July 4, 2024 5:56 pm
UCC

ਪੰਜਾਬੀਆਂ ਦੀ ਯੂਸੀਸੀ ਵਿਰੋਧੀ ਭਾਵਨਾ ਦੇਖ ਕੇ CM ਮਾਨ ਨੇ ਲਿਆ ਯੂ-ਟਰਨ: ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ

ਚੰਡੀਗੜ੍ਹ, 05 ਜੁਲਾਈ 2023: ਇਕਸਾਰ ਸਿਵਲ ਕੋਡ (UCC) ‘ਤੇ ਵੱਖਰਾ ਸਟੈਂਡ ਅਪਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਮੰਗਿਆ ਕਿ ਕੀ ‘ਆਪ’ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ ਜਦੋਂ ਦਿੱਲੀ ਵਿੱਚ ਬੈਠੇ ਇਸ ਦੇ ਮਾਲਕਾਂ ਨੇ ਯੂਸੀਸੀ ‘ਤੇ ਭਾਜਪਾ ਨੂੰ ਸਿਧਾਂਤਕ ਸਮਰਥਨ ਦਿੱਤਾ ਸੀ।

ਬਾਜਵਾ ਨੇ ਸਵਾਲ ਕੀਤਾ, “ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਕਿਸ ‘ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ “ਸੁਪਰ ਸੀ ਐੱਮ” ਦੇ ਯੂਸੀਸੀ ਬਾਰੇ ਵੱਖੋ ਵੱਖਰੇ ਵਿਚਾਰ ਹਨ। ਇੰਜ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀਆਂ ਯੂਸੀਸੀ ਵਿਰੋਧੀ ਭਾਵਨਾਵਾਂ ਨੂੰ ਵੇਖਦਿਆਂ ਇਹ ਯੂ-ਟਰਨ ਲਿਆ ਹੈ।

ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਯੂਸੀਸੀ ਨੂੰ ਲਾਗੂ ਕਰਨ ਦੀ ਤਿਆਰੀ ਨਾਲ ਦੇਸ਼ ਦੇ ਸਦਭਾਵਨਾਪੂਰਨ ਅਤੇ ਸ਼ਾਂਤ ਤਾਣੇ-ਬਾਣੇ ਨੂੰ ਭਾਰੀ ਨੁਕਸਾਨ ਪਹੁੰਚੇਗਾ, ਜਿੱਥੇ ਘੱਟ ਗਿਣਤੀਆਂ, ਕਬੀਲਿਆਂ ਅਤੇ ਬਹੁਗਿਣਤੀ ਭਾਈਚਾਰੇ ਦੇ ਕੁਝ ਹਿੱਸੇ ਨੂੰ ਨੁਕਸਾਨ ਪਹੁੰਚੇਗਾ।

ਇੱਕ ਨਿਊਜ਼ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਹੁਣ ਪੰਜਾਬ ਦੇ ਸੀ ਐੱਮ ਭਗਵੰਤ ਮਾਨ ਯੂਸੀਸੀ (UCC) ਬਾਰੇ ‘ਆਪ’ ਦੇ ਸਟੈਂਡ ਤੋਂ ਵੱਖ ਹੋ ਗਏ ਹਨ। ਇਸ ਉਦਾਹਰਨ ਤੋਂ ਪਤਾ ਲੱਗਦਾ ਹੈ ਕਿ ‘ਆਪ’ ਦੀ ਪੰਜਾਬ ਇਕਾਈ ਨੂੰ ਉਦੋਂ ਧਿਆਨ ਵਿੱਚ ਨਹੀਂ ਰੱਖਿਆ ਗਿਆ ਜਦੋਂ ‘ਆਪ’ ਦੀ ਚੋਟੀ ਦੀ ਲੀਡਰਸ਼ਿਪ ਨੇ ਯੂਸੀਸੀ ਬਾਰੇ ਆਪਣੀ ਰਣਨੀਤੀ ਤਿਆਰ ਕੀਤੀ ਅਤੇ ਫਿਰ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ‘ਆਪ’ ਨੂੰ ਸਿਧਾਂਤਕ ਸਮਰਥਨ ਦੇਣ ਦਾ ਐਲਾਨ ਕੀਤਾ।

ਉਨ੍ਹਾਂ ਨੇ ਅੱਗੇ ਕਿਹਾ “ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ‘ਆਪ’ ਦੀ ਚੋਟੀ ਦੀ ਲੀਡਰਸ਼ਿਪ ਨੂੰ ਪੰਜਾਬ ਪ੍ਰਤੀ ਜ਼ੀਰੋ ਸਤਿਕਾਰ ਹੈ, ਜੋ ਕਿ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ, ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਵੱਡਾ ਫ਼ਤਵਾ ਦਿੱਤਾ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ‘ਆਪ’ ਵਿਚ ਅੰਦਰੂਨੀ ਜ਼ਮਹੂਰੀਅਤ ਨਹੀਂ ਸੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਾਇਦ ਆਪਣੇ ਬਹੁਤ ਨੇੜਲੇ ਸਾਥੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਾਨਾਸ਼ਾਹੀ ਨਾਲ ਵੱਡੇ ਫ਼ੈਸਲੇ ਲੈਂਦੇ ਹਨ। ਮੁੱਖ ਮੰਤਰੀ ਮਾਨ ਨਿਸ਼ਚਿਤ ਤੌਰ ‘ਤੇ ਰਬੜ ਦੀ ਮੋਹਰ ਹਨ ਅਤੇ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਦਿੱਲੀ ਵਿੱਚ ਬੈਠੇ ਇਸ ਦੀ ਚੋਟੀ ਦੀ ਲੀਡਰਸ਼ਿਪ ਰਿਮੋਟ-ਕੰਟਰੋਲ ਰਹਿਣ ਚਲਾ ਰਹੀ ਹੈ”

ਇੱਕ ਬਿਆਨ ਵਿੱਚ, ਬਾਜਵਾ ਨੇ ਦੁਹਰਾਇਆ ਕਿ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ਵਿੱਚ ਕਥਿਤ “ਪ੍ਰਸ਼ਾਸਨਿਕ ਅਤੇ ਵਿੱਤੀ” ਬੇਨਿਯਮੀਆਂ ਦਾ ਵਿਸ਼ੇਸ਼ ਆਡਿਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਵੀ ਜਾਰੀ ਸੀ। ਅਜਿਹਾ ਲੱਗਦਾ ਹੈ ਕਿ ਯੂਸੀਸੀ ‘ਤੇ ਭਾਜਪਾ ਨੂੰ ਸਮਰਥਨ ਦੇ ਕੇ ‘ਆਪ’ ਦਾ ਇਰਾਦਾ ਕੇਜਰੀਵਾਲ ਨੂੰ ਬਚਾਉਣਾ ਸੀ।

ਕਾਦੀਆਂ ਦੇ ਵਿਧਾਇਕ ਨੇ ਕਿਹਾ ਕਿ ਇਹ ਸੱਚ ਹੈ ਕਿ ਹਿੰਦੂਆਂ, ਸਿੱਖਾਂ, ਮੁਸਲਮਾਨ ਅਤੇ ਈਸਾਈ ਭਾਈਚਾਰੇ ਦੇ ਵਿਆਹਾਂ, ਜਨਮਾਂ ਅਤੇ ਮੌਤਾਂ ‘ਤੇ ਕੀਤੇ ਜਾਣ ਵਾਲੇ ਰੀਤੀ-ਰਿਵਾਜਾਂ ਵਿੱਚ ਫ਼ਰਕ ਹੈ। ਇਸੇ ਤਰਾਂ, ਕੁਝ ਵੱਖ-ਵੱਖ ਜਾਤਾਂ ਅਤੇ ਕਬੀਲੇ ਵੱਖ-ਵੱਖ ਰਸਮਾਂ ਅਤੇ ਰੀਤੀ ਰਿਵਾਜ਼ਾਂ ਦਾ ਅਭਿਆਸ ਕਰਦੇ ਹਨ। 2024 ਦੀਆਂ ਆਮ ਚੋਣਾਂ ਤੋਂ ਪਹਿਲਾਂ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬਹੁਗਿਣਤੀ ਭਾਈਚਾਰੇ ਦੀਆਂ ਵੋਟਾਂ ਨੂੰ ਮਜ਼ਬੂਤ ਕਰਨ ਲਈ ਫ਼ਿਰਕੂ ਸਿਆਸਤ ਕਰ ਰਹੀ ਹੈ।