SGPC news

ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਰੋਕਣ ‘ਤੇ SGPC ਨੇ ਜਤਾਇਆ ਇਤਰਾਜ਼

ਅੰਮ੍ਰਿਤਸਰ, 15 ਸਤੰਬਰ 2025: ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਸਬੰਧੀ ਵੱਖ-ਵੱਖ ਸੂਬਿਆਂ ਨੂੰ ਚਿੱਠੀ ਜਾਰੀ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ‘ਤੇ ਗੰਭੀਰ ਚਿੰਤਾ ਜਤਾਈ ਹੈ। ਸ਼੍ਰੋਮਣੀ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪੱਸ਼ਟ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਦੇ ਨਾਂ ‘ਤੇ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਸਰਕਾਰ ਦੀ ਵੱਡੀ ਨਾਕਾਮੀ ਹੈ।

ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਚਿੱਠੀ ਸਿੱਧੀ ਸ਼੍ਰੋਮਣੀ ਕਮੇਟੀ ਨੂੰ ਨਹੀਂ ਆਈ, ਸਗੋਂ ਵੱਖ-ਵੱਖ ਸੂਬਾ ਸਰਕਾਰਾਂ ਨੂੰ ਭੇਜੀ ਗਈ ਹੈ। ਇਸ ‘ਚ ਦੱਸਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਿਆ ਗਿਆ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਸਰਕਾਰ ਨੂੰ ਸੁਰੱਖਿਆ ਦੇ ਪ੍ਰਬੰਧ ਕਰਨ ‘ਚ ਕੋਈ ਮੁਸ਼ਕਿਲ ਆਉਂਦੀ ਤਾਂ ਉਹ ਖੁਦ ਹੀ ਜਥੇ ਨੂੰ ਇਜਾਜ਼ਤ ਨਾ ਦਿੰਦੇ, ਪਰ ਜੇਕਰ ਪਾਕਿਸਤਾਨੀ ਸਰਕਾਰ ਸਿੱਖ ਯਾਤਰੀਆਂ ਨੂੰ ਆਉਣ ਦੇਣ ਲਈ ਤਿਆਰ ਹੈ, ਤਾਂ ਭਾਰਤ ਸਰਕਾਰ ਵੱਲੋਂ ਰੋਕਣਾ ਠੀਕ ਨਹੀਂ ਹੈ।

ਉਨ੍ਹਾਂ ਨੇ ਦਲੀਲ ਦਿੱਤੀ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ ਜਾਂ ਧਰਮ ਨਾਲ ਵਿਰੋਧ ਨਹੀਂ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਇਸੇ ਸੰਦੇਸ਼ ਅਨੁਸਾਰ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਨ। ਇਸ ਲਈ ਜਥੇ ਨੂੰ ਰੋਕਣਾ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹੱਲਾ ਹੈ। ਸ਼੍ਰੋਮਣੀ ਕਮੇਟੀ ਸਕੱਤਰ ਨੇ ਭਾਰਤ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇ ਕ੍ਰਿਕਟ ਟੀਮਾਂ ਪਾਕਿਸਤਾਨ ਨਾਲ ਖੇਡ ਸਕਦੀਆਂ ਹਨ, ਤਾਂ ਸਿੱਖਾਂ ਦੇ ਜਥੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਕਿਉਂ ਨਹੀਂ ਜਾ ਸਕਦੇ?

ਉਨ੍ਹਾਂ ਮੁਤਾਬਕ ਇਹ ਸਰਕਾਰ ਦੀ ਫੇਲ੍ਹ ਹੈ ਕਿ ਆਪਣੇ ਹੀ ਧਰਮਿਕ ਯਾਤਰੀਆਂ ਨੂੰ ਸੁਰੱਖਿਆ ਦੇਣ ‘ਚ ਅਸਮਰਥ ਰਹੀ। ਪ੍ਰਤਾਪ ਸਿੰਘ ਨੇ ਕਿਹਾ ਕਿ ਜੰਗੀ ਮਾਹੌਲ ਦੇ ਦੌਰਾਨ ਰੋਕਾਂ ਸਮਝ ਆ ਸਕਦੀਆਂ ਹਨ, ਪਰ ਅਮਨ-ਸ਼ਾਂਤੀ ਦੇ ਸਮੇਂ ਧਾਰਮਿਕ ਦਰਸ਼ਨਾਂ ਤੋਂ ਰੋਕਣਾ ਬਿਲਕੁਲ ਨਾਜ਼ਾਇਜ਼ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੀ ਆਮ ਜਨਤਾ ਸ਼ਾਂਤੀ ਚਾਹੁੰਦੀ ਹੈ। ਲੋਕਾਂ ਨੂੰ ਨਾ ਤਾਂ ਜੰਗ ਚਾਹੀਦੀ ਹੈ ਤੇ ਨਾ ਹੀ ਵਪਾਰਕ ਸੰਬੰਧ ਤੋੜਨ ਦੀ ਇੱਛਾ। ਇਹ ਸਿਰਫ ਸਿਆਸੀ ਆਗੂਆਂ ਦੀਆਂ ਨੀਤੀਆਂ ਹਨ ਜੋ ਤਣਾਅ ਪੈਦਾ ਕਰਦੀਆਂ ਹਨ।

ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਅਤੇ ਜਥਿਆਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਕੌਮ ਲਗਾਤਾਰ ਅਰਦਾਸ ਕਰਦੀ ਆ ਰਹੀ ਹੈ ਕਿ ਜਿਨ੍ਹਾਂ ਗੁਰਧਾਮਾਂ ਨੂੰ ਵੰਡ ਸਮੇਂ ਸਿੱਖ ਪੰਥ ਤੋਂ ਵੱਖ ਕੀਤਾ ਗਿਆ ਸੀ, ਉਹਨਾਂ ਦੇ ਦਰਸ਼ਨ ਬਿਨਾਂ ਕਿਸੇ ਰੁਕਾਵਟ ਦੇ ਹੋਣ।ਉਨ੍ਹਾਂ ਨੇ ਦੁਹਰਾਇਆ ਕਿ ਜਦੋਂ ਖੇਡਾਂ ਅਤੇ ਵਪਾਰਿਕ ਗਤੀਵਿਧੀਆਂ ਦੋਵੇਂ ਦੇਸ਼ਾਂ ‘ਚ ਸੰਭਵ ਹੋ ਸਕਦੀਆਂ ਹਨ, ਤਾਂ ਧਾਰਮਿਕ ਯਾਤਰਾ ਰੋਕਣਾ ਨਾ ਸਿਰਫ਼ ਗਲਤ ਹੈ ਸਗੋਂ ਸਰਕਾਰ ਦੀ ਵੱਡੀ ਨਾਕਾਮੀ ਵੀ ਹੈ।

Read More: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਨਹੀਂ ਜਾਵੇਗਾ ਸ਼ਰਧਾਲੂਆਂ ਦਾ ਜਥਾ

Scroll to Top