Zirakpur

ਜ਼ੀਰਕਪੁਰ (ਡੇਰਾਬੱਸੀ ਹਲਕਾ) ਤੋਂ ਧਾਰਮਿਕ ਯਾਤਰਾ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦੂਜਾ ਜੱਥਾ ਰਵਾਨਾ

ਜ਼ੀਰਕਪੁਰ/ਐਸ.ਏ.ਐਸ.ਨਗਰ, 13 ਦਸੰਬਰ, 2023: ਜ਼ਿਲ੍ਹਾ ਐਸ.ਏ.ਐਸ.ਨਗਰ ਤੋਂ 43 ਸ਼ਰਧਾਲੂਆਂ ਦਾ ਦੂਜਾ ਜੱਥਾ ਅੱਜ ਗੁਰਦੁਆਰਾ ਨਾਭਾ ਸਾਹਿਬ ਜ਼ੀਰਕਪੁਰ (Zirakpur) ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਸਰਕਟ ਦੀ ਧਾਰਮਿਕ ਯਾਤਰਾ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ, ਡੇਰਾਬੱਸੀ, ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਤੋਂ ਤੀਰਥ ਯਾਤਰਾ ਲਈ ਅੱਠ ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰਹਿਣ ਅਤੇ ਰਸਤੇ ਚ ਖਾਣੇ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਵੇਗਾ।

ਬੱਸ ਵਿੱਚ ਚੜ੍ਹਨ ਤੋਂ ਪਹਿਲਾਂ, ਸ਼ਰਧਾਲੂਆਂ ਨੂੰ ਇੱਕ-ਇੱਕ ਕੰਬਲ, ਬੈੱਡਸ਼ੀਟ, ਸਿਰਹਾਣਾ ਅਤੇ ਛੱਤਰੀ ਤੋਂ ਇਲਾਵਾ ਇੱਕ ਨਿੱਜੀ ਟਾਇਲਟਰੀ ਕਿੱਟ ਵੀ ਦਿੱਤੀ ਗਈ। ਇਸ ਮੌਕੇ ਮੈਡੀਕਲ ਟੀਮ ਵੱਲੋਂ ਸਾਰਿਆਂ ਦਾ ਚੰਗੀ ਤਰ੍ਹਾਂ ਮੈਡੀਕਲ ਚੈਕਅੱਪ ਵੀ ਕੀਤਾ ਗਿਆ।
ਐਸ.ਡੀ.ਐਮ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਦੋ ਰੋਜ਼ਾ ਤੀਰਥ ਯਾਤਰਾ ਲਈ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਅਗਾਊਂ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਏ ਸੀ ਬੱਸਾਂ ਨੂੰ ਫਸਟ ਏਡ ਕਿੱਟਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਕਿਸੇ ਵੀ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਜਾਣ ਵਾਲੇ ਰੂਟ ‘ਤੇ ਸਥਿਤ ਸਰਕਾਰੀ ਹਸਪਤਾਲਾਂ ਨੂੰ ਅਲਰਟ ਕੀਤਾ ਗਿਆ ਹੈ। ਬੱਸ ਵਿੱਚ ਸਵਾਰ ਹੋਏ ਸ਼ਰਧਾਲੂਆਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪਹਿਲ ਕਰਨ ਲਈ ਭਗਵੰਤ ਸਿੰਘ ਮਾਨ ਸਰਕਾਰ ਦਾ ਧੰਨਵਾਦ ਕੀਤਾ। ਗਰੀਨ ਸਿਟੀ ਢਕੋਲੀ ਤੋਂ ਸਤਪਾਲ ਸਿੰਘ, ਜ਼ੀਰਕਪੁਰ ਤੋਂ ਪ੍ਰੀਤਮ ਸਿੰਘ ਅਤੇ ਜ਼ੀਰਕਪੁਰ (Zirakpur) ਤੋਂ ਸੁੱਚਾ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਉਨ੍ਹਾਂ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ ਜੋ ਕਿਸੇ ਨਾ ਕਿਸੇ ਕਾਰਨ ਤੀਰਥ ਯਾਤਰਾ ‘ਤੇ ਜਾਣ ਤੋਂ ਅਸਮਰੱਥਤਾ ਮਹਿਸੂਸ ਕਰਦੇ ਹਨ।

Scroll to Top