SGPC

SGPC ਦੇ ਪ੍ਰਧਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਗਵਰਨਰ ਨੂੰ ਮਿਲਣ ਲਈ ਚੰਡੀਗੜ੍ਹ ਰਵਾਨਾ ਹੋਏ

ਅੰਮ੍ਰਿਤਸਰ, 16 ਨਵੰਬਰ 2023: ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕੁਝ ਸਮਾਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਸੀ | ਜਿਸ ਤਹਿਤ ਪੂਰੇ ਦੇਸ਼ ਦੇ ਵਿੱਚੋਂ ਸੰਗਤਾਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤ ਫਾਰਮ ਭਰੇ ਗਏ ਸੀ |

ਇਨ੍ਹਾਂ ਦਸਤਖ਼ਤ ਪਰਫੋਰਮਿਆਂ ਦੀ ਗਿਣਤੀ 26 ਲੱਖ ਦੇ ਕਰੀਬ ਹੋ ਚੁੱਕੀ ਹੈ ਅਤੇ ਲਗਾਤਾਰ ਹੀ ਐਸਜੀਪੀਸੀ ਵੱਲੋਂ ਪੰਜਾਬ ਤੇ ਗਵਰਨਰ ਨੂੰ ਮਿਲ ਕੇ ਇਹ ਪਰਫੋਰਮੇ ਦੇਣ ਦਾ ਪ੍ਰੋਗਰਾਮ ਤੈਅ ਕੀਤਾ ਜਾ ਰਿਹਾ ਸੀ ਲੇਕਿਨ ਸਮਾਂ ਨਾ ਮਿਲਣ ਕਰਕੇ ਇਹ ਦਸਤਖ਼ਤ ਪਰਫੋਰਮੇ ਐਸਜੀਪੀਸੀ ਦੇ ਕੋਲ ਹੀ ਪਏ ਹੋਏ ਸਨ | ਜਿਸ ਦੇ ਚੱਲਦੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਐਸਜੀਪੀਸੀ ਦਾ ਇੱਕ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ 26 ਲੱਖ ਪਰਫੋਰਮੇ ਲੈ ਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਲਈ ਚੰਡੀਗੜ੍ਹ ਰਵਾਨਾ ਹੋਏ ਹਨ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜੋ ਕਿ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਹਨ, ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੀ ਤੇ ਲਗਾਤਾਰ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਤੇ ਨਾਨਕ ਨਾਮ ਲੇਵਾ ਸੰਗਤ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਆਵਾਜ਼ ਚੁੱਕੀ ਜਾ ਰਹੀ ਹੈ |

ਉਹਨਾਂ ਦੱਸਿਆ ਕਿ ਡਿਜੀਟਲ ਤਰੀਕੇ ਨਾਲ ਉਹਨਾਂ ਵੱਲੋਂ ਇਹ 26 ਲੱਖ ਪਰਫੋਰਮੇ ਪੈਨ ਡਰਾਈਵ ਵਿੱਚ ਵੀ ਪਾ ਲਏ ਗਏ ਹਨ ਅਤੇ ਜਲਦ ਹੀ ਦੇਸ਼ ਦੇ ਗ੍ਰਹਿ ਮੰਤਰੀ ਦੇ ਸਕੱਤਰਾਂ ਨਾਲ ਐਸਜੀਪੀਸੀ ਦੇ ਸਕੱਤਰ ਮੁਲਾਕਾਤ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਇਹ 26 ਲੱਖ ਪਰਫੋਰਮੇ ਪਹੁੰਚਾਏ ਜਾਣਗੇ ਤਾਂ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਕਰਵਾਈ ਜਾ ਸਕੇ |

ਇਸੇ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕਰਨ ਲਈ 26 ਲੱਖ ਪ੍ਰਫੌਰਮੇ ਅੱਜ ਗਵਰਨਰ ਪੰਜਾਬ ਨੂੰ ਸੌਂਪੇ ਜਾਣਗੇ। ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਵਾਣਾ 17 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ 11 ਸਾਲ ਤੋਂ ਉਹਨਾਂ ਦਾ ਕੋਈ ਵੀ ਫੈਸਲਾ ਨਹੀਂ ਹੋ ਪਾਇਆ ਲੇਕਿਨ ਅੱਜ ਸ਼ਾਮ ਪੰਜਾਬ ਦੇ ਗਵਰਨਰ ਦੇ ਨਾਲ ਐਸਜੀਪੀਸੀ ਵੱਲੋਂ ਮੁਲਾਕਾਤ ਕਰਕੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਚੁੱਕੀ ਜਾਵੇਗੀ।

Scroll to Top