ਚੰਡੀਗੜ, 09 ਨਵੰਬਰ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਪ੍ਰਭਾਵ ਨਾਲ ਲਾਂਭੇ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਭਾਈ ਮਨਜੀਤ ਸਿੰਘ, ਮਹਿੰਦਰ ਸਿੰਘ ਹੁਸੈਨਪੁੱਰ, ਬੀਬੀ ਪਰਮਜੀਤ ਕੌਰ ਲਾਡਰਾਂ, ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਮਲਕੀਤ ਸਿੰਘ ਚੰਗਾਲ ਨੇ ਅੱਜ ਸਾਂਝੇ ਤੋਰ ‘ਤੇ ਮੀਡੀਆ ‘ਚ ਬਿਆਨ ਜਾਰੀ ਕੀਤਾ ਹੈ |
ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੀਡੀਆ ਨਸ਼ਰ ਹੋਈ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹੁਰਾਂ ਦੀ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੁਲਾਕਾਤ ਹੋਈ | ਇਸ ਮੁਲਾਕਾਤ ਨੂੰ ਕਰਵਾਉਣ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਹੈ|
ਉਨ੍ਹਾਂ ਕਿਹਾ ਕ ਖ਼ਾਸ ਤੌਰ ‘ਤੇ ਜਥੇਦਾਰ ਸਾਹਿਬ ਨੂੰ ਪਟਿਆਲਾ ਤੋਂ ਸ੍ਰੀ ਫਤਿਹਗੜ ਸਾਹਿਬ ਗੈਸਟ ਹਾਊਸ ਲਿਆਂਦਾ ਸਨ। ਜਥੇਦਾਰ ਸਾਹਿਬ ਨੂੰ ਇਸ ਤਰਾਂ ਬੁਲਾਉਣ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਦੀ ਤਰਾਂ ਤਲਬ ਕਰਨ ਦੇ ਬਰਾਬਰ ਹੀ ਮੰਨਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅੱਜ ਮੁੜ ਐਸਜੀਪੀਸੀ ਪ੍ਰਧਾਨ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਲਵਿੰਦਰ ਸਿੰਘ ਭੂੰਦੜ ਦੀ ਮੁਲਾਕਾਤ ਕਰਵਾਈ |
ਐਸਜੀਪੀਸੀ (SGPC) ਮੈਂਬਰਾਂ ਨੇ ਕਿਹਾ ਕਿ ਇਹਨਾਂ ਮੁਲਾਕਾਤਾਂ ਪਿੱਛੇ ਮੁਫ਼ਾਦ ਕੀ ਹਨ, ਇਹ ਸਭ ਨੂੰ ਪਤਾ ਹੈ ਜਿਸ ਕਰਕੇ ਸਿੱਖ ਸੰਗਤ ‘ਚ ਰੋਸ ਅਤੇ ਗੁੱਸਾ ਵੱਧ ਰਿਹਾ ਹੈ | ਜਿਸ ਤਰੀਕੇ ਨਾਲ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਰਿਹਾਇਸ਼ ਤੇ ਤਲਬ ਕਰਕੇ ਸਾਧ ਨੂੰ ਮੁਆਫ਼ੀ ਦੇਣ ਦਾ ਦਬਾਅ ਬਣਾਇਆ ਸੀ।
ਐਸਜੀਪੀਸੀ ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਿੱਖ ਭਾਵਨਾ ਨਾਲ ਖੇਡਣ ਵਾਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਗਲੇ 72 ਘੰਟੇ ‘ਚ ਤਤਕਾਲ ਬੈਠਕ ਬੁਲਾਕੇ ਲਾਂਭੇ ਕੀਤਾ ਜਾਵੇ। ਐਸਜੀਪੀਸੀ ਮੈਂਬਰਾਂ ਨੇ ਐਸਜੀਪੀਸੀ ਪ੍ਰਧਾਨ ਦੀ ਭੂਮਿਕਾ ਨੂੰ ਕੌਮ ਅਤੇ ਪੰਥ ‘ਚ ਨਾ ਮੁਆਫੀਯੋਗ ਕਰਾਰ ਦਿੰਦਿਆਂ ਕਿਹਾ ਕਿ, ਹਰਜਿੰਦਰ ਸਿੰਘ ਧਾਮੀ ਸਾਹਿਬ ਆਪਣੇ ਪ੍ਰਧਾਨ ਬਣਾਉਣ ‘ਚ ਸੁਖਬੀਰ ਸਿੰਘ ਬਾਦਲ ਦੇ ਅਹਿਸਾਨ ਦਾ ਮੁੱਲ ਚੁਕਾਅ ਰਹੇ ਹਨ।
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਬੇਨਤੀ ਕੀਤੀ ਕਿ ਉਹ ਠੀਕ ਉਸੇ ਤਰ੍ਹਾਂ ਦੀ ਭੂਮਿਕਾ ਨਿਭਾਉਣ ਤੋਂ ਗੁਰੇਜ ਕਰਨ ਜਿਹੜੀ ਭੂਮਿਕਾ ਕਿਸੇ ਸਮੇਂ ਬਲਾਤਕਾਰੀ ਸਾਧ ਨੂੰ ਮੁਆਫੀ ਦਿਵਾਉਣ ‘ਚ ਡਾ. ਦਲਜੀਤ ਚੀਮਾ ਨੇ ਨਿਭਾਅ ਚੁੱਕੇ ਹਨ।
ਐਸਜੀਪੀਸੀ ਮੈਂਬਰਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਕੌਮ ਦੀ ਸਿਰਮੌਰ ਜਥੇਬੰਦੀ ਦੇ ਪ੍ਰਧਾਨ ਦੇ ਮਾੜੀ ਅਤੇ ਅਤਿ ਨਿੰਦਣਯੋਗ ਭੂਮਿਕਾ ਖ਼ਿਲਾਫ ਇੱਕਠੇ ਹੋਣ ਅਤੇ ਜੇਕਰ ਅੰਤ੍ਰਿੰਗ ਕਮੇਟੀ ਅਗਲੇ 72 ਘੰਟਿਆਂ ‘ਚ ਤਤਕਾਲ ਬੈਠਕ ਬੁਲਾਕੇ ਕਾਰਵਾਈ ਨਹੀਂ ਕਰਦੀ ਤਾਂ ਪੰਜਾਬ ਦੇ ਸਮੁੱਚੇ ਪਿੰਡਾਂ ਤੇ ਸਹਿਰਾਂ ਦੇ ਗੁਰੂ ਘਰਾਂ ਦੇ ਪ੍ਰਧਾਨ ਸਹਿਬਾਨ ਅਤੇ ਮੈਬਰ ਸਹਿਬਾਨ ਰਾਹੀਂ ਨਿੰਦਾ ਪ੍ਰਸਤਾਵ ਪਾਸ ਕਰਕੇ ਤਨਖਾਹੀਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਵਾਲੇ ਸ਼੍ਰੋਮਣੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਕਰਨ ਅਤੇ ਸਮੂਹ ਅੰਤ੍ਰਿੰਗ ਕਮੇਟੀ ਸਮੇਤ ਉਹਨਾਂ ਨੂੰ ਪੰਥ ‘ਚੋ ਛੇਕਣ ਦੀ ਮੰਗ ਚੁੱਕਣਗੇ।