ਚੰਡੀਗੜ੍ਹ, 12 ਜੁਲਾਈ 2024: ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰ.ਮ੍ਰਿ.ਤ.ਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦੀ ਦਿਹਾਤੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ | ਇਸ ਮਾਮਲੇ ‘ਚ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਨਾਲ ਦੋ ਹੋਰ ਲਵਪ੍ਰੀਤ ਸਿੰਘ, ਚੀਮਾ ਵਾਰਡ, ਥਾਣਾ ਬਿਆਸ ਅਤੇ ਸੰਦੀਪ ਅਰੋੜਾ ਵਾਸੀ ਲੁਧਿਆਣਾ ਜਿਸ ਤੋਂ ਨਸ਼ੀਲਾ ਪਦਾਰਥ ਲਿਆਂਦਾ ਗਿਆ ਸੀ, ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ | ਇਨ੍ਹਾਂ ਮੁਲਜਮਾਂ ਦਾ ਡੋਪ ਟੈਸਟ ਵੀ ਕਰਵਾਇਆ ਜੋ ਕਿ ਪਾਜੀਟਿਵ ਆਇਆ ਹੈ |
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਤੋਂ 4 ਗ੍ਰਾਮ ਮੈਥਾਮਫੇਟਾਮਾਈਨ, ਜਿਸ ਨੂੰ ਆਮ ਭਾਸ਼ਾ ‘ਚ ਆਈਸ ਡਰੱਗ ਕਿਹਾ ਜਾਂਦਾ ਹੈ, ਬਰਾਮਦ ਕੀਤਾ ਗਿਆ ਹੈ | ਇਸਦੇ ਨਾਲ ਹੀ ਕ੍ਰੇਟਾ ਗੱਡੀ, ਲਾਈਟਰ, ਹੋਰ ਸਮਾਨ ਬਰਾਮਦ ਕੀਤਾ ਗਿਆ ਹੈ | ਇਸਦੇ ਨਾਲ ਹੀ ਗੱਡੀ ‘ਚ ਬੈਠੇ ਲਵਪ੍ਰੀਤ ਕੋਲੋਂ ਦੋ ਮੋਬਾਈਲ ਫੋਨ ਮਿਲੇ |
ਹਰਪ੍ਰੀਤ ਸਿੰਘ ਨੂੰ ਥਾਣਾ ਫਿਲੌਰ ‘ਚ ਰੱਖਿਆ ਗਿਆ ਹੈ ਤੇ ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਦੂਜੇ ਪਾਸੇ ਹਰਪ੍ਰੀਤ ਸਿੰਘ ਦੇ ਪਿਓ ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਮੋਗਾ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਜਾਣਾ ਹੈ, ਹਰਪ੍ਰੀਤ ਨੇ ਉਥੇ ਹੀ ਜਾਣਾ ਸੀ ਅਤੇ ਉਹ ਓਥੇ ਕਿਵੇਂ ਪਹੁੰਚਿਆ ਇਸਦਾ ਪਤਾ ਨਹੀਂ | ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਨਸ਼ਿਆਂ ਦੇ ਅਸਲੀ ਸੋਦਾਗਰਾਂ ਨੂੰ ਨਹੀਂ ਫੜਿਆ ਜਾ ਰਿਹਾ ਹੈ