ਨੰਗਲ, 22 ਮਈ 2025: ਭਾਖੜਾ ਡੈਮ ਦੀ ਸੁਰੱਖਿਆ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੂੰ ਸੌਂਪ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੀ ਬੇਨਤੀ ‘ਤੇ 296 ਸੀਆਈਐੱਸਐੱਫ ਜਵਾਨਾਂ ਦੀ ਤਾਇਨਾਤੀ ਨੂੰ ਪ੍ਰਵਾਨਗੀ ਦਿੱਤੀ ਹੈ। ਕੇਂਦਰ ਵੱਲੋਂ ਪੰਜਾਬ ਪੁਲਿਸ ਦੁਆਰਾ ਡੈਮ ਦੀ ਸੁਰੱਖਿਆ ‘ਚ ਦਖਲ ਦੇਣ ਅਤੇ ਬੀਬੀਐਮਬੀ ਅਧਿਕਾਰੀਆਂ ਨੂੰ ਕੰਮ ਕਰਨ ਤੋਂ ਰੋਕਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਜਿਕਰਯੋਗ ਹੈ ਕਿ 19 ਮਈ ਨੂੰ ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੁਣ ਸੀਆਈਐਸਐਫ ਭਾਖੜਾ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇਗਾ। ਇਸ ਲਈ 296 ਸੈਨਿਕਾਂ ਦੀ ਇੱਕ ਯੂਨਿਟ ਬਣਾਈ ਗਈ ਹੈ, ਜਿਨ੍ਹਾਂ ਦੀ ਤਾਇਨਾਤੀ ਡੈਮ ਦੀ ਸੁਰੱਖਿਆ ‘ਚ ਮਜ਼ਬੂਤ ਨਿਯੰਤਰਣ ਨੂੰ ਯਕੀਨੀ ਬਣਾਏਗੀ। ਸੀਆਈਐਸਐਫ ਨੇ ਬੀਬੀਐਮਬੀ ਨੂੰ ਇੱਕ ਪੱਤਰ ਭੇਜ ਕੇ ਵਿੱਤੀ ਸਾਲ 2023-24 ਲਈ 8.59 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਵਾਉਣ ਲਈ ਕਿਹਾ ਗਿਆ | ਇਸ ਤੋਂ ਇਲਾਵਾ ਅਧਿਕਾਰੀਆਂ ਲਈ ਢੁਕਵੀਂ ਰਿਹਾਇਸ਼ ਅਤੇ ਆਵਾਜਾਈ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸਦੇ ਨਾਲ ਹੀ 22 ਮਈ ਦੀ ਸ਼ਾਮ ਤੱਕ ਹਰਿਆਣਾ ਨੂੰ 10,300 ਕਿਊਸਿਕ ਪਾਣੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਬੀਬੀਐਮਬੀ ਨੇ ਕਿਹਾ ਕਿ 21 ਮਈ ਨੂੰ ਹਰਿਆਣਾ ਨੂੰ 5,500 ਕਿਊਸਿਕ ਪਾਣੀ ਮਿਲ ਰਿਹਾ ਸੀ, ਜਿਸ ਨੂੰ ਦੁਪਹਿਰ 1:30 ਵਜੇ ਤੋਂ ਹਰ ਘੰਟੇ 100 ਕਿਊਸਿਕ ਵਧਾਇਆ ਗਿਆ। ਨਤੀਜੇ ਵਜੋਂ, ਹਰਿਆਣਾ ਨੂੰ ਹੁਣ 10,300 ਕਿਊਸਿਕ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
ਬੀਬੀਐਮਬੀ ਦੀ ਤਕਨੀਕੀ ਕਮੇਟੀ ਨੇ 21 ਮਈ ਤੋਂ 31 ਮਈ ਤੱਕ ਤਿੰਨਾਂ ਸੂਬਿਆਂ ਲਈ ਕੁੱਲ 35,340 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ ਨੂੰ 17,000 ਕਿਊਸਿਕ, ਹਰਿਆਣਾ ਨੂੰ 10,300 ਕਿਊਸਿਕ ਅਤੇ ਰਾਜਸਥਾਨ ਨੂੰ 12,400 ਕਿਊਸਿਕ ਪਾਣੀ ਮਿਲੇਗਾ।
Read More: ਪੰਜਾਬ ਸਰਕਾਰ ਨੀਤੀ ਆਯੋਗ ਦੀ ਬੈਠਕ ‘ਚ ਚੁੱਕੇਗੀ BBMB ਪੁਨਰਗਠਨ ਦਾ ਮੁੱਦਾ