।ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,ਉਸਦੀ ਚੇਤਨਾ ਵਿਚੋਂ ਮੌਤ ਪਾਪ ਅਤੇ ਮੈਂ ਗਾਇਬ ਹੋ ਚੁੱਕੇ ਨੇ। ਪ੍ਰੋ ਪੂਰਨ ਸਿੰਘ ਦਸ਼ਮੇਸ਼ ਪਾਤਸ਼ਾਹ ਬਾਰੇ ਜੋ ਬਿਆਨ ਪਟਨਾ ਸਾਹਿਬ ਵਿਖੇ ਕਰਦੇ ਨੇ ਉਹ ਚਮਕੌਰ ਦੀ ਜੰਗ ‘ਚ ਵਾਪਰੇ ਖਾਲਸੇ ਦੇ ਜਲੌਅ ਵਿੱਚ ਮਹਿਸੂਸ ਹੁੰਦਾ ਹੈ।
“ਸਵੇਰ ਦੇ ਸੂਰਜ ਦੀ ਸੁਨਿਹਰੀ ਰੌਸ਼ਨੀ ਦਾ ਆਨੰਦ ਮਾਣਦਿਆਂ ਉਹ ਮੈਨੂੰ ਗੰਗਾ ਦੇ ਕੰਢੇ ਬੈਠੇ ਨਜ਼ਰ ਆਉਂਦੇ ਹਨ।ਮਨ ਦੀਆਂ ਧਿਆਨਲੀਨ ਅੱਖਾਂ ਗੋਬਿੰਦ ਨੂੰ ਮਹਿਸੂਸ ਕਰਦੀਆਂ ਹਨ।ਉਹਨਾਂ ਲਈ ਮੁਹੱਬਤ ਮੈਨੂੰ ਉਹਨਾਂ ਦੇ ਹੋਰ ਰੂਪ ਵਿਖਾਉਂਦੀ ਹੈ।ਉਹ ਨਜ਼ਰ ਆਉਂਦੇ ਹਨ ਸੁਨਿਹਰੀ ਤੀਰਾਂ ਨੂੰ ਆਪਣੀ ਕਮਾਨ ‘ਤੇ ਖਿੱਚਦੇ ਹੋਏ।
ਮਹਿਸੂਸ ਹੁੰਦਾ ਹੈ ਕਿ ਪੂਰੇ ਦਾ ਪੂਰਾ ਪਟਨਾ ‘ਗੋਬਿੰਦ’ ਹੋ ਗਿਆ ਹੈ।ਉਹ ਰੌਸ਼ਨੀ ਦਾ ਮੁੱਜਸਮਾ ਹਨ ਜਿੱਥੇ ਲੋਕਾਂ ਨੂੰ ਖ਼ੁਦਾ ਨਜ਼ਰ ਆਉਂਦਾ ਹੈ।ਆਨੰਦ ਅਤੇ ਖੇੜਾ ਆ ਜਾਂਦਾ ਹੈ ਜਦੋਂ ਉਹ ਮਿਹਰ ਦੀ ਨਜ਼ਰ ਨਾਲ ਵੇਖਦੇ ਹਨ,ਛੂੰਹਦੇ ਹਨ।ਪਟਨਾ ਸਾਹਿਬ ‘ਚ ਗੁਰੁ ਗੋਬਿੰਦ ਸਿੰਘ ਜੀ ਨੂੰ ਮਹਿਸੂਸ ਕਰਨ ਦਾ ਸਫ਼ਰ ਅਜਿਹਾ ਹੈ।”
ਗੜ੍ਹੀ ਦੀਆਂ ਚਹੁੰਆਂ ਬਾਹੀਆਂ ਨਾਲ ਅੱਠ ਅੱਠ ਸਿੰਘ ਤੈਨਾਤ ਨੇ।ਗੜ੍ਹੀ ਦੇ ਦਰਵਾਜ਼ੇ ਦੀ ਪਹਿਰੇਦਾਰੀ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਦਿੱਤੀ ਐ। ਰਾਤ ਦਾ ਪਿਛਲਾ ਪਹਿਰ ਜਾ ਰਿਹਾ। 8 ਪੋਹ ਦਾ ਸੂਰਜ ਤਵਾਰੀਖ ਦਾ ਸੁਨਿਹਰਾ ਸਫਾ ਲਿਖਣ ਨੂੰ ਉਤਾਰੂ ਹੈ ਕਿ ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ

ਚਮਕੌਰ ਦੀ ਜੰਗ

ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਮੁਤਾਬਕ ਪਹਿਲਾ ਜਥਾ ਭਾਈ ਹਿੰਮਤ ਸਿੰਘ ਦਾ 20 ਸਿੰਘਾਂ ਨਾਲ ਗੜ੍ਹੀ ਵਿੱਚੋਂ ਬਾਹਰ ਨਿਕਲਿਆ। ਜਦ ਹਿੰਮਤ ਸਿੰਘ ਜੀ ਵੀਹਾਂ ਕੁ ਸਿੰਘਾਂ ਸਮੇਤ ਸਾਹਮਣੇ ਮੱਥੇ ਲੜਕੇ ਬੇਅੰਤ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਗਏ ਅਰ ਸਾਹਿਬ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਪਾਸੋਂ ਆਗਿਆ ਮੰਗੀ ਤਾਂ ਮਹਾਰਾਜ ਜੀ ਨੇ ਬੜੀ ਖੁਸ਼ੀ ਨਾਲ ਪਿਠ ਠੋਕ ਕੇ ਆਖਿਆ ਕਿ ਅਕਾਲ ਪੁਰਖ ਤੋਂ ਇਹੋ ਮੰਗਦੇ ਹਨ:-
ਜਬ ਆਵਕੀ ਅਉਧ ਨਿਦਾਨ ਬਨੈ ਅਤਹੀ ਰਨਮੈਂ ਤਬ ਜੂਝ ਮਰੌਂ
ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ 19 ਸਾਲ ਸੀ।ਵੱਡੇ ਵੀਰ ਨੂੰ ਸ਼ਹੀਦੀ ਜਾਮ ਚਖਦਿਆਂ ਵੇਖ ਕੇ ਜੁਝਾਰ ਸਿੰਘ ਨੂੰ ਵੀ ਚਾਅ ਚੜ੍ਹ ਗਿਆ।ਸਾਹਿਬਜ਼ਾਦਾ ਜੁਝਾਰ ਸਿੰਘ 15 ਸਾਲ ਦੇ ਸਨ। ਜ਼ਿਕਰ ਹੈ ਕਿ ਭਾਈ ਸਾਹਿਬ ਸਿੰਘ ਸਮੇਤ ਸੱਤ ਅੱਠ ਸਿੰਘਾਂ ਨਾਲ, ਸਾਹਿਬਜ਼ਾਦਾ ਜੁਝਾਰ ਸਿੰਘ ਮੈਦਾਨ ਵਿੱਚ ਸਨ ਤੇ ਸਾਹਮਣੇ ਵੱਡ ਅਕਾਰੀ ਮੁਗਲੀਆ ਫੌਜ।
ਉਸ ਰਾਤ ਜਿਵੇਂ ਮੁਗਲਾਂ ਤੇ ਪਠਾਨਾਂ ਨਾਲ ਜੁਝਾਰ ਸਿੰਘ ਜੂਝੇ, ਮੁਗਲਾਂ ਨੂੰ ਵੀ ਭੁਲੇਖੇ ਪੈਂਦੇ ਸੀ ਕਿ ਜੂਝਾਰ ਸਿੰਘ ਲੜ ਰਿਹਾ ਹੈ ਜਾਂ ਅਜੀਤ ਸਿੰਘ ਹੀ ਅਜੇ ਜਿਊਂਦੇ ਨੇ। ਆਪਣੇ ਭਰਾ ਵਾਂਗੂ ਹੀ ਜੂਝਾਰ ਸਿੰਘ ਲੜ ਰਹੇ ਸਨ। ਸਾਹਮਣੇ ਮੁਗਲ ਮੁਕਾਬਲਾ ਕਰ ਰਹੇ ਸਨ, ਦਿਲ ਅੰਦਰ ਖੌਫ ਪਸਰਿਆ ਸੀ ਕਿਉਂ ਕਿ ਸਾਹਮਣੇ ਪੁੱਤ ਗੁਰੂ ਗੋਬਿੰਦ ਸਿੰਘ ਦਾ ਸੀ।
ਸ਼ਹੀਦੀਆਂ ਦਾ ਗੀਤ ਲਿਖਿਆ ਜਾ ਰਿਹਾ ਸੀ। ਅਸਮਾਨ ਨੂੰ ਚੀਰਦੀ ਕਿਰਪਾਨ ਨੇ ਲਹੂ ਦੀ ਫੁਹਾਰਾਂ ਚਲਾਉਂਦਿਆਂ ਪੋਹ ਦੀ ਅਤਿ ਸਰਦੀ ਨੂੰ ਸਾਉਣ ਦਾ ਮਹੀਨਾ ਚਾੜ੍ਹ ਦਿੱਤਾ ਸੀ, ਸ਼ਹੀਦੀਆਂ ਕੋਈ ਆਮ ਵਰਤਾਰਾ ਨਹੀਂ।ਪੋਹ ਦਾ ਮਹੀਨਾ ਇਸ ਧਰਤੀ ‘ਤੇ ਤਪੱਸਵੀ ਬਣ ਜਾਂਦੈ। ਅਣਗਿਣਤ ਸੋਹਿਲੇ ਅੱਜ ਵੀ ਅਤੇ ਕੱਲ੍ਹ ਵੀ ਲਿਖੇ ਜਾਣਗੇ।ਇਤਿਹਾਸ ਦੀ ਖੁਸ਼ਬੋ ਨਾਲ ਸਿੰਘਾਂ ਦਾ ਚਾਅ ਉਘੜ ਪੈਂਦਾ। 1704 ਤੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ,ਚਮਕੌਰ ਦੀ ਜੰਗ,ਪਰਿਵਾਰ ਵਿਛੋੜੇ ਨੂੰ 1711 ਤੋਂ ਹੁਣ ਤੱਕ ਕਵਿ ਸੈਨਾਪਤਿ,ਭਾਈ ਦੁਨਾ ਸਿੰਘ ਹਡੂਰੀਆ,ਅੱਲ੍ਹਾ ਯਾਰ ਖ਼ਾਂ ਯੋਗੀ ਜਿਹੀਆਂ ਸ਼ਖਸੀਅਤਾਂ ਨੇ ਕਲਮਬੱਧ ਕੀਤਾ ਹੈ।
ਚਮਕੌਰ ਦੀ ਜੰਗ ਨੂੰ ਜਦੋਂ ਅੱਲ੍ਹਾ ਯਾਰ ਖ਼ਾਂ ਯੋਗੀ ਗੰਜ ਏ ਸ਼ਹੀਦਾਂ ਕਹਿ ਸੰਬੋਧਿਤ ਹੁੰਦੇ ਹਨ ਤਾਂ ਸਮਝ ਆਉਂਦਾ ਹੈ ਕਿ ਚਮਕੌਰ ਦੀ ਧਰਤੀ ਸ਼ਹੀਦਾਂ ਦੀ ਸੱਥ ਹੈ। ਪੋਹ ਦੀਆਂ ਸ਼ਹੀਦੀਆਂ ਨੂੰ ਜਿੰਨਾ ਕਲਮਬੱਧ ਕੀਤਾ ਉਸ ਅੱਲ੍ਹਾ ਯਾਰ ਖ਼ਾਂ ਯੋਗੀ ਦਾ ਜ਼ਿਕਰ ਵੀ ਸਦਾ ਰਹੇਗਾ।
ਚਮਕੌਰ ਦੀ ਜੰਗ ਵਿੱਚ ਪਾਲਿਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ।ਇਸ ਜੰਗ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।ਜ਼ੋਰਾਵਰ ਸਿੰਘ ਬੱਸੀ ਪਠਾਨਾਂ ਦੇ ਸਨ।
ਉਹਨਾਂ ਨੂੰ ਚਮਕੌਰ ਤੋਂ ਕੋਟਲਾ ਨਿਹੰਗ ਖਾਂ ਤੇ ਉੱਥੋਂ ਬੈਲ ਗੱਡੀ ‘ਤੇ ਮੰਡੀ ਗੋਬਿੰਦਗੜ੍ਹ ਦੇ ਨੇੜੇ ਪਿੰਡ ਡਡਹੇੜੀ ਵਿਖੇ ਮਾਈ ਪੂਪਾਂ ਦੇ ਪਹੁੰਚਾਇਆ ਗਿਆ।ਜਿੱਥੋਂ ਉਹ ਰਾਜ਼ੀ ਹੋਕੇ ਪਾਤਸ਼ਾਹ ਦਸਵੀਂ ਨੂੰ ਦਮਦਮਾ ਸਾਹਿਬ ਮਿਲੇ ਸਨ।ਇੱਥੋਂ ਜ਼ੋਰਾਵਰ ਸਿੰਘ ਵਾਪਸ ਬੱਸੀ ਆ ਗਏ ਅਤੇ ਫਿਰ ਖਿਜ਼ਰਾਬਾਦ ਰਹੇ। ਖਿਜ਼ਰਾਬਾਦ ਤੋਂ ਜ਼ੋਰਾਵਰ ਸਿੰਘ ਗੁਰੂ ਸਾਹਿਬ ਦੀ ਦੱਖਣ ਫੇਰੀ ਦਾ ਸੁਣ ਆਗਰੇ ਮੁੜ ਮਿਲੇ। ਆਗਰੇ ਤੋਂ ਬਾਅਦ ਚਿਤੌੜਗੜ੍ਹ ਰਾਜਸਥਾਨ ਗਏ ਜਿੱਥੇ ਉਹ ਕਿਲ੍ਹੇ ਨੂੰ ਵੇਖਣ ਵੇਲੇ ਮੁਗਲਾਂ ਨਾਲ ਖਹਿ ਗਏ।ਪਾਲਿਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਆਪਣੇ ਜੁਝਾਰੂ ਸੁਭਾਅ ਨਾਲ ਇੱਥੇ ਸ਼ਹੀਦੀਆਂ ਪਾ ਗਏ।ਖਿਜ਼ਰਾਬਾਦ ਪਾਲਿਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਬਸਤਰ ਤੇ ਨਿਸ਼ਾਨੀਆਂ ਵੀ ਪਈਆਂ ਹਨ।
ਆਜ ਖਾਸ ਭਏ ਖਾਲਸਾ
ਸਤਿਗੁਰ ਕੇ ਦਰਬਾਰ
8 ਪੋਹ 1762 ਬਿਕਰਮੀ
ਸਾਰਾ ਦਿਨ ਚਮਕੌਰ ਦੀ ਰਣਭੂਮੀ ਵਿੱਚ ਖੰਡਾ ਖੜਕਦਾ ਰਿਹਾ ਅਤੇ ਲਹੂ ਦੇ ਫੁਹਾਰੇ ਛੁੱਟਦੇ ਰਹੇ।ਗੁਰੂ ਜੀ ਅਟਾਰੀ ਵਿੱਚ ਬੈਠੇ ਜੰਗ ਦੀ ਕਮਾਨ ਕਰਦੇ ਰਹੇ ਅਤੇ ਵੈਰੀਆਂ ਨੂੰ ਤੀਰਾਂ ਨਾਲ ਵਿਨ੍ਹਦੇ ਰਹੇ। ਚਮਕੌਰ ਦੀ ਜੰਗ ‘ਚ ਮੁਹੱਬਤੀ ਵਰਤਾਰੇ ਦੀ ਮਿਸਾਲ ਸਮਝਣੀ ਹੋਵੇ ਤਾਂ ਨਰਿੰਜਨ ਸਿੰਘ ਸਾਥੀ ਇਸ ਮਿਸਾਲ ਦਾ ਜ਼ਿਕਰ ਕਰਦੇ ਨੇ ਕਿ ਖਾਲਸੇ ਦੀ ਸਿਰਜਨਾ ਤੋਂ ਬਾਅਦ ਪੰਥ ਦਾ ਪਹਿਲਾ ਗੁਰਮਤਾ ਚਮਕੌਰ ਦੀ ਜੰਗ ‘ਚ ਪੇਸ਼ ਹੋਇਆ।
ਭਾਈ ਦਇਆ ਸਿੰਘ ਕਹਿੰਦੇ ਕਿ ਪਾਤਸ਼ਾਹ ਬੇਨਤੀ ਹੈ ਕਿ ਤੁਸੀਂ ਗੜ੍ਹੀ ਛੱਡ ਜਾਵੋ।ਪਾਤਸ਼ਾਹ ਕਹਿੰਦੇ ਇਹ ਕਿਵੇਂ ਹੋ ਸਕਦੈ ਕਿ ਮੈਂ ਤੁਹਾਨੂੰ ਰਣ ਵਿੱਚ ਛੱਡ ਜਾਵਾ, ਭਾਈ ਦਇਆ ਸਿੰਘ ਕਹਿੰਦਾ ਪਾਤਸ਼ਾਹੋ ਆਪ ਦਾ ਫਰਮਾਨ ਹੈ ਕਿ ਪੰਜ ਸਿੰਘ ਕੋਈ ਗੁਰਮਤਾ ਸੋਧਣਗੇ ਤਾਂ ਉਹ ਗੁਰੂ ਨੂੰ ਵੀ ਮੰਨਣਾ ਪਵੇਗਾ।ਸੋ ਖਾਲਸਾ ਆਪ ਨੂੰ ਹੁਕਮ ਕਰਦਾ ਹੈ ਕਿ ਤੁਸੀਂ ਇਸ ਵੇਲੇ ਗੜ੍ਹੀ ਵਿੱਚੋਂ ਨਿਕਲਕੇ ਸੁਰੱਖਿਅਤ ਥਾਂ ਵੱਲ ਜਾਵੋ।
ਗੁਰੂ ਜੀ ਨਾਲ ਭਾਈ ਦਇਆ ਸਿੰਘ,ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਜਾਣਗੇ ਇਹ ਫੈਸਲਾ ਹੋਇਆ। ਖਾਲਸੇ ਦੀ ਸਾਜਨਾ ਵੇਲੇ ਦਸ਼ਮੇਸ਼ ਪਿਤਾ ਨੇ ਆਪੇ ਗੁਰ ਚੇਲਾ ਦਾ ਕੌਤਕ ਰਚਿਆ ਸੀ।ਪਾਤਸ਼ਾਹ ਨੇ ਚਮਕੌਰ ਦੀ ਗੜ੍ਹੀ ‘ਚ ਇਹ ਕੌਤਕ ਫਿਰ ਦੁਹਾਰਾਇਆ।
ਭਾਈ ਸੰਗਤ ਸਿੰਘ ਨੂੰ ਥਾਪੜਾ ਦੇ ਗੱਲ ਨਾਲ ਲਾ ਫੁਰਮਾਇਆ ਕਿ ਸਿੰਘਾਂ ਗੜ੍ਹੀ ਵਿੱਚ ਮੇਰੇ ਤੋਂ ਬਾਅਦ ਤੂੰ ਜਥੇਦਾਰ ਹੋਵੇਂਗਾ।ਤੂੰ ਉੱਥੇ ਮੇਰੇ ਆਸਣ ‘ਤੇ ਬੈਠੇਗਾਂ ਤੇ ਕਮਾਨ ਸਾਂਭਗੇ।ਭਾਈ ਸੰਗਤ ਸਿੰਘ ਨੂਰਪੁਰ ਬੇਦੀ ਨੇੜੇ ਪਿੰਡ ਕੱਟਾ ਸਬੌਰ ਦੇ ਵਾਸੀ ਸਨ।ਗੁਰੂ ਜੀ ਉਹਨਾਂ ਦੇ ਪਿੰਡ ਗਏ ਤਾਂ ਭਾਈ ਸੰਗਤ ਸਿੰਘ ਉਹਨਾਂ ਦੇ ਹੀ ਹੋ ਗਏ।
ਜੋਤ ਦਈ ਤਿਹ ਕੋ ਅਪਨੀ ਪੁਨਿ
ਦੀ ਕਲਗੀ ਔ ਜਿਗਾ ਸੁਖਦਾਨੀ
ਸੰਗਤ ਸਿੰਘ ਹੈ ਨਾਮ ਜਿਸੈ ਕਛੁ
ਤਾ ਬਪੁ ਹੈ ਕਰਿ ਸ੍ਰੀ ਗੁਰੂ ਸਾਨੀ
~ ਗੁਰ ਬਿਲਾਸ ਪਾਤਸ਼ਾਹੀ 10 ਕੋਇਰ ਸਿੰਘ
ਭਾਈ ਸੰਗਤ ਸਿੰਘ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਸਨ।ਮੁਗਲੀਆ ਫੌਜ ਨੂੰ ਚਾਅ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਲੈ ਆਂਦਾ ਹੈ।ਭਾਈ ਸੰਗਤ ਸਿੰਘ ਗੁਰੂ ਦੇ ਪਾਤਸ਼ਾਹੀ ਪੈਂਡਿਆਂ ਦੇ ਰਾਹੀ ਸਨ।ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੜ੍ਹੀ ਚਮਕੌਰ ਦੀ ‘ਚੋਂ ਤਾੜੀ ਮਾਰ ਐਲਾਨ ਕਰਕੇ ਗਏ
9 ਪੋਹ ਦੀ ਰਾਤ ਨੂੰ ਸੁੰਨਸਾਨ ਮੈਦਾਨ ਵਿਚ ਲਾਸ਼ਾਂ ਦੇ ਢੇਰ ਵਿਚੋਂ ਕੁਝ ਪਛਾਣਦੀ ਇਕ ਬੀਬੀ ਫਿਰ ਰਹੀ ਸੀ।ਲਾਸ਼ਾਂ ਦੇ ਇਸ ਮੈਦਾਨ ਨੂੰ ਅੱਲ੍ਹਾ ਯਾਰ ਖਾਂ ਯੋਗੀ ਗੰਜ ਏ ਸ਼ਹੀਦਾਂ ਕਹਿੰਦੇ ਨੇ।ਇਹ ਬੀਬੀ ਸ਼ਰਨ ਕੌਰ ਸੀ।ਪਿੰਡ ਰਾਏਪੁਰ ਦੀ ਬੀਬੀ ਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਦਾ ਅਤੇ ਸਿੰਘਾਂ ਦਾ ਸਸਕਾਰ ਕੀਤਾ।
ਅੱਧੀ ਰਾਤ ਦੇ ਬਾਅਦ ਇਕ ਨਾਰਿ ਆਈ,
ਦੀਵਾ ਹੱਥ ਤੇ ਭੇਸ ਤੁਰਕਾਨ ਵਾਲਾ
ਫਿਰਦੀ ਮਲਕੜੇ ਗੜ੍ਹੀ ਦੇ ਬਾਹਰ ਅੰਦਰ,
ਲੋਥਾਂ ਵਿਚ ਝੁਕਦੀ ਕਰਦੀ ਢੂੰਡ ਭਾਲਾ
ਮੂੰਹ ਦੇਖਦੀ ਸਿਰੇ ਤੇ ਕੇਸ ਤੱਕੇ,
ਸਿੱਖ ਸਯਾਣਦੀ ਚੁੱਕਦੀ ਆਪ ਬਾਲਾ
ਲੈਕੇ ਮਲਕੜੇ ਜਾਂਵਦੀ ਇਕ ਪਾਸੇ,
ਰਖਦੀ ਹੇਠ ਉਪਰ ਅਤੇ ਨਾਲ ਨਾਲਾ
~ ਸ੍ਰੀ ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ
ਪਿਤਾ ਦਸ਼ਮੇਸ਼ ਦੀ ਧੀ ਬੀਬੀ ਸ਼ਰਨ ਕੌਰ ਸਿੰਘਾਂ ਦੇ ਸਸਕਾਰ ਕਰਦੀ 9 ਪੋਹ 1761 ਬਿਕਰਮੀ ਨੂੰ ਕੱਚੀ ਗੜ੍ਹੀ ਦੇ ਸ਼ਹੀਦ ਸਿੰਘਾਂ ਦੀ ਸੇਵਾ ਨਿਭਾਉਂਦਿਆਂ ਦੁਸ਼ਮਨ ਦੀ ਗ੍ਰਿਫਤ ਵਿੱਚ ਆ ਗਈ ਅਤੇ ਮੁਕਾਬਲਾ ਕਰਦਿਆਂ ਸ਼ਹੀਦੀ ਪਾ ਗਈ।
ਜ਼ਿਕਰ ਹੈ ਕਿ ਭਾਈ ਰਾਮਾ ਤੇ ਤਿਲੋਕਾ ਨੂੰ ਪਤਾ ਲੱਗਾ ਸਿੰਘ ਤੇ ਗੁਰੂ ਪੁੱਤਰ ਸ਼ਹੀਦੀਆਂ ਪਾ ਗਏ ਨੇ।
ਉਹਨਾਂ ਦਸਮ ਪਿਤਾ ਦੇ ਗੜ੍ਹੀ ਵਿਚੋਂ ਨਿਕਲਣ ਦੀ ਖ਼ਬਰ ਵੀ ਸੁਣੀ। ਸਰਹਿੰਦ ਮਾਮਲਾ ਦੇਣ ਆਏ ਸਨ।ਦੋਵੇਂ ਭਰਾਵਾਂ ਨੇ ਸਲਾਹ ਕੀਤੀ ਤੇ ਚਮਕੌਰ ਪਹੁੰਚ ਗਏ।ਉਹਨਾਂ ਅੱਧ ਜਲੀ ਲੋਥ ਬੀਬੀ ਸ਼ਰਨ ਕੌਰ ਦੀ ਵੀ ਲੱਭੀ।ਬੀਬੀ ਸ਼ਰਨ ਕੌਰ ਦੀ ਸਸਕਾਰ ਦੀ ਸੇਵਾ ਕਰਦਿਆਂ ਸ਼ਹੀਦੀ ਪਾਉਣ ਨੇ ਉਹਨਾਂ ਨੂੰ ਹੋਰ ਜਜ਼ਬਾ ਦਿੱਤਾ।ਉਹਨਾਂ ਸਿੰਘਾਂ ਦੇ ਬੀਬੀ ਸ਼ਰਨ ਕੌਰ ਦਾ ਸਸਕਾਰ ਕੀਤਾ।ਉਹਨਾਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਲੱਭੇ।ਇੰਝ ਭਾਈ ਰਾਮਾ ਤੇ ਤਿਲੋਕੇ ਨੇ 10 ਪੋਹ 1761 ਬਿਕਰਮੀ ਨੂੰ ਸ਼ਹੀਦਾਂ ਦੇ ਸਸਕਾਰ ਕੀਤੇ ਤੇ ਤੀਜੇ ਦਿਨ ਸ਼ਹੀਦੀਆਂ ਦੀਆਂ ਅਸਥੀਆਂ ਮਿੱਟੀ ਦੇ ਮਟਕੇ ‘ਚ ਪਾਕੇ ਧਰਤੀ ‘ਚ ਦੱਬ ਨਗਰ ਫੂਲ ਨੂੰ ਆ ਗਏ।
ਬਾਅਦ ‘ਚ ਭਾਈ ਰਾਮ ਤੇ ਤਿਲੋਕਾ ਅੰਮ੍ਰਿਤ ਛੱਕ ਸਿੰਘ ਸਜੇ ਅਤੇ ਗੁਰੂ ਨੂੰ ਮਿਲੇ ਅਤੇ ਪਾਤਸ਼ਾਹ ਨੇ ਉਹਨਾਂ ਨੂੰ ਵਰ ਦਿੱਤੇ।ਭਾਈ ਰਾਮ ਸਿੰਘ ਤਿਲੋਕ ਸਿੰਘ ਦੇ ਵਾਰਸ ਅੱਗੇ ਚੱਲਕੇ ਨਾਭੇ,ਪਟਿਆਲੇ ਤੇ ਜੀਂਦ ਦੇ ਰਾਜੇ ਬਣੇ।
ਪਾਤਸ਼ਾਹ ਗੜ੍ਹੀ ਚੋਂ ਨਿਕਲ ਮਾਛੀਵਾੜੇ ਦੇ ਜੰਗਲਾਂ ਨੂੰ ਆਣ ਪਹੁੰਚੇ ਨੇ
ਵਾਹੀ ਆਉਂਦਾ ਵੱਖਰੀ ਲਕੀਰ ਪਾਤਸ਼ਾਹ
ਕੰਡਿਆਂ ‘ਤੇ ਸੁੱਤਾ ਹੈ ਫ਼ਕੀਰ ਪਾਤਸ਼ਾਹ

ਹਵਾਲੇ :-

ਚਰਣੁ ਚਲਹੁ ਮਾਰਗਿ ਗੋਬਿੰਦ – ਨਿਰੰਜਨ ਸਿੰਘ ਸਾਥੀ
ਪੋਹ ਦੀਆਂ ਰਾਤਾਂ – ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ
ਇਲਾਹੀ ਨਦਰਿ ਦੇ ਪੈਂਡੇ – ਹਰਿੰਦਰ ਸਿੰਘ ਮਹਿਬੂਬ
ਸਹਿਜੇ ਰਚਿਓ ਖਾਲਸਾ – ਹਰਿੰਦਰ ਸਿੰਘ ਮਹਿਬੂਬ
ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ – ਚੇਤਨ ਸਿੰਘ
ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ
ਸਿੱਖ ਪੰਥ ਦਾ ਸੂਰਮਾ ਹਲਵਾਈ – ਭੱਕਰ ਸਿੰਘ
ਕਲਗੀਧਰ ਚਮਤਕਾਰ – ਭਾਈ ਵੀਰ ਸਿੰਘ