July 7, 2024 7:40 pm
ਬੰਦੀ ਸਿੰਘਾਂ ਦੀ ਰਿਹਾਈ

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੱਲੋਂ ਕੇਸਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ

ਸ੍ਰੀ ਅਨੰਦਪੁਰ ਸਾਹਿਬ 01 ਦਸੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਵੱਲੋਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਦਸਤਖਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ । ਇਸ ਮੌਕੇ ਜਿੱਥੇ ਸਭ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਵੱਡੀ ਗਿਣਤੀ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਕਰਮਚਾਰੀਆਂ ਅਤੇ ਆਮ ਸੰਗਤ ਵੱਲੋਂ ਇਸ ਦਸਤਖਤ ਮੁਹਿੰਮ ਦੇ ਵਿਚ ਸ਼ਿਰਕਤ ਕੀਤੀ ਗਈ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਫਾਰਮ ਭਰੇ ਗਏ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੇਵਲ ਸਿੱਖਾਂ ਦਾ ਮਸਲਾ ਨਹੀਂ ਹੈ, ਓਹਨਾ ਅਪੀਲ ਕਰਦਿਆਂ ਕਿਹਾ ਕਿ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਇਸ ਮੁਹਿੰਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਸਾਥ ਦੇਣ ਅਤੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸਰਕਾਰਾਂ ਦੇ ਖ਼ਿਲਾਫ ਰੋਸ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਅਸੀਂ ਇਨਸਾਫ ਮੰਗਿਆ ਤਾਂ ਸਰਕਾਰਾਂ ਸਾਨੂੰ ਅਣਗੋਲਿਆਂ ਕਰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀਆਂ ਹਨ, ਉਨ੍ਹਾਂ ਕਿਹਾ ਕਿ ਇੱਕ ਪਾਸੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਦਿੱਤੀ ਗਈ ਹੈ ਤੇ ਦੂਜੇ ਪਾਸੇ ਕਤਲ ਅਤੇ ਬਲਾਤਕਾਰ ਵਰਗੇ ਸੰਗੀਨ ਅਪਰਾਧਾਂ ਦੇ ਵਿਚ ਸਜ਼ਾ ਭੁਗਤ ਰਹੇ ਲੋਕਾਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜੋ ਕਿ ਸਾਡੇ ਨਾਲ ਸਰਾਸਰ ਬੇਇਨਸਾਫ਼ੀ ਹੈ।

ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੁੱਚੇ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਨੇ ਆਵਾਜ਼ ਚੁੱਕੀ ਹੈ ਤੇ ਹੁਣ ਜਦੋਂ ਇਸ ਮੁਹਿੰਮ ਨੂੰ ਹੇਠਲੇ ਪੱਧਰ ਤੋਂ ਉਪਰਲੇ ਪੱਧਰ ਤੱਕ ਲਿਜਾ ਕੇ ਇਸ ਨੂੰ ਕੌਮੀ ਮੁੱਦਾ ਬਣਾਇਆ ਜਾਵੇਗਾ ਤੇ ਦਸਤਖ਼ਤ ਕੀਤੇ ਇਹ ਕਾਗਜ਼ ਭਰ ਕੇ ਰਾਜਪਾਲ ਦੇ ਕੋਲ ਲੈ ਕੇ ਜਾਣਗੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਜਲਦ ਸੰਭਵ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਹਿਊਮਨ ਰਾਈਟਸ ਦੇ ਸਾਹਮਣੇ ਵੀ ਰੱਖਿਆ ਜਾਵੇਗਾ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾਵੇਗਾ ।

ਦੂਜੇ ਪਾਸੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੀ ਨਰਾਜ਼ਗੀ ਜਾਹਰ ਕਰਦਿਆਂ ਪੰਜਾਬ ਸਰਕਾਰ ਨੂੰ ਕਿਹਾ ਕਿ ਇਹ ਫਿਲਮ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਨਹੀਂ ਲੱਗਣ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਨੂੰ ਬਣਾਉਣ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਤੇ ਫਿਲਮ ਦੇ ਵਿਚ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਖਾਇਆ ਗਿਆ ਹੈ ਜੋ ਕਿ ਸਿੱਖਾਂ ਦੇ ਦਿਲਾਂ ਤੇ ਠੇਸ ਪੁਜਾਏਗੀ, ਇਸ ਲਈ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਹੈ।