Punjab News

ਪੰਜਾਬ ‘ਚ 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਸ਼ੁਰੂਆਤ

ਚੰਡੀਗੜ੍ਹ, 10 ਨਵੰਬਰ 2025: ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਹੈ ਕਿ ਲਾਈਨਮੈਨ ਟਰੇਡ ‘ਚ 2,600 ਅਪ੍ਰੈਂਟਿਸ (ਇੰਟਰਨ) ਸਬੰਧੀ ਚੋਣ ਪ੍ਰਕਿਰਿਆ ਪੂਰੀ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਲਈ 2,500 ਅਪ੍ਰੈਂਟਿਸ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL) ਲਈ 100 ਅਪ੍ਰੈਂਟਿਸ ਸ਼ਾਮਲ ਹਨ।

ਸੰਜੀਵ ਅਰੋੜਾ ਨੇ ਦੱਸਿਆ ਕਿ ਹਾਲ ਹੀ ‘ਚ 2,106 (2,023 ਸਹਾਇਕ ਲਾਈਨਮੈਨ, 48 ਅੰਦਰੂਨੀ ਆਡੀਟਰ ਅਤੇ 35 ਮਾਲੀਆ ਲੇਖਾਕਾਰ) ਦੀ ਨਿਯੁਕਤੀ ਦੇ ਨਾਲ ਅਪ੍ਰੈਲ 2022 ਤੋਂ ਬਾਅਦ ਨਵੀਆਂ ਭਰਤੀਆਂ ਦੀ ਕੁੱਲ ਗਿਣਤੀ 8,984 ਹੋ ਗਈ ਹੈ | ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ “ਕਾਰੋਬਾਰ ਕਰਨ ‘ਚ ਸੌਖ” ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵੱਡੇ ਖਪਤਕਾਰ-ਪੱਖੀ ਸੁਧਾਰ ਸੰਬੰਧੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਅਤੇ ਲੋਡ ਸਮਰੱਥਾ ‘ਚ ਤਬਦੀਲੀਆਂ ਸਬੰਧੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਹੈ।

ਸੰਜੀਵ ਅਰੋੜਾ ਨੇ ਕਿਹਾ ਕਿ ਨਵੀਂ ਪ੍ਰਣਾਲੀ ਦੇ ਤਹਿਤ, ਐਲ.ਟੀ. (ਲੋਅ ਟੈਂਸ਼ਨ) ਸ਼੍ਰੇਣੀ ਦੇ ਤਹਿਤ 50 ਕਿਲੋਵਾਟ ਤੱਕ ਦੇ ਲੋਡ ‘ਚ ਨਵੇਂ ਕੁਨੈਕਸ਼ਨ ਜਾਂ ਤਬਦੀਲੀਆਂ ਦੀ ਮੰਗ ਕਰਨ ਵਾਲੇ ਬਿਨੈਕਾਰਾਂ ਜਾਂ ਖਪਤਕਾਰਾਂ ਨੂੰ ਕਿਸੇ ਲਾਇਸੰਸਸ਼ੁਦਾ ਇਲੈਕਟ੍ਰੀਕਲ ਠੇਕੇਦਾਰ ਤੋਂ ਕੋਈ ਟੈਸਟ ਰਿਪੋਰਟ ਜਾਂ ਇਮਾਰਤ ‘ਚ ਬਿਜਲੀ ਸਬੰਧੀ ਵਿਵਸਥਾ ਲਈ ਕੋਈ ਸਵੈ-ਪ੍ਰਮਾਣੀਕਰਨ/ਦਸਤਖਤ ਕੀਤੇ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਨਹੀਂ ਹੋਵੇਗੀ।

ਇਸ ਦੀ ਬਜਾਏ ਆਨਲਾਈਨ ਅਰਜ਼ੀ ਫਾਰਮ ‘ਚ ਇੱਕ ਘੋਸ਼ਣਾ ਹੋਵੇਗੀ, ਜਿਸ ‘ਚ ਬਿਨੈਕਾਰ ਘੋਸ਼ਣਾ ਕਰੇਗਾ “ਕਿ ਇਮਾਰਤ ‘ਚ ਅੰਦਰੂਨੀ ਤਾਰਾਂ ਇੱਕ ਲਾਇਸੰਸਸ਼ੁਦਾ ਇਲੈਕਟ੍ਰੀਕਲ ਠੇਕੇਦਾਰ/ਸਰਕਾਰ ਦੇ ਮਨੋਨੀਤ ਅਧਿਕਾਰੀ ਵੱਲੋਂ ਲਗਾਈਆਂ ਹਨ ਅਤੇ ਟੈਸਟ ਕੀਤਾ ਹੈ ਅਤੇ ਟੈਸਟ ਸਰਟੀਫਿਕੇਟ ਬਿਨੈਕਾਰ ਕੋਲ ਉਪਲਬੱਧ ਹੈ।” ਜ਼ਿਕਰਯੋਗ ਹੈ ਕਿ, PSPCL (AP ਨੂੰ ਛੱਡ ਕੇ) ‘ਚ 50KW ਤੋਂ ਘੱਟ ਲੋਡ ਵਾਲੇ ਕੁੱਲ ਕੁਨੈਕਸ਼ਨ 99.5% ਤੋਂ ਵੱਧ ਹਨ।

ਉਨ੍ਹਾਂ ਨੇ ਕਿਹਾ ਕਿ ਐਲ.ਟੀ. ਸਪਲਾਈ ‘ਤੇ 50 ਕਿਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਲਈ, ਟੈਸਟ ਰਿਪੋਰਟ ਜਮ੍ਹਾ ਕਰਨਾ ਜਰੂਰੀ ਰਹੇਗੀ, ਪਰ ਪੀਐਸਪੀਸੀਐਲ ਮੁਲਾਜ਼ਮਾਂ ਨੂੰ ਅਜਿਹੀਆਂ ਰਿਪੋਰਟਾਂ ਦੀ ਪੁਸ਼ਟੀ ਕਰਨ ਦੀ ਲੋੜ ਨਹੀਂ ਹੋਵੇਗੀ। ਇਸੇ ਤਰ੍ਹਾਂ, ਸਾਰੇ ਨਵੇਂ ਐਚ.ਟੀ. (ਹਾਈ ਟੈਂਸ਼ਨ) ਅਤੇ ਈ.ਐਚ.ਟੀ. (ਐਕਸਟਰਾ ਹਾਈ ਟੈਂਸ਼ਨ) ਬਿਨੈਕਾਰਾਂ ਲਈ, ਚੀਫ ਇਲੈਕਟ੍ਰੀਕਲ ਇੰਸਪੈਕਟਰ (ਸੀਈਆਈ) ਵੱਲ ਨਿਰੀਖਣ ਰਿਪੋਰਟ ਲਾਜ਼ਮੀ ਰਹੇਗੀ; ਹਾਲਾਂਕਿ, ਟੈਸਟ ਰਿਪੋਰਟ ਜਮ੍ਹਾ ਕਰਨਾ ਹੁਣ ਜ਼ਰੂਰੀ ਨਹੀਂ ਹੋਵੇਗਾ।

ਸੰਜੀਵ ਅਰੋੜਾ ਨੇ ਕਿਹਾ ਕਿ ਲੋਡ ਐਕਸਟੈਂਸ਼ਨ ਦੀ ਮੰਗ ਕਰਨ ਵਾਲੇ ਮੌਜੂਦਾ ਐਚ.ਟੀ./ਈ.ਐਚ.ਟੀ. ਖਪਤਕਾਰਾਂ ਦੀ ਸ਼੍ਰੇਣੀ ‘ਚ ਸੀਈਆਈ ਨਿਰੀਖਣ ਸਿਰਫ਼ ਉਦੋਂ ਹੀ ਲੋੜੀਂਦਾ ਹੋਵੇਗਾ ਜਦੋਂ ਇੱਕ ਨਵਾਂ ਟ੍ਰਾਂਸਫਾਰਮਰ ਲਗਾਇਆ ਜਾਵੇਗਾ। ਹੋਰ ਸਾਰੇ ਮਾਮਲਿਆਂ ‘ਚ ਸੀਈਆਈ ਪ੍ਰਮਾਣੀਕਰਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪ੍ਰਕਿਰਿਆ ‘ਚ ਹੋਣ ਵਾਲੀ ਦੇਰੀ ਨੂੰ ਘਟਾਏਗਾ, ਪਾਰਦਰਸ਼ਤਾ ਵਧਾਏਗਾ ਅਤੇ ਕੁਨੈਕਸ਼ਨ ਛੇਤੀ ਜਾਰੀ ਕਰਨ ਦੇ ਸਮੱਰਥ ਬਣਾਏਗਾ।

ਬਿਜਲੀ ਮੰਤਰੀ ਨੇ ਕਿਹਾ ਕਿ ਬਿਨੈਕਾਰ/ਖਪਤਕਾਰ ਵੱਲੋਂ ਨਵਾਂ ਕੁਨੈਕਸ਼ਨ/ਵਾਧੂ ਲੋਡ/ਮੰਗ/ਨਾਮ ਬਦਲਣ ਆਦਿ ਲਈ ਲਾਇਸੰਸਸ਼ੁਦਾ ਬਿਜਲੀ ਠੇਕੇਦਾਰ ਰਾਹੀਂ ਜਮ੍ਹਾਂ ਕਰਵਾਈ ਗਈ ਟੈਸਟ ਰਿਪੋਰਟ (ਜਿੱਥੇ ਵੀ ਲਾਗੂ ਹੋਵੇ) ਦੀ ਤਸਦੀਕ ਪੀਐਸਪੀਸੀਐਲ ਵੱਲੋਂ ਨਹੀਂ ਕੀਤੀ ਜਾਵੇਗੀ।

ਪੰਜਾਬ ਬਿਜਲੀ ਮੰਤਰੀ ਨੇ ਦੁਹਰਾਇਆ ਕਿ ਸੁਰੱਖਿਆ ਨਿਯਮਾਂ ਦੀ ਪਾਲਣਾ ਪ੍ਰਮੁੱਖ ਤਰਜੀਹ ਰਹੇਗੀ। ਸਾਰੇ ਮੌਜੂਦਾ ਐਚ.ਟੀ./ਈ.ਐਚ.ਟੀ. ਖਪਤਕਾਰ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੀਈਆਈ ਵੱਲੋਂ ਦੁਆਰਾ ਸਾਲਾਨਾ ਨਿਰੀਖਣ ਕਰਵਾਉਂਦੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਹਦਾਇਤਾਂ ਏ.ਪੀ. (ਖੇਤੀਬਾੜੀ ਬਿਜਲੀ) ਸ਼੍ਰੇਣੀ ਦੇ ਖਪਤਕਾਰਾਂ ਲਈ ਲਾਗੂ ਨਹੀਂ ਹੋਣਗੀਆਂ।

ਸੰਜੀਵ ਅਰੋੜਾ ਨੇ ਕਿਹਾ ਕਿ ਪੀਐਸਪੀਸੀਐਲ ਕੋਲ ਹੁਣ ਲਗਭੱਗ 30,000 ਕਰਮਚਾਰੀਆਂ ਹਨ ਅਤੇ ਅਪ੍ਰੈਂਟਿਸ ਐਕਟ, 1961 ਦੇ ਮੁਤਾਬਕ 30 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੀ ਹਰੇਕ ਸੰਸਥਾ ਨੂੰ ਕੁੱਲ ਸਟਾਫ ਦੇ 2.5 ਫੀਸਦ ਤੋਂ 15 ਫੀਸਦ ਤੱਕ ਅਪ੍ਰੈਂਟਿਸ (ਇੰਟਰਨ) ਨੂੰ ਨਿਯੁਕਤ ਕਰਨ ਦੀ ਲੋੜ ਹੁੰਦੀ ਹੈ। ਇਸ ਸਬੰਧ ‘ਚ ਪੀਐਸਪੀਸੀਐਲ ਨੇ ਵਿੱਤੀ ਸਾਲ 2025-26 ਲਈ ਅਪ੍ਰੈਂਟਿਸ (ਇੰਟਰਨ) ਦੀ ਚੋਣ ਮੁਕੰਮਲ ਕਰ ਲਈ ਹੈ, ਜਿਸ ਨਾਲ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਭਵਿੱਖ ਦੇ ਰੁਜ਼ਗਾਰ ਲਈ ਰਾਹ ਪੱਧਰਾ ਕਰਦੇ ਹੋਏ ਕੌਮੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਲਾਈਨਮੈਨ ਟ੍ਰੇਡ ‘ਚ ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਸਿਖਲਾਈ ਲਈ, ਯੋਗ ਉਮੀਦਵਾਰਾਂ ਨੂੰ ਮੈਟ੍ਰਿਕ ਪਾਸ ਹੋਣਾ ਚਾਹੀਦਾ ਹੈ, ਮੈਟ੍ਰਿਕ ਪੱਧਰ ਤੱਕ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ‘ਚ ਆਈ.ਟੀ.ਆਈ. ਯੋਗਤਾ ਹੋਣੀ ਚਾਹੀਦੀ ਹੈ। ਚੋਣ ਪ੍ਰਕਿਰਿਆ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਰਾਹੀਂ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਚੁਣੇ ਉਮੀਦਵਾਰਾਂ ਨੂੰ ਪ੍ਰਵਾਨਿਤ ਸ਼ਡਿਊਲ ਅਨੁਸਾਰ ਪ੍ਰੈਕਟੀਕਲ ਅਤੇ ਸਿਧਾਂਤਕ ਸਿਖਲਾਈ ਲਈ ਵੱਖ-ਵੱਖ ਡਿਵੀਜ਼ਨਾਂ ‘ਚ ਭੇਜਿਆ ਜਾਂਦਾ ਹੈ। ਸਿਖਲਾਈ ਦੌਰਾਨ ਉਨ੍ਹਾਂ ਨੂੰ 7700 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।

ਬਿਜਲੀ ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ, 1,500 ਅਪ੍ਰੈਂਟਿਸਾਂ (ਇੰਟਰਨਾਂ) ਨੇ ਅਕਤੂਬਰ 2024 ‘ਚ ਆਪਣੀ ਸਿਖਲਾਈ ਮੁਕੰਮਲ ਕੀਤੀ ਸੀ। ਇਸ ਸਫਲਤਾ ਦੇ ਆਧਾਰ ‘ਤੇ, ਨਵੇਂ ਬੈਚ ਲਈ 52-ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਚਲਾਇਆ ਜਾਵੇਗਾ ਅਤੇ ਇਹ ਸਿਖਲਾਈ ਪ੍ਰੋਗਰਾਮ ਉਹਨਾਂ ਨੂੰ ਸਿਧਾਂਤਕ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਬਿਜਲੀ ਮੰਤਰੀ ਨੇ ਦੱਸਿਆ ਕਿ ਸਿਖਲਾਈ ਪਾਠਕ੍ਰਮ ‘ਚ ਜ਼ਰੂਰੀ ਸੁਰੱਖਿਆ ਅਤੇ ਤਕਨੀਕੀ ਪਾਠ ਸ਼ਾਮਲ ਹੋਣਗੇ – ਜਿਸ ‘ਚ ਨਿੱਜੀ ਸੁਰੱਖਿਆ ਉਪਕਰਣ (ਪੀ.ਪੀ.ਈ.), ਮੁੱਢਲੀ ਸਹਾਇਤਾ ਤਕਨੀਕਾਂ ਅਤੇ ਹਾਈ-ਟੈਂਸ਼ਨ (ਐਚ.ਟੀ.) ਅਤੇ ਲੋਅ ਟੈਂਸ਼ਨ (ਐਲ.ਟੀ.) ਲਾਈਨਾਂ ‘ਤੇ ਸੁਰੱਖਿਅਤ ਕੰਮ ਕਰਨ ਦੇ ਅਭਿਆਸ ਸ਼ਾਮਲ ਹਨ। ਅਗਲੇ ਹਫ਼ਤਿਆਂ ‘ਚ ਸਿਖਿਆਰਥੀ ਵੋਲਟੇਜ, ਕਰੰਟ ਅਤੇ ਵਿਰੋਧ ਦਾ ਮਾਪ, ਐਚ.ਟੀ. /ਐਲ.ਟੀ. ਲਾਈਨਾਂ ਦੀ ਸਥਾਪਨਾ ਅਤੇ ਰੱਖ-ਰਖਾਅ, ਕੇਬਲ ਜੋੜਨ, ਅਰਥਿੰਗ ਸਿਸਟਮ ਅਤੇ ਮੀਟਰ ਲਗਾਉਣ ਬਾਰੇ ਸਿੱਖਣਗੇ। ਉੱਨਤ ਮਾਡਿਊਲਾਂ ‘ਚ ਨੁਕਸ ਖੋਜਣਾ, ਟ੍ਰਾਂਸਫਾਰਮਰ ਦੇ ਰੱਖ-ਰਖਾਅ, ਲਾਈਨਾਂ ਦੀ ਗਸ਼ਤ ਅਤੇ ਤੂਫਾਨ ਜਾਂ ਮੀਂਹ ਤੋਂ ਬਾਅਦ ਐਮਰਜੈਂਸੀ ਪ੍ਰਤੀਕਿਰਿਆ ਸ਼ਾਮਲ ਹੈ।

Read More: ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ: ਕੈਬਿਨਟ ਮੰਤਰੀ ਸੰਜੀਵ ਅਰੋੜਾ

Scroll to Top