ਪਰਿਵਾਰ ਵਿਛੋੜਾ

ਸ਼ਹੀਦੀਆਂ: ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ (ਭਾਗ 2)

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਸ਼ਹੀਦੀਆਂ
ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ – ਭਾਗ 2
ਪਤਾ ਹੈ ਚੜ੍ਹਦੀਕਲਾ ਕੀ ਹੁੰਦੀ ਏ ? ਆਨੰਦਪੁਰ ਸਾਹਿਬ ਪਤਾ ਹੈ ਹੁਣ ਨਹੀਂ ਪਰਤਣਾ।ਸ਼ਾਹੀ ਟਿੱਬੀ ‘ਤੇ ਵੱਡੀ ਜੰਗ ਦਰਪੇਸ਼ ਪੈ ਗਈ ਸੀ।ਭਾਈ ਉਦੇ ਸਿੰਘ ਭਾਈ ਜੀਵਨ ਸਿੰਘ ਅਤੇ ਸਿੰਘ ਸ਼ਹੀਦੀਆਂ ਪਾ ਗਏ ਹਨ। ਚੜ੍ਹਦੀਕਲਾ ਇਹ ਹੁੰਦੀ ਹੈ।ਪਿੱਛੇ ਦੁਸ਼ਮਨ ਹੈ ਆਪਣੀ ਤੋੜੀਆਂ ਗਊ ਕੁਰਾਨ ਦੀ ਕਸਮਾਂ ਨਾਲ ਅਤੇ ਅੱਗੇ ਸਰਸਾ ਹੈ |
ਪਾਤਸ਼ਾਹ ਜਾਣਦੇ ਹਨ ਕਿ ਇਹਨਾਂ ਪੈਂਡਿਆਂ ‘ਤੇ ਪੋਹ ਦੀਆਂ ਸ਼ਹੀਦੀਆਂ ਨੇ ਨਵੀਂ ਤਵਾਰੀਖ ਲਿਖਣੀ ਹੈ। ਫਿਰ ਵੀ ਅਢੋਲ ਨਿਰਭਓ ਨਿਰਵੈਰ, ਸਾਹਮਣੇ ਜੋ ਦੁਸ਼ਮਨ ਹੈ ਪਹਿਲਾ ਵਾਰ ਉਹਦਾ ਹੈ।ਸਰਸਾ ਨਦੀ ਬਹੁਤ ਚੜ੍ਹਕੇ ਆਈ ਹੈ।
7 ਮਹੀਨੇ ਘੇਰੇ ਵਿੱਚ ਬਾਹਰ ਆਏ ਤਾਂ ਵੱਡਾ ਹਮਲਾ ਹੋਇਆ ਹੈ,
ਅੱਗੇ ਕਿੱਧਰ ਨੂੰ ਜਾਣਾ ਹੈ ਇਹ ਸਿਰਫ ਪਾਤਸ਼ਾਹ ਦੇ ਰੰਗ ਹਨ,
ਨਦੀ ਪਾਰ ਕਰਨੀ ਹੈ,ਦੁਸ਼ਮਨ ਪਿੱਛੇ ਆ ਰਿਹਾ ਹੈ |
ਪਰ ਪਾਤਸ਼ਾਹ ! ਧੰਨ ਪਾਤਸ਼ਾਹ ਦੇ ਚੋਜ
ਸਵੇਰੇ ਦਾ ਸਮਾਂ ਹੈ। ਪਾਤਸ਼ਾਹ ਅੰਮ੍ਰਿਤ ਵੇਲਾ ਸੰਭਾਲਦਿਆਂ ਸਰਸਾ ਨਦੀ ਦੇ ਕੰਢੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ।
ਦਿਵਸ ਚੜ੍ਹਯੋ ਲਾਂਘਾ ਪਰਯੋ ਉਤਰ ਗਯੋ ਕਿਛ ਨੀਰ
ਕੋ ਆਗੈ ਕੋ ਪਾਛੈ ਵੜਯੋ ਪਰਯੋ ਨਾ ਕਿਨਹੁੰ ਧਰਿ
ਸਾਹਿਬਜ਼ਾਦੇ ਛਡ ਦੋਊ ਰਹੇ ਸੁ ਸਤਿਗੁਰ ਸਾਥ
ਛੋਟੇ ਗਏ ਵਡ ਮਾਤ ਸੰਗ ਭਈ ਐਸੀ ਕਿਛ ਬਾਤ
~ ਸ੍ਰੀ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ
ਸਰਸਾ ਨਾਰਾ ਬਡੋ ਗੁਰ ਮਾਰਾ ਲਹਯੋ ਇਹ ਔਸਰ ਨੀਰ ਬਢਾਯੋ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਰਸਾ ਨਦੀ ‘ਚ ਆਪਣਾ ਘੋੜਾ ਠੱਲ ਦਿੱਤਾ ਹੈ।ਸਰਸਾ ਵਿਚਕਾਰ ਰੁਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਤੇ ਨਾਮੀ ਜਰਨੈਲ ਢੇਰੀ ਕਰ ਦਿੱਤੇ। ਵੱਡੇ ਸਾਹਿਬਜ਼ਾਦੇ ਪਾਤਸ਼ਾਹ ਨਾਲ ਸਰਸਾ ਪਾਰ ਕਰ ਗਏ।ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ।
ਕੋਈ ਪਾਰ ਹੋ ਗਿਆ,
ਕੋਈ ਕਾਫਲੇ ਵਿੱਚੋਂ ਰੁੜ ਗਿਆ
ਕੋਈ ਸ਼ਹੀਦੀ ਪ੍ਰਾਪਤ ਕਰ ਗਿਆ।
ਅਨੇਕਾਂ ਗ੍ਰੰਥ ਸਮੇਤ ਵੱਡ ਅਕਾਰੀ ਗ੍ਰੰਥ ਵਿੱਦਿਆਸਰ ਵੀ ਸਰਸਾ ਦੀ ਭੇਟ ਚੜ੍ਹ ਗਿਆ।ਕਈ ਸਿੱਖ ਬੀਬੀਆਂ ਤੇ ਬਿਰਧ ਸ਼ਹੀਦੀਆਂ ਪਾ ਗਏ।
ਸਰਸਾ ਨਦੀ ਪਾਰ ਕਰਕੇ ਗੁਰੂ ਸਾਹਬ ਰੋਪੜ ਵੱਲ ਵਧੇ ਤਾਂ ਪਤਾ ਲੱਗਾ ਕਿ ਅੱਗੋਂ ਸਰਹਿੰਦ ਵਲੋਂ ਤੁਰਕ ਫੌਜ ਚੜ੍ਹੀ ਆਉਂਦੀ ਹੈ। ਭਾਈ ਬੱਚਿਤਰ ਸਿੰਘ ਇਕ ਸੌ ਸਿੰਘਾਂ ਨਾਲ ਮਲਕਪੁਰ ਰੰਘੜਾਂ ਵਿਚ ਤੈਨਾਤ ਕੀਤੇ।ਗੁਰੂ ਸਾਹਿਬ ਪਿੰਡ ਕੋਟਲਾ ਨਿਹੰਗ ਖਾਂ ਪਹੁੰਚੇ।
ਮਲਕਪੁਰ ਰੰਘੜਾਂ ‘ਚ ਸਾਰੇ ਸਿੰਘ ਗਹਿ ਗਚ ਲੜਾਈ ਲੜਦਿਆਂ ਸ਼ਹੀਦ ਹੋ ਗਏ।ਭਾਈ ਬੱਚਿਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਮਦਨ ਸਿੰਘ ਕੁਝ ਸਿੰਘਾਂ ਨਾਲ ਪਿੱਛੇ ਆ ਰਹੇ ਸਨ।ਉਹਨਾਂ ਭਾਈ ਬੱਚਿਤਰ ਸਿੰਘ ਨੂੰ ਮੈਦਾਨ ਤੋਂ ਜ਼ਖਮੀ ਹਾਲਤ ਵਿੱਚ ਨਿਹੰਗ ਖਾਨ ਦੀ ਗੜ੍ਹੀ ‘ਚ ਲੈ ਆਂਦਾ।
ਸ੍ਰੀ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ
ਅਗੇ ਆਈ ਰੋਪੜ ਤੁਰਕਾਰੀ ਬਹੁਤ ਪਠਾਣ ਹੋਤ ਜਹਿ ਮਾਰੀ
ਥੇ ਹੁਤੇ ਨੌਕਰ ਥੇ ਸਤਿਗੁਰ ਘਣੇ ਪਾਵਤ ਇਨਾਮ ਸੋਊ ਅਣਗਿਣੇ
ਘੋੜੇ ਜੋੜ ਉਨ ਦੇਤ ਇਨਾਮ ਭਏ ਬੇਈਮਾਨ ਨ ਆਏ ਕਾਮ
ਨਿਹੰਗ ਖਾ ਪਠਾਣ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਰਿਸ਼ਤਾ ਇਤਿਹਾਸ ਦਾ ਸਤਕਾਰਤ ਹਵਾਲਾ ਹੈ। ਉਹ ਨਿਹੰਗ ਖਾਨ ਜਿੰਨ੍ਹਾਂ ਜ਼ਖ਼ਮੀ ਹਾਲਤ ਵਿਚ ਭਾਈ ਬੱਚਿਤਰ ਸਿੰਘ ਨੂੰ ਆਪਣੀ ਧੀ ਬੀਬੀ ਮੁਮਤਾਜ਼ ਦੇ ਕਮਰੇ ‘ਚ ਵਾੜ ਕਿਹਾ ਕਿ ਇੱਥੇ ਮੇਰੀ ਧੀ ਤੇ ਜਵਾਈ ਹਨ ਤੁਸੀਂ ਇਸ ਕਮਰੇ ਦੀ ਤਲਾਸ਼ੀ ਨਾ ਲਵੋ।
ਨਿਹੰਗ ਖਾ ਦੇ ਘਰੋਂ ਗੁਰੂ ਗੋਬਿੰਦ ਸਿੰਘ ਜੀ ਬਾਹਮਣ ਮਾਜਰਾ ਪਹੁੰਚੇ।ਨਿਹੰਗ ਖਾਂ ਦਾ ਮੁੰਡਾ ਰਾਹ ਦਾ ਭੇਤੀ ਹੋਣ ਕਰਕੇ ਪਿੰਡ ਲਖੀਮਪੁਰ ਤੱਕ ਨਾਲ ਗਿਆ। ਇੱਥੇ ਥੌੜ੍ਹੀ ਦੇਰ ਰੁਕਣ ਤੋਂ ਬਾਅਦ ਪਾਤਸ਼ਾਹ ਬੂੜਮਾਜਰੇ ਚਲੇ ਗਏ।
ਮਾਜਰ ਬੂਰ ਸੁਨਾ ਇਕ ਗ੍ਰਾਮ,
ਠਾਢ ਭਏ ਤਿਤ ਪ੍ਰਭ ਗੁਣ ਧਾਮ
ਪਾਣੀ ਪੀਓ ਤਹਾਂ ਗੁਰਦੇਵਾ,
ਤਨਕ ਭਨਕ ਪਾਇਓ ਕਛ ਭੇਵਾ
~ ਗੁਰਬਿਲਾਸ ਪਾਤਸ਼ਾਹੀ ਦਸਵੀਂ – ਭਾਈ ਸੁੱਖਾ ਸਿੰਘ
ਸਾਖੀ ਹੈ ਕਿ ਬੀਬੀ ਮੁਮਤਾਜ਼ ਨੇ ਆਪਣੇ ਪਿਤਾ ਦੇ ਧੀ ਜਵਾਈ ਦੇ ਬਿਰਤਾਂਤ ਤੋਂ ਬਾਅਦ ਭਾਈ ਬੱਚਿਤਰ ਸਿੰਘ ਨਾਲ ਹੀ ਆਪਣਾ ਨਾਮ ਜੋੜ ਲਿਆ।ਭਾਈ ਬਚਿੱਤਰ ਸਿੰਘ ਅਤਿ ਜਖਮੀ ਹਾਲਤ ਵਿੱਚ ਸ਼ਹੀਦ ਹੋ ਗਏ। ਇੱਥੇ ਹੀ ਨਿਹੰਗ ਖਾਂ ਨੇ ਭਾਈ ਗੁਰਦਾਸ ਸਿੰਘ ਗਹੂਣੀਆਂ ਤੇ ਬੱਗਾ ਸਿੰਘ ਤਰਖਾਣ ਨੂੰ ਬੁਲਾਕੇ ਦਿਨ ਚੜ੍ਹਣ ਤੋਂ ਪਹਿਲਾਂ ਹੀ ਖੂਹ ਕੋਲ ਭਾਈ ਬਚਿੱਤਰ ਸਿੰਘ ਦਾ ਸਸਕਾਰ ਕਰ ਦਿੱਤਾ ਸੀ।
ਬੀਬੀ ਮੁਮਤਾਜ਼ ਨੇ ਕੋਟਲਾ ਨਿਹੰਗ ਤੋਂ ਕੁਝ ਵਿਥ ‘ਤੇ ਬੜੀ ਨੇੜੇ ਆਪਣਾ ਠਿਕਾਣਾ ਬਣਾਇਆ। ਜਿੱਥੇ ਉਹਨਾਂ ਬਾਕੀ ਜ਼ਿੰਦਗੀ ਭਜਨ ਬੰਦਗੀ ਅਤੇ ਸਿੰਘਾਂ ਦੀ ਵਹੀਰ ਦਾ ਠਾਹਰ ਅਤੇ ਉਹਨਾਂ ਦੀ ਮਦਦ ਕਰਨ ਵਿਚ ਲਾ ਦਿੱਤੀ।ਇਹ ਸਿੰਘਾਂ ਦਾ ਖਾਸ ਗੁਪਤ ਠਿਕਾਣਾ ਸੀ।ਬੀਬੀ ਮੁਮਤਾਜ਼ ਬਹੁਤ ਲੰਮੀ ਉਮਰ ਹੰਡਾਉਣ ਤੋਂ ਬਾਅਦ ਗੁਰਪੁਰਵਾਸੀ ਹੋ ਗਏ।

ਇੱਕ ਹਵਾਲਾ ਇਹ ਵੀ ~ 1947

ਨਿਹੰਗ ਖ਼ਾਂ ਪਰਿਵਾਰ ‘ਤੇ ਉਹ ਸਮਾਂ ਵੀ ਆਇਆ।ਜਦੋਂ 1947 ਦੀ ਵੰਡ ਹੋਈ।ਪੰਜਾਬ ਦੀ ਧਰਤੀ ‘ਤੇ ਲਾਸ਼ਾਂ ਵਿਛੀਆਂ ਦੇ ਉਜਾੜੇ ਦੀ ਇਸ ਦਾਸਤਾਨ ਵਿਚ ਉਹਨਾਂ ਦੇ ਪਰਿਵਾਰ ਦੀ ਅਗਲੀ ਪੀੜੀ ਨੂੰ ਨਵੇਂ ਬਣੇ ਮੁਲਕ ਪਾਕਿਸਤਾਨ ਵੱਲ ਜਾਣਾ ਪਿਆ। ਇਹਨਾਂ ਹੱਲਿਆਂ ਵਿੱਚ ਉਹਨਾਂ ਪਰਿਵਾਰ ਦੀਆਂ ਕੁੜੀਆਂ ਦਾ ਸਰਹਿੰਦ ਕਤਲ ਹੋਇਆ।
ਗੁਰ ਬਿਲਾਸ ਪਾਤਸ਼ਾਹੀ ਦਸਵੀਂ ਕੋਇਰ ਸਿੰਘ,ਗੁਰ ਬਿਲਾਸ ਭਾਈ ਸੁੱਖਾ ਸਿੰਘ,ਤਵਾਰੀਖ ਸਿੱਧੂ ਬੈਰਾੜਾਂ ਅਤੇ ਖਾਨਦਾਨ ਫੂਲ ਮੁਤਾਬਕ ਗੁਰੂ ਸਹਿਬ ਦੇ ਮਹਿਲਾਂ ਬਾਰੇ ਇਤਿਹਾਸਕ ਦੋ ਸਾਖੀ ਹਨ। ਜਿਵੇਂ ਕਿ ਸਿੱਖ ਇਤਿਹਾਸ ਦੇ ਖੋਜੀ ਭੱਕਰ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਖਾਲਸਾ ਬਿਆਨ ਕਰਦੇ ਹਨ।
ਸਰਸਾ ਨਦੀ ਤੋਂ ਮਾਤਾ ਗੁਜਰੀ ਜੀ ਕੁੰਮਾ ਮਾਸ਼ਕੀ ਦੇ ਪੱਤਣ ਨੂੰ ਸਰਸਾ ਦੇ ਕੰਢੇ ਅਤੇ ਅੱਗੇ ਸਤਿਲੁਜ ਦੇ ਕੰਢਿਓ ਗਏ ਹਨ ਅਤੇ ਗੰਗੂ ਮਾਹਮਣ ਉਹਨਾਂ ਨੂੰ ਇੱਥੋਂ ਅੱਗੋਂ ਮਿਲਿਆ ਹੈ।ਜਿੱਥੋਂ ਦਾ ਇਤਿਹਾਸ ਅੱਗੇ ਕੀ ਹੈ ਅਸੀਂ ਜਾਣਦੇ ਹਾਂ।
ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰੀ ਜੀ,ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ,ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਨਾਲ ਭਾਈ ਜਵਾਹਰ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਰੋਪੜ ਤੋਂ ਸੁਹਾਣੇ,ਨਾਹਨ,ਹਰਿਦੁਆਰ ਤੋਂ ਹੁੰਦਿਆਂ ਭਾਈ ਜਵਾਹਰ ਸਿੰਘ ਦੀ ਦਿੱਲੀ ਹਵੇਲੀ ‘ਚ ਪਹੁੰਚੇ ਹਨ।
ਦੂਜਾ ਮਤ ਹੈ ਕਿ ਅਨੰਦਪੁਰ ਛੱਡਣ ਤੋਂ ਬਾਅਦ ਗੁਰੂ ਦੇ ਮਹਿਲ ਚਮਕੌਰ ਸਾਹਿਬ ਤੋਂ ਜੰਗ ਹੋਣ ਤੋਂ ਪਹਿਲਾਂ ਬਾਕੀ ਸਿੰਘ ਅਤੇ ਭਾਈ ਲਾਲ ਚੰਦ ਬੂੜੀਆ ਨਾਲ ਸਰਹਿੰਦ ਮਰਵਾਹਾ ਖੱਤਰੀ ਦੇ ਘਰ ਤੋਂ ਲੱਖੀ ਜੰਗਲ ਬਿਣਾਂ ਪੈੜ ਛੱਡਦਿਆਂ ਗੁਪਤ ਰੂਪ ਵਿੱਚ ਕੋਟਕਪੂਰੇ ਪਹੁੰਚੇ।
ਇੱਥੇ ਕਈ ਮਹੀਨੇ ਮਾਤਾਵਾਂ ਠਹਿਰੀਆਂ ਹਨ।ਚੌਧਰੀ ਕਪੂਰ ਸਿੰਘ ਦਾ ਇਲਾਕੇ ‘ਚ ਜ਼ੋਰ ਸੀ ਅਤੇ ਦਿੱਲੀ ਖਤਰੇ ਭਰਿਆ ਵੀ ਸੀ।
ਜੰਗ ਚਮਕੌਰ ਦੀ ਹੋਣ ਵਾਲੀ ਹੈ
ਜਿੰਨ੍ਹੇ ਇਤਿਹਾਸ ਦੀ ਸਰਦਲ ‘ਤੇ ਅਗੰਮੀ ਤਵਾਰੀਖ ਲਿਖਣੀ ਹੈ।ਇਹ ਯੋਧਿਆਂ ਦੀ ਵਾਰ ਗਾਉਂਦੀ ਧਰਤੀ ਹੈ।
ਗੁਰੂ ਦੇ ਮਹਿਲ ਦਿੱਲੀ ਜਾਂ ਦੂਜੇ ਮੱਤ ਮੁਤਾਬਕ ਕੋਟਕਪੂਰੇ ਵੱਲ ਨੂੰ ਚੱਲ ਪਏ ਹਨ।ਮਾਤਾ ਗੁਜਰੀ ਦੇ ਨਾਲ ਨਿੱਕੇ ਸਾਹਿਬਜ਼ਾਦਿਆਂ ਨੇ ਦਰਿਆਵਾਂ ਨਾਲ ਤੁਰਦਿਆਂ ਸ਼ਹਾਦਤ ਦੀ ਉਹ ਗਾਥਾ ‘ਚ ਦਰਜ ਹੋਣਾ ਹੈ ਜੋ ਪੋਹ ਦੀਆਂ ਸ਼ਹੀਦੀਆਂ ਦੀ ਲਾਸਾਨੀ ਤਵਾਰੀਖ ਹੈ।
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਵਾ ਲੱਖ ਨਾਲ ਇਕ ਸਿੰਘ ਨੂੰ ਲੜਾਉਂਦਿਆਂ ਵੈਰੀ ਦੀ ਹਿੱਕ ‘ਤੇ ਜੁਝਾਰੂ ਗਾਥਾ ਨੂੰ ਤਸਦੀਕ ਕਰਨ ਲਈ ਤਿਆਰ ਹਨ-
ਧਰਤੀ ਚਮਕੌਰ ਦੀ ਉਡੀਕ ਰਹੀ ਹੈ
ਗੁਰੂ ਦੇ ਸੁਭਾਗੀ ਚਰਨਾ ਨੂੰ…
ਹਵਾਲੇ :-
ਚਰਣੁ ਚਲਹੁ ਮਾਰਗਿ ਗੋਬਿੰਦ – ਨਿਰੰਜਨ ਸਿੰਘ ਸਾਥੀ
ਪੋਹ ਦੀਆਂ ਰਾਤਾਂ – ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ
ਇਲਾਹੀ ਨਦਰਿ ਦੇ ਪੈਂਡੇ – ਹਰਿੰਦਰ ਸਿੰਘ ਮਹਿਬੂਬ
ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ – ਚੇਤਨ ਸਿੰਘ
ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ
ਸਿੱਖ ਪੰਥ ਦਾ ਸੂਰਮਾ ਹਲਵਾਈ – ਭੱਕਰ ਸਿੰਘ
ਕਲਗੀਧਰ ਚਮਤਕਾਰ – ਭਾਈ ਵੀਰ ਸਿੰਘ
Scroll to Top