ਅਨਿਲ ਜੋਸ਼ੀ ਸਣੇ ਭਾਜਪਾ

ਅਨਿਲ ਜੋਸ਼ੀ ਸਣੇ ਭਾਜਪਾ ਦੇ ਸੀਨੀਅਰ ਆਗੂਆਂ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਹਿੰਦੂ ਸਿੱਖ ਏਕਤਾ ਨੂੰ ਮਿਲਿਆ ਵੱਡਾ ਹੁਲਾਰਾ: ਬਾਦਲ

ਚੰਡੀਗੜ੍ਹ ,21 ਅਗਸਤ 2021 : ਹਿੰਦੂ ਸਿੱਖ ਏਕਤਾ ਤੇ ਫਿਰਕੂ ਸਦਭਾਵਨਾ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਸਮੇਤ ਭਾਜਪਾ ਦੇ ਸੀਨੀਅਰ ਆਗੂ ਪਾਰਟੀ ਛੱਡ ਕੇ ਅੱਜ ਕਿਸਾਨਾਂ ਤੇ ਉਹਨਾਂ ਦੀਆਂ ਮੰਗਾਂ ਦੇ ਹੱਕ ਵਿਚ ਕਿਸਾਨਾਂ ਦੀ ਇਕਲੌਤੀ ਪਾਰਟੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਹਨਾਂ ਆਗੂਆਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਆਗੂਆਂ ਨੇ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਸਮਾਗਮ ਦੌਰਾਨ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ। ਇਸ ਸਮਾਗਮ ਵਿਚ ਪੰਜਾਬ ਭਰ ਤੋਂ ਭਾਜਪਾ ਦੇ ਸਮਰਥਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਜੋ ਇਹਨਾਂ ਆਗੂਆਂ ਦੇ ਨਾਲ ਹੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪੰਜਾਬ ਵਿਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਅਤੇ ‘ਹਰ ਹਰ ਮਹਾਦੇਵ’ ਤੇ ‘ਜੈਕਾਰਾ ਸ਼ੇਰਾਂਵਾਲੀ ਦਾ’ ਦੇ ਨਾਅਰੇ ਗੂੰਜਦੇ ਰਹੇ।

ਭਾਜਪਾ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨੂੰ ਇਤਿਹਾਸਕ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਤੇ ਹੋਰ ਸੀਨੀਅਰ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨੇ, ਜੋ ਸ਼ਹਿਰੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ, ਉਹਨਾ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਅਕਾਲੀ ਦਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਆਪਣੀ ਸੋਚ ’ਤੇ ਡੱਟ ਕੇ ਖੜ੍ਹਾ ਹੈ। ਉਹਨਾਂ ਕਿਹਾ ਕਿ ਮੈਂ ਆਪਣੀ ਜਾਨ ਤਾਂ ਗੁਆ ਸਕਦਾ ਹਾਂ ਪਰ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਨਹੀਂ ਹੋਣ ਦੇ ਸਕਦਾ।

ਉਹਨਾਂ ਦੀ ਅਗਵਾਈ ਹੇਠ ਪਾਰਟੀ ਨੇ ਇਕ ਮਤਾ ਪਾਸ ਕਰ ਕੇ ਅੱਜ ਦੇ ਇਤਿਹਾਸਕ ਦਿਨ ਨੂੰ ਕਿਸਾਨੀ ਸੰਘਰਸ਼ ਅਤੇ ਫਿਰਕੂ ਸਦਭਾਵਨਾ ਲਈ ਲਾਸਾਨੀ ਸ਼ਹਾਦਤ ਦੇਣ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸਮਰਪਿਤ ਕੀਤਾ।ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਨਿਲ ਜੋਸ਼ੀ ਇਕ ਦਲੇਰ ਆਗੂ ਹਨ ਜਿਹਨਾਂ ਨੇ ਆਪਣੇ ਹਲਕੇ ਦੇ ਨਾਲ ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਲਈ ਬਹੁਤ ਕੰਮ ਕੀਤਾ ਹੈ। ਉਹਨਾਂ ਐਲਾਨ ਕੀਤਾ ਕਿ ਜੋਸ਼ੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੋਣਗੇ ਤੇ ਉਹਨਾਂ ਨੂੰ ਅੰਮ੍ਰਿਤਸਰ ਉੱਤਰੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਉਤਾਰਿਆ ਜਾਵੇਗਾ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਸੁਜਾਨਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਗੁਪਤਾ ਪਾਰਟੀ ਦੇ ਮੀਤ ਪ੍ਰਧਾਨ ਹੋਣਗੇ ਤੇ ਉਹਨਾਂ ਨੁੰ ਸੁਜਾਨਪੁਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਜਾਵੇਗਾ।ਇਸ ਮੌਕੇ ਹੋਰ ਸੀਨੀਅਰ ਆਗੂ ਜੋ ਪਾਰਟੀ ਵਿਚ ਸ਼ਾਮਲ ਹੋਏ, ਉਹਨਾਂ ਨੁੰ ਪਾਰਟੀ ਨੇ ਅਹਿਮ ਅਹੁਦੇ ਦਿੱਤੇ।

ਇਹਨਾਂ ਵਿਚ ਸੁਖਜੀਤ ਕੌਰ ਸ਼ਾਹੀ ਸਾਬਕਾ ਵਿਧਾਇਕ ਦਸੂਹਾ ਨੁੰ ਅਕਾਲੀ ਦਲ ਦਾ ਮੀਤ ਪ੍ਰਧਾਨ, ਮੋਹਿਤ ਗੁਪਤਾ ਸਾਬਕਾ ਸੂਬਾ ਪ੍ਰਧਾਨ ਭਾਜਪਾ ਯੂਥ ਵਿੰਗ ਤੇ ਯੁਵਾ ਮੋਰਚਾ ਅਕਾਲੀ ਦਲ ਦੇ ਜਨਰਲ ਸਕੰਤਰ ਤੇ ਪੀ ਏ ਸੀ ਮੈਂਬਰ ਅਤੇ ਬੁਲਾਰੇ, ਕਮਲ ਚਤਲੀ ਮੈਂਬਰ ਭਾਜਪਾ ਸਟੇਟ ਵਰਕਿੰਗ ਕਮੇਟੀ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ, ਆਰ ਡੀ ਸ਼ਰਮਾ ਸਾਬਕਾ ਡਿਪਟੀ ਮੇਅਰ ਲੁਧਿਆਣਾ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ, ਸੁਰਿੰਦਰ ਛਿੰਦੀ ਪ੍ਰਧਾਨ ਸਾਬਕਾ ਪ੍ਰਧਾਨ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਨੁੰ ਅਕਾਲੀ ਦਲ ਦਾ ਜਥੇਬੰਦਕ ਸਕੰਤਰ, ਹਰਜੀਤ ਭੁੱਲਰ ਟੀ ਵੀ ਪੈਨਲਿਸਟ ਭਾਜਪਾ ਨੁੰ ਅਕਾਲੀ ਦਲ ਦਾ ਜਥੇਬੰਦਕ ਸਕੱਤਰ, ਮਿੰਟੂ ਸ਼ਰਮਾ ਸਾਕਬਾ ਕੌਂਸਲਰ ਲੁਧਿਆਣਾ ਨੁੰ ਅਕਾਲੀ ਦਲ ਦਾ ਸੰਯੁਕਤ ਸਕੱਤਰ, ਅਮਨ ਐਰੀ ਭਾਜਪਾ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਨੂੰ ਸੰਯੁਕਤ ਸਕੱਤਰ ਤੇ ਬੁਲਾਰਾ, ਸੁਮਿਤ ਸ਼ਾਸਤਰੀ ਮੈਂਬਰ ਸਟੇਟ ਭਾਜਪਾ ਵਰਕਿੰਗ ਕਮੇਟੀ ਨੁੰ ਅਕਾਲੀ ਦਲ ਦਾ ਸੰਯੁਕਤ ਸਕੱਤਰ, ਵਕਰਮ ਲੱਕੀ ਜ਼ਿਲ੍ਹਾ ਖ਼ਜ਼ਾਨਚੀ ਭਾਜਪਾ ਬਠਿੰਡਾ ਨੂੰ ਅਕਾਲੀ ਦਲ ਦਾ ਸੰਯੁਕਤ ਸਕੱਤਰ ਤੇ ਵਿਕਰਮ ਐਰੀ ਸਾਬਕਾ ਸਟੇਅ ਸਕੱਤਰ ਬੀ ਜੇ ਵਾਈ ਐਮ ਪੰਜਾਰਬ ਨੁੰ ਹੁਣ ਸੀਨੀਅਰ ਮੀਤ ਪ੍ਰਧਾਨ ਯੁਥ ਅਕਾਲੀ ਦਲ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਤੇ ਇਸਦਾ ਮਕਸਦ ਅਤਿਵਾਦ ਦੇ ਦੌਰ ਤੋਂ ਬਾਅਦ ਸਮਾਜਿਕ ਵੰਡੀਆਂ ਖਤਮ ਕਰਨਾ ਸੀ। ਉਹਨਾਂ ਕਿਹਾ ਕਿ ਗਠਜੋੜ ਨੇ ਸ਼ਾਂਤੀ ਦਾ ਸਪਸ਼ਟ ਸੁਨੇਹਾ ਦਿੱਤਾ ਤੇ ਇਸ ਸਦਕਾ ਪੰਜਾਬ ਵਿਚ ਸ਼ਾਂਤੀ ਤੇ ਖੁਸ਼ਹਾਲੀ ਆਈ। ਜੋਸ਼ੀ ਨੇ ਕਿਹਾ ਕਿ ਜਿਸ ਪਾਰਟੀ ਲਈ ਉਹਨਾਂ ਸ਼ੁਰੂ ਤੋਂ ਕੰਮ ਕੀਤਾ, ਉਹ ਇਸ ਕਰ ਕੇ ਛੱਡਣੀ ਪਈ ਕਿਉਂਕਿ ਉਸਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਅੱਖਾਂ ਮੀਟ ਲਈਆਂ ਹਨ। ਉਹਨਾਂ ਕਿਹਾ ਕਿ ਸਾਡੇ ਸੂਬਾਈ ਆਗੂਆਂ ਨੇ ਵੀ ਕੇਂਦਰੀ ਲੀਡਰਸ਼ਿਪ ਨੁੰ ਗੁੰਮਰਾਹ ਕੀਤਾ। ਉਹਨਾਂ ਕਿਹਾ ਕਿ ਉਹਨਾਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਕਰ ਕੇ ਕੀਤਾ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਜੋ ਖੇਤਰੀ ਆਸਾਂ ਲਈ ਡੱਟਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬੀਆਂ ਦੀ ਪੀੜਾ ਨਹੀਂ ਸਮਝਦੀ ਤੇ ਆਮ ਆਦਮੀ ਪਾਰਟੀ ਨੁੰ ਸਿਰਫ ਹਾਂ ਬੋਲਣ ਵਾਲੇ ਵਿਧਾਇਕ ਚਾਹੀਦੇ ਹਨ, ਜਿਹਨਾਂ ਨੂੰ ਉਹ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾ ਸਕੇ।

Scroll to Top