SGPC

ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਐਸਜੀਪੀਸੀ ਮੈਂਬਰਾਂ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ 05 ਜਨਵਰੀ 2023: ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਸਟੇਜ ਤੋਂ ਸੰਬੋਧਨ ਕਰਦਿਆਂ ਸੰਗਤਾਂ ਨੂੰ ਗੋਲਕਾਂ ‘ਚ ਪੈਸੇ ਪਾਉਣ ਤੋਂ ਰੋਕਣ ਦਾ ਬਿਆਨ ਦਿੱਤਾ ਗਿਆ ਅਤੇ ਐਸਜੀਪੀਸੀ (SGPC) ਮੈਂਬਰਾਂ ਬਾਰੇ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਲਗਾਤਾਰ ਹੀ ਇਹ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਇੱਥੇ ਗੁਰਮਤਿ ਫ਼ਲਸਫ਼ੇ ਨੇ ਸੰਗਤ ਨੂੰ ਵੰਡ ਕੇ ਛਕਣ ਅਤੇ ਲੋਕ ਭਲਾਈ ਲਈ ਦਸਵੰਧ ਕੱਢਣ ਦੀ ਪ੍ਰੇਰਨਾ ਦਿੱਤੀ ਹੈ, ਕੋਈ ਵੀ ਸ਼ਰਧਾਲੂ ਜਦੋਂ ਗੁਰੂ ਘਰ ਵਿੱਚ ਮੱਥਾ ਟੇਕਣ ਆਉਂਦਾ ਹੈ ਤਾਂ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢਦਾ ਹੈ |

ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸ਼ਰਧਾਲੂ ਦਸਵੰਦ ਕੱਢਣ ਲਈ ਕੋਈ ਵੀ ਮਜਬੂਰ ਨਹੀਂ ਕਰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਦੀ ਗੋਲਕ ‘ਤੇ ਟਿੱਪਣੀ ਕਰਨਾ ਅਤਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਦੀ ਵੀ ਕਿਸੇ ਤੋਂ ਤਨਖਾਹ ਨਹੀਂ ਲੈਂਦੇ, ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਦੀ ਸੇਵਾ ਕਰਦੇ ਹਨ |

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਆਪਣੇ ਬੋਲੇ ਸ਼ਬਦਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਐਸਜੀਪੀਸੀ ਮਜਬੂਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਏਗੀ | ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ, ਜਿਹੜੇ ਕਾਰਜ ਕਰਨ ਵਾਸਤੇ ਸਰਕਾਰ ਅਸਫਲ ਰਹੀ ਹੈ ਉਹ ਕਾਰਜ ਸੰਗਤਾਂ ਵੱਲੋਂ ਗੁਰੂ ਘਰਾਂ ਵਿਚ ਚੜ੍ਹ ਆਈਆਂ ਘਟਾਵਾਂ ਨਾਲ ਸਿੱਖ ਸੰਸਥਾਵਾਂ ਨੇ ਪੂਰੇ ਕੀਤੇ ਹਨ | ਇਸ ਲਈ ਭਗਵੰਤ ਸਿੰਘ ਮਾਨ ਨੂੰ ਆਪਣੀ ਹੈਂਕੜ ਛੱਡ ਕੇ ਮਾਫ਼ੀ ਮੰਗ ਲੈਣੀ ਚਾਹੀਦੀ | ਦੂਜੇ ਪਾਸੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਵੱਲੋਂ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ, ਇਹ ਮੰਗ ਪੰਜਾਬ ਸਰਕਾਰ ਤੱਕ ਪਹੁੰਚਾ ਦੇਣਗੇ |

Scroll to Top