ਚੰਡੀਗੜ੍ਹ, 09 ਮਾਰਚ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਬੰਦੀ ਸਿੰਘ (ਸਿੱਖ ਕੈਦੀਆਂ) ਦੀ ਰਿਹਾਈ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਐਕਟ 2014 ਨੂੰ ਰੱਦ ਕਰਨ ਦੀ ਮੰਗ ਮੰਗ ਸੰਬੰਧੀ ਮੰਗ ਪੱਤਰ ਸੌਂਪੇ ਹਨ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਪ੍ਰਧਾਨ ਨੇ ਦੱਸਿਆ ਕਿ ਅੱਜ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੁਝ ਸਮਾਂ ਬੈਠ ਕੇ ਕੀਰਤਨ ਸਰਵਨ ਕੀਤਾ ਅਤੇ ਉਨ੍ਹਾਂ ਨੂੰ ਰੁਮਾਲ ਸਾਹਿਬ, ਪਤਾਸ਼ੇ ਦਾ ਪ੍ਰਸ਼ਾਦਿ, ਫੂਲਾਂ ਦਾ ਸਿਹਰਾ ਗੁਰੂ ਘਰ ਦੀ ਬਖਸ਼ਿਸ਼ ਵਜੋਂ ਦਿੱਤਾ ਗਿਆ | ਦਰਸ਼ਨ ਕਰਨ ਉਪਰੰਤ ਦ੍ਰੌਪਦੀ ਮੁਰਮੂ ਦਾ ਸੂਚਨ ਕੇਂਦਰ ਵਿਖੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ |
ਇਸ ਦੌਰਾਨ ਦ੍ਰੌਪਦੀ ਮੁਰਮੂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਓਹਨਾ ਨੇ ਸਿੱਖ ਮਸਲਿਆਂ ਬਾਰੇ ਮੰਗ ਪੱਤਰ ਵੀ ਦਿੱਤਾ | ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2014 ਐਕਟ ਦਾ ਮਾਮਲਾ ਸ਼ਾਮਲ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਵਿਸ਼ੇਸ਼ ਪੰਗਤ ਵਿਚ ਬੈਠ ਕੇ ਲੰਗਰ ਛੱਕਿਆ |