July 7, 2024 11:43 am
ਨਸ਼ਾ

ਗੈਰ-ਸਰਕਾਰੀ ਸੰਗਠਨ ਦੇ ਸਹਿਯੋਗ ਨਾਲ ਨਸ਼ਾ ਛੁਡਾਉਣ ਵਾਲੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਹੁਨਰ ਸਿਖਲਾਈ ਕੇਂਦਰ ਦੀ ਸਥਾਪਨਾ

ਐਸ.ਏ.ਐਸ.ਨਗਰ, 5 ਸਤੰਬਰ, 2023: ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਵਾਲੇ ਨੌਜਵਾਨਾਂ ਦੇ ਮੁੜ ਵਸੇਬੇ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ, ਗੈਰ ਸਰਕਾਰੀ ਸੰਗਠਨ ਹਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ, ਸੈਕਟਰ 66, ਮੋਹਾਲੀ ਵਿਖੇ ਇੱਕ ਹੁਨਰ ਸਿਖਲਾਈ ਕੇਂਦਰ ਸ਼ੁਰੂ ਕੀਤਾ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੰਸਪੈਕਟਰ ਜਨਰਲ, ਪੁਲਿਸ, ਰੋਪੜ ਰੇਂਜ, ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਸਮੇਤ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਮੁੜ ਵਸੇਬੇ ਲਈ ਹੁਨਰ ਦੀ ਲੋੜ ਹੈ ਤਾਂ ਜੋ ਉਹ ਇਲਾਜ ਦੇ ਨਾਲ ਨਾਲ ਘਰਾਂ ਨੂੰ ਵਾਪਸ ਪਰਤਣ ਬਾਅਦ ਇੱਥੋਂ ਸਿੱਖੇ ਕੰਮ ਨਾਲ ਆਪਣਾ ਰੋਜ਼ਗਾਰ ਦਾ ਵਸੀਲਾ ਬਣਾ ਸਕਣ।

ਡਿਪਟੀ ਕਮਿਸ਼ਨਰ ਨੇ ਕਿਹਾ, “ਪਿਛਲੇ ਹਫ਼ਤੇ, ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ ਕੋਰਡ) ਦੀ ਮੀਟਿੰਗ ਦੌਰਾਨ, ਇਹ ਮਹਿਸੂਸ ਕੀਤਾ ਗਿਆ ਸੀ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਇਲਾਜ ਦੇ ਨਾਲ-ਨਾਲ ਸਵੈ-ਰੁਜ਼ਗਾਰ ਸਿਖਲਾਈ ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਹੋਣਾ ਚਾਹੀਦਾ ਹੈ। ਉਸ ਵਿਚਾਰ ‘ਤੇ ਕੰਮ ਕਰਦੇ ਹੋਏ, ਹਰਟੇਕ ਫਾਊਂਡੇਸ਼ਨ ਇਸ ਵਿਚਾਰ ਨੂੰ ਅਮਲੀ ਰੂਪ ਦੇਣ ਲਈ ਅੱਗੇ ਆਈ।”

ਉਨ੍ਹਾਂ ਫਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੋਰ ਵੀ ਬਹੁਤ ਵਧੀਆ ਹੋਣਗੇ ਜਦੋਂ ਉਹ ਇੱਥੋਂ ਮੁਕਤ ਹੋ ਕੇ ਹੁਨਰਮੰਦ ਅਤੇ ਚੰਗੀ ਕਮਾਈ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਖਲਾਈ ਦਾ ਬੈਚ 15 ਦਿਨਾਂ ਤੋਂ 20 ਦਿਨਾਂ ਦਾ ਹੋਵੇਗਾ, ਜੋ ਕਿ ਸਿਖਲਾਈ ਦੌਰਾਨ ਉਨ੍ਹਾਂ ਦੇ ਸਿੱਖਣ ਦੇ ਸਮੇਂ ‘ਤੇ ਨਿਰਭਰ ਕਰੇਗਾ। ਉਨ੍ਹਾਂ ਦੱਸਿਆ ਕਿ ਇੱਥੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:30 ਤੋਂ 11:00 ਵਜੇ ਤੱਕ ਸਿਖਲਾਈ ਦੇਣ ਲਈ ਇੱਕ ਇੰਜੀਨੀਅਰ ਅਤੇ ਇੱਕ ਇੰਸਟ੍ਰਕਟਰ ਤਾਇਨਾਤ ਕੀਤਾ ਗਿਆ ਹੈ।

ਡੀ ਸੀ ਜੈਨ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਜੈਵਿਕ ਖੇਤੀ ਦੇ ਹੁਨਰ ਸਿੱਖਣ ਦੇ ਨਾਲ-ਨਾਲ ਖੇਡਾਂ ਦੀਆਂ ਗਤੀਵਿਧੀਆਂ ਵਿੱਚ ਵੀ ਵਾਧਾ ਕੀਤਾ ਜਾਵੇਗਾ। ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਡੀ ਸੀ ਮੋਹਾਲੀ ਵੱਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਰੁਜ਼ਗਾਰ ਲਈ ਰਾਹ ਪੱਧਰਾ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਨਸ਼ਾ ਛੱਡਣ ਵਾਲੇ ਨੂੰ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਅਤੇ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਹੁਨਰ ਸਿਖਲਾਈ ਇਲਾਜ ਅਤੇ ਮੁੜ ਵਸੇਬੇ ਦੀਆਂ ਰਣਨੀਤੀਆਂ ਦਾ ਜ਼ਰੂਰੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਅਸੀਂ ਆਪਣੇ ਸੂਬੇ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਬਹੁਪੱਖੀ ਤਕਨੀਕਾਂ ਅਪਣਾ ਰਹੇ ਹਾਂ।

ਐਸ ਐਸ ਪੀ ਡਾ. ਸੰਦੀਪ ਗਰਗ ਨੇ ਡੀ ਸੀ ਆਸ਼ਿਕਾ ਜੈਨ ਦੀ ਇਸ ਨਿਵੇਕਲੀ ਪਹੁੰਚ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਸਾਡੇ ਕੋਲ ਬਹੁਪੱਖੀ ਪਹੁੰਚ ਹੈ, ਪਹਿਲਾ ਸਮਗਲਰਾਂ ਨੂੰ ਕਾਬੂ ਕਰਨਾ, ਦੂਸਰਾ ਲੋਕ ਜਾਗਰੂਕਤਾ ਅਤੇ ਤੀਸਰਾ ਨਸ਼ੇ ਦੇ ਸ਼ਿਕਾਰ ਦਾ ਇਲਾਜ ਸਮੇਤ ਪੁਨਰਵਾਸ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਪਹਿਲਕਦਮੀ ਨਾਲ ਇੱਥੇ ਇਲਾਜ ਕਰਵਾ ਰਹੇ ਨੌਜਵਾਨਾਂ ਵਿੱਚ ਨਿਸ਼ਚੇ ਹੀ ਕੰਮ ਸਿੱਖਣ ਦੀ ਭਾਵਨਾ ਬਣੇਗੀ।

ਇਸ ਮੌਕੇ ਏ.ਡੀ.ਸੀ.(ਜੀ) ਵਿਰਾਜ ਸ਼ਿਆਮਕਰਨ ਤਿੜਕੇ, ਐਸ.ਡੀ.ਐਮ ਮੋਹਾਲੀ ਚੰਦਰ ਜੋਤੀ ਸਿੰਘ ਜਿਨ੍ਹਾਂ ਨੇ ਹੁਨਰ ਸਿਖਲਾਈ ਕੇਂਦਰ ਦੀ ਸਥਾਪਨਾ ਲਈ ਤਾਲਮੇਲ ਰਾਹੀਂ ਵੱਡਾ ਯੋਗਦਾਨ ਪਾਇਆ ਅਤੇ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਡਾ: ਪਰਵਿੰਦਰ ਪਾਲ ਕੌਰ ਵੀ ਮੌਜੂਦ ਸਨ। ਹਰਟੇਕ ਫਾਊਂਡੇਸ਼ਨ ਦੀ ਸੀ.ਈ.ਓ., ਹਰਕੀਰਤ ਕੌਰ, ਨੇ ਇਸ ਨਵੇਂ ਉਦੇਸ਼ ਪ੍ਰਤੀ ਆਪਣੀ ਫਾਊਂਡੇਸ਼ਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ, ਪ੍ਰਸ਼ਾਸਨ ਨੂੰ ਪ੍ਰੋਜੈਕਟ ਨੂੰ ਸਫਲਤਾਪੂਰਵਕ ਚਲਾਉਣ ਦਾ ਭਰੋਸਾ ਦਿੱਤਾ।