Ramandeep Singh

ਪੰਜਾਬ ਦੇ ਰਮਨਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ‘ਚ ਚੋਣ, ਜਾਣੋ ਕਿਸਨੂੰ ਮੰਨਦੇ ਨੇ ਆਪਣਾ ਆਦਰਸ਼

ਚੰਡੀਗੜ੍ਹ, 29 ਅਕਤੂਬਰ 2024: ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਅਤੇ ਇਮਰਜਿੰਗ ਏਸ਼ੀਆ ਕੱਪ 2024 ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੀ ਛਾਪ ਛੱਡਣ ਵਾਲੇ ਪੰਜਾਬ ਦੇ ਨੌਜਵਾਨ ਆਲਰਾਊਂਡਰ ਰਮਨਦੀਪ ਸਿੰਘ (Ramandeep Singh) ਭਾਰਤੀ ਕ੍ਰਿਕਟ ਟੀਮ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ ਹਨ। ਜਿਕਰਯੋਗ ਹੈ ਕਿ ਰਮਨਦੀਪ ਸਿੰਘ ਲੰਮੇ ਸਮੇਂ ਤੋਂ ਆਈ.ਪੀ.ਐੱਲ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਟੀਮ ਲਈ ਖੇਡ ਰਹੇ ਹਨ |

ਰਮਨਦੀਪ ਨੂੰ ਦੱਖਣੀ ਅਫਰੀਕਾ ਖ਼ਿਲਾਫ ਚਾਰ ਮੈਚਾਂ ਦੀ ਟੀ-20 ਸੀਰੀਜ਼ ਲਈ ਪਹਿਲੀ ਵਾਰ ਭਾਰਤੀ ਅੰਤਰਰਾਸ਼ਟਰੀ ਟੀਮ ‘ਚ ਚੁਣਿਆ ਗਿਆ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ ਸੀਰੀਜ਼ 8 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਇਸ ਸੀਰੀਜ਼ ਟੀ-20 ਤੋਂ ਪਹਿਲਾਂ ਰਮਨਦੀਪ ਸਿੰਘ (Ramandeep Singh) ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਆਦਰਸ਼ ਕੋਈ ਹੋਰ ਨਹੀਂ ਸਗੋਂ ਵੈਸਟਇੰਡੀਜ਼ ਦਾ ਬੱਲੇਬਾਜ਼ ਆਂਦਰੇ ਰਸਲ ਹਨ। ਉਸ ਨੇ ਕਿਹਾ ਕਿ ਉਹ ਰਸਲ ਵਾਂਗ ਪ੍ਰਭਾਵਸ਼ਾਲੀ ਬਣਨ ਦੀ ਕੋਸ਼ਿਸ਼ ਕਰੇਗਾ ਅਤੇ ਸਲੋਗ ਓਵਰਾਂ ‘ਚ ਆਪਣੀ ਤਾਕਤ ਨਾਲ ਵਿਰੋਧੀ ਧਿਰ ਨੂੰ ਪਰੇਸ਼ਾਨ ਕਰੇਗਾ।

ਇੰਡੀਅਨ ਐਕਸਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੰਜਾਬ ਦੇ ਇਸ ਕ੍ਰਿਕਟਰ ਨੇ ਕਿਹਾ, ‘ਆਲਰਾਊਂਡਰ ਵਜੋਂ ਮੇਰਾ ਰੋਲ ਮਾਡਲ ਆਂਦਰੇ ਰਸਲ ਹੈ। ਮੈਂ ਉਸ ਵਾਂਗ ਹੀ ਪ੍ਰਭਾਵ ਬਣਾਉਣਾ ਚਾਹੁੰਦਾ ਹਾਂ। ਜਦੋਂ ਮੈਂ ਕ੍ਰੀਜ਼ ‘ਤੇ ਜਾਂਦਾ ਹਾਂ ਤਾਂ ਵਿਰੋਧੀ ਟੀਮ ‘ਚ ਇਹ ਡਰ ਹੋਣਾ ਚਾਹੀਦਾ ਹੈ ਕਿ ਮੈਂ ਉਨ੍ਹਾਂ ਦੇ ਹੱਥੋਂ ਮੈਚ ਖੋਹ ਲਵਾਂਗਾ। ਮੈਂ ਭਾਰਤ ਲਈ ਇਸੇ ਤਰ੍ਹਾਂ ਦਾ ਪ੍ਰਭਾਵ ਪੈਦਾ ਕਰਨਾ ਚਾਹੁੰਦਾ ਹਾਂ।Ramandeep Singh

ਰਮਨਦੀਪ ਨੂੰ ਇਸ ਸੀਰੀਜ਼ ‘ਚ ਭਾਰਤ ਲਈ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਸਾਲ ਰਮਨਦੀਪ ਆਈਪੀਐਲ ‘ਚ ਆਪਣੇ ਉਸ ਸਮੇਂ ਦੇ ਸਲਾਹਕਾਰ ਅਤੇ ਹੁਣ ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਦੇ ਸਮਰਥਨ ਕਾਰਨ ਚਰਚਾ ‘ਚ ਆਇਆ ਸੀ। ਦੱਖਣੀ ਅਫਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਗੰਭੀਰ ਕੋਲ ਉਸਦੇ ਲਈ ਇੱਕ ਯੋਜਨਾ ਸੀ ਅਤੇ ਇਹੀ ਉਸਦੀ ਸਫਲਤਾ ਦਾ ਕਾਰਨ ਹੈ। ਰਮਨਦੀਪ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, ‘ਗੌਤਮ ਸਰ ਨੇ ਮੈਨੂੰ ਕਿਹਾ ਕਿ ਮੈਂ ਨੰਬਰ 7 ਅਤੇ ਨੰਬਰ 8 ‘ਤੇ ਬੱਲੇਬਾਜ਼ੀ ਕਰਾਂਗਾ ਅਤੇ ਮੈਨੂੰ ਉਸ ਅਨੁਸਾਰ ਤਿਆਰੀ ਕਰਨ ਦੀ ਸਲਾਹ ਦਿੱਤੀ।’

ਦੱਖਣੀ ਅਫਰੀਕਾ ਟੀ-20 ਸੀਰੀਜ਼ ਲਈ ਭਾਰਤੀ ਟੀਮ :-

ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਤਿਲਕ ਵਰਮਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਵਿਜੇ ਕੁਮਾਰ ਵਿਸ਼ਾਕ, ਅਵੇਸ਼ ਖਾਨ ਅਤੇ ਯਸ਼ ਦਿਆਲ।

Scroll to Top