ਚੰਡੀਗੜ੍ਹ 06 ਅਗਸਤ 2022: ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿਚ ਅਮਰੀਕਾ ਦੀ ਇਕ ਜਿੰਮ ਟਰੇਨਰ ਔਰਤ ਸੁਮੀਤ ਸਾਹਨੀ ਵੱਲੋਂ ਆਪਣੀ ਪਿੱਠ ਤੇ ਗੁਰਬਾਣੀ ਦੀ ਤੁਕ ਲਿਖਵਾਈ ਹੋਈ ਹੈ, ਜਿਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਸਿੱਖਾਂ ਦੀ ਆਸਥਾ ਹੈ ਅਤੇ ਇਸ ਔਰਤ ਨੇ ਆਪਣੇ ਸਰੀਰ ‘ਤੇ ਗੁਰਬਾਣੀ ਦੀਆਂ ਤੁਕਾਂ ਲਿਖਵਾ ਕੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ। ਇਸਦੇ ਨਾਲ ਹੀ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ, ਜਿਸ ਕਾਰਨ ਸੰਗਤਾਂ ਅੰਦਰ ਭਾਰੀ ਰੋਸ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਭਾਰਤ ਵਿਚ ਅਮਰੀਕਾ ਦੇ ਦੂਤਾਵਾਸ ਅਤੇ ਅਮਰੀਕਾ ਸਰਕਾਰ ਨੂੰ ਪੱਤਰ ਲਿਖਿਆ ਹੈ ਤਾਂ ਜੋ ਇਸ ਔਰਤ ਖ਼ਿਲਾਫ਼ ਸਿੱਖ ਭਾਵਨਾਵਾਂ ਅਨੁਸਾਰ ਕਾਰਵਾਈ ਕਰਵਾਈ ਜਾ ਸਕੇ।