ਚੰਡੀਗੜ੍ਹ, 28 ਮਾਰਚ 2023: ਅਮਰੀਕਾ (USA) ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਹਮਲਾਵਰ ਨੇ ਇੱਕ ਸਕੂਲ ਵਿੱਚ ਗੋਲੀਆਂ ਚਲਾਈਆਂ ਹਨ। ਘਟਨਾ ਨੈਸ਼ਵਿਲ ਕ੍ਰਿਸਚੀਅਨ ਸਕੂਲ ਦੀ ਹੈ। ਗੋਲੀਬਾਰੀ ‘ਚ ਸੱਤ ਜਣਿਆਂ ਦੀ ਮੌਤ ਦੀ ਖ਼ਬਰ ਹ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇਕ ਮਹਿਲਾ ਸੀ। ਸ਼ੱਕੀ ਇੱਕ ਪਾਸੇ ਦੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਰਾਹੀਂ ਇਮਾਰਤ ਵਿੱਚ ਦਾਖਲ ਹੋਈ ।
ਪੁਲਿਸ ਨੇ ਉਸ ਨੂੰ ਦੂਜੀ ਮੰਜ਼ਿਲ ’ਤੇ ਘੇਰ ਲਿਆ। ਜਵਾਬੀ ਕਾਰਵਾਈ ਵਿੱਚ ਮਹਿਲਾ ਹਮਲਾਵਰ ਨੂੰ ਮਾਰ ਗਿਰਾਇਆ । ਜਾਣਕਾਰੀ ਮੁਤਾਬਕ ਹਮਲਾਵਰ ਨੇ ਸੋਮਵਾਰ ਨੂੰ ਟੈਨੇਸੀ ਦੇ ਨੈਸ਼ਵਿਲੇ ਦੇ ਇਕ ਸਕੂਲ ‘ਚ ਗੋਲੀਬਾਰੀ ਕੀਤੀ। ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਕਈ ਜਣੇ ਗੋਲੀਆਂ ਦੀ ਲਪੇਟ ‘ਚ ਆ ਗਏ ਸਨ। ਕਈਆਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਘਟਨਾ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਸਕੂਲ ਗੋਲੀਬਾਰੀ ਦੀ ਘਟਨਾ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਨੂੰ ‘ਰੋਗ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਬੰਦੂਕ ਹਿੰਸਾ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਬਿਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਵਿੱਚ ਬੰਦੂਕ ਦੀ ਹਿੰਸਾ ਰਾਸ਼ਟਰ ਦੀ ਆਤਮਾ ਨੂੰ ਠੇਸ ਪਹੁੰਚਾ ਰਹੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਬਿਡੇਨ ਨੇ ਅਮਰੀਕੀ ਕਾਂਗਰਸ (ਸੰਸਦ) ਨੂੰ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।
ਨੈਸ਼ਵਿਲ ਪੁਲਿਸ ਨੇ ਟਵਿੱਟਰ ਰਾਹੀਂ ਦੱਸਿਆ ਕਿ ਕਾਨਵੈਂਟ ਸਕੂਲ ਕੋਵੇਨੈਂਟ ਪ੍ਰੈਸਬੀਟੇਰੀਅਨ ਚਰਚ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਹਮਲਾਵਰ ਨੂੰ MNPD (ਮੈਟਰੋਪੋਲੀਟਨ ਨੈਸ਼ਵਿਲ ਪੁਲਿਸ ਵਿਭਾਗ) ਨੇ ਘੇਰ ਲਿਆ ਅਤੇ ਗੋਲੀ ਮਾਰ ਦਿੱਤੀ। ਪੁਲਿਸ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸ਼ੂਟਰ ਨੇ ਕਈ ਥਾਵਾਂ ‘ਤੇ ਹਮਲਿਆਂ ਦੀ ਯੋਜਨਾ ਬਣਾਈ ਸੀ।
ਇਸ ਤੋਂ ਪਹਿਲਾਂ ਕੈਲੀਫੋਰਨੀਆ ਸਥਿਤ ਸੈਕਰਾਮੈਂਟੋ ਕਾਊਂਟੀ ‘ਚ ਐਤਵਾਰ ਦੇਰ ਰਾਤ (ਸਥਾਨਕ ਸਮੇਂ ਮੁਤਾਬਕ) ਇਕ ਗੁਰਦੁਆਰੇ ਲਾਗੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ। ਇੱਥੇ ਤਿੰਨ ਜਣਿਆਂ ਵਿਚਾਲੇ ਗੋਲੀਬਾਰੀ ਹੋਈ, ਜਿਸ ‘ਚ ਦੋ ਜਣਿਆਂ ਨੂੰ ਗੋਲੀ ਲੱਗੀ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਗੋਲੀਬਾਰੀ ਤਿੰਨ ਜਾਣਕਾਰਾਂ ਵਿਚਕਾਰ ਹੋਈ। ਪੁਲਿਸ ਨੇ ਇਸ ਨੂੰ ਨਫ਼ਰਤੀ ਅਪਰਾਧ ਦਾ ਮਾਮਲਾ ਨਹੀਂ ਮੰਨਿਆ ਹੈ।