ਸੁਲਤਾਨਪੁਰ ਲੋਧੀ, 07 ਜੁਲਾਈ 2023: ਜਲ ਸ਼ਕਤੀ ਮੰਤਰਾਲੇ ਵੱਲੋਂ ਅਸਾਮ ਦੀ ਰਾਜਧਾਨੀ ਗੁਹਾਟੀ ਵਿੱਚ ਚੱਲੀ ਦੋ ਦਿਨਾ ਮੀਟਿੰਗ ਦੇ ਆਖਰੀ ਦਿਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਨੇ ‘ਸੀਚੇਵਾਲ ਮਾਡਲ’ (Seechewal Model) ਨੂੰ ਦੇਸ਼ ਲਈ ਲਾਭਦਾਇਕ ਦੱਸਿਆ। ਗੁਹਾਟੀ ਵਿੱਚ ਚੱਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੇਂਦਰੀ ਮੰਤਰੀ ਨੇ ਕਮੇਟੀ ਦੇ ਦੂਜੇ ਮੈਂਬਰ ਪਾਰਲੀਮੈਂਟਾਂ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਕਿਵੇਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੰਦੇ ਪਾਣੀਆਂ ਨੂੰ ਖੇਤੀ ਲਈ ਵਰਤਣ ਵਾਸਤੇ ਇੱਕ ਖ਼ਾਸ ਕਿਸਮ ਦੇ ਛੱਪੜ ਡਿਜ਼ਾਇਜਨ ਕੀਤੇ ਹਨ, ਜਿੰਨ੍ਹਾਂ ਨੂੰ ਇੰਨ੍ਹਾਂ ਦੇ ਨਾਂਅ ਨਾਲ ਹੀ ਭਾਵ ਕਿ ‘ਸੀਚੇਵਾਲ ਮਾਡਲ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸਥਾਪਿਤ ਕੀਤੇ ‘ਸੀਚੇਵਾਲ ਮਾਡਲ’ (Seechewal Model) ਨਾਲ ਖੇਤੀ ਨੂੰ ਪਾਣੀ ਮਿਲੇਗਾ ਤੇ ਵਰਤਿਆ ਗਿਆ ਪਾਣੀ ਇੱਕ ਵਾਰ ਮੁੜ ਤੋਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਡਲ ਤਹਿਤ ਗੰਦਾ ਪਾਣੀ ਸੋਧ ਕੇ ਖੇਤੀ ਲਈ ਵਰਤਣਾ ਲਾਹੇਵੰਦ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਨੇ ਅਸਾਮ ਜਨ ਸਿਹਤ ਅਤੇ ਸੈਰ ਸਪਾਟਾ ਦੇ ਮੰਤਰੀ ਜੈਅੰਤਾ ਮੱਲਾ ਬਰੂਹਾ ਨੂੰ ਇਹ ਵੀ ਦੱਸਿਆ ਕਿ ਕਿਵੇਂ ਸੰਤ ਸੀਚੇਵਾਲ ਨੇ ਪੰਜਾਬ ਵਿੱਚ ਮਰ ਚੁੱਕੀ ਨਦੀ ਨੂੰ ਮੁੜ ਸੁਰਜੀਤ ਕੀਤਾ ਹੈ।
ਇਸ ਤੋਂ ਪਹਿਲਾਂ ਮੀਟਿੰਗ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੰਦੇ ਪਾਣੀਆਂ ਨੂੰ ਸਾਫ਼ ਕਰਨਾ ਇੱਕ ਵੱਡੀ ਚਣੌਤੀ ਹੈ, ਪਰ ਸਾਂਝੇ ਹੰਭਲੇ ਤੇ ਦ੍ਰਿੜ ਨਿਸ਼ਚੇ ਨਾਲ ਇਹ ਕਾਰਜ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਹਾਜ਼ਰੀ ਵਿੱਚ ਕਿਹਾ ਕਿ ਦੇਸ਼ ਦੇ ਸਾਰੇ ਧਾਰਮਿਕ ਆਗੂਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਗੰਦਾ ਪਾਣੀ ਨਦੀਆਂ ਅਤੇ ਦਰਿਆਵਾਂ ਵਿੱਚ ਪੈ ਰਿਹਾ ਹੈ ਇੱਕ ਤਰ੍ਹਾਂ ਨਾਲ ਮੱਠਾ-ਜ਼ਹਿਰ ਹੈ, ਜਿਸ ਨੇ ਹੌਲੀ ਹੌਲੀ ਪੂਰੇ ਦੇਸ਼ ਦੀਆਂ ਨਦੀਆਂ ਨੂੰ ਬੁਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ।
ਸੰਤ ਸੀਚੇਵਾਲ ਜੀ ਨੇ ਸਾਬਕਾ ਰਾਸ਼ਟਰਪਤੀ ਡਾ: ਏਪੀਜੇ ਅਬਦੁਲ ਕਲਾਮ ਦਾ ਹਵਾਲਾ ਦਿੰਦਿਆ ਕਿਹਾ ਕਿ ਜਦੋਂ ਉਹ 17 ਅਗਸਤ 2006 ਵਿੱਚ ਸੁਲਤਾਨਪੁਰ ਲੋਧੀ ਆਏ ਸਨ ਤਾਂ ਉਨ੍ਹਾਂ ਨੇ ਵੀ ਦੇਸ਼ ਦੇ ਧਾਰਮਿਕ ਆਗੂਆਂ ਨੂੰ ਅੱਗੇ ਆਉਣ ਲਈ ਅਪੀਲ ਕੀਤੀ ਸੀ।
ਸੰਤ ਸੀਚੇਵਾਲ ਨੇ ਸਮੁੱਚੇ ਅਸਾਮ ਵਿੱਚੋਂ ਲੰਘਦੇ ਵੱਡੇ ਬ੍ਰਹਮਪੁਤਰਾ ਦਰਿਆ ਅਤੇ ਚਾਰ ਹੈਕਟੇਅਰ ਵਿੱਚ ਫੈਲੀ ਦੀਪਪੋਰ ਝੀਲ ਦਾ ਉਚੇਚਾ ਜ਼ਿਕਰ ਕੀਤਾ। ਉਨ੍ਹਾਂ ਮੀਟਿੰਗ ਵਿੱਚ ਬੜੋਲੂ ਨਦੀਂ ਦੇ ਗੰਦੇ ਨਾਲੇ ਵਿੱਚ ਬਦਲ ਜਾਣ ‘ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਸਾਰੇ ਦੇਸ਼ ਵਿੱਚ ਹੀ ਹੈ, ਕਿ ਪਿੰਡਾਂ ਸ਼ਹਿਰਾਂ ਦਾ ਸਾਰਾ ਗੰਦਾ ਪਾਣੀ ਦੇ ਕੁਦਰਤੀ ਸਰੋਤਾਂ ਵਿੱਚ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਵੇਰੇ ਸੰਤ ਸੀਚੇਵਾਲ ਨੇ ਇੱਥੋਂ ਦੇ ਗੋਪੀਨਾਥ ਨਗਰ ਗੁਹਾਟੀ ਵਿੱਚ ਗੁਰਦੁਆਰਾ ਸਿੰਘ ਸਭਾ ਵਿੱਚ ਜਾ ਕੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।