Municipal Corporations

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 5 ਨਗਰ ਨਿਗਮਾਂ ਤੇ 43 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ ਲਈ ਸ਼ਡਿਊਲ ਜਾਰੀ

ਚੰਡੀਗੜ੍ਹ, 13 ਨਵੰਬਰ 2024: ਪੰਜਾਬ ਰਾਜ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ (Municipal Corporations), ਜਿਨ੍ਹਾਂ ‘ਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਤੇ 43 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਪੰਜਾਬ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਦੀਆਂ 52 ਜ਼ਿਮਨੀ ਚੋਣਾਂ ਲਈ ਵੋਟਰ ਸੂਚੀਆਂ ‘ਚ ਸੋਧ ਕਰਨ ਸੰਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ।

ਪੰਜਾਬ ਰਾਜ ਚੋਣ ਕਮਿਸ਼ਨ ਨੇ ਆਪਣੇ ਪੱਤਰ ਨੰ. SEC/ME/SAM/2024/8227-49 ਮਿਤੀ 12 ਨਵੰਬਰ 2024 ਰਾਹੀਂ ਪੰਜ ਨਗਰ ਨਿਗਮਾਂ (Municipal Corporations) ਸੰਬੰਧੀ ਇਹ ਸ਼ਡਿਊਲ ਜਾਰੀ ਕੀਤਾ ਹੈ। ਇਸ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ 14 ਨਵੰਬਰ 2024 ਨੂੰ ਕੀਤੀ ਜਾਵੇਗੀ ਅਤੇ 18 ਨਵੰਬਰ 2024 ਤੋਂ 25 ਨਵੰਬਰ 2024 ਤੱਕ ਦਾਅਵੇ ਅਤੇ ਇਤਰਾਜ਼ ਦਰਜ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਮਿਤੀ 03.12.2024 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 07 ਦਸੰਬਰ 2024 ਤੱਕ ਕੀਤੀ ਜਾਵੇਗੀ। ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਮੌਜੂਦਾ ਵੋਟਰ ਸੂਚੀਆਂ 14 ਨਵੰਬਰ 2024 ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ ਦੇ ਨਾਲ-ਨਾਲ ਸਬੰਧਿਤ ਨਗਰ ਪਾਲਿਕਾ ਵਿੱਚ ਜਨਤਕ ਕਰਨ ਦੀ ਹਦਾਇਤ ਕੀਤੀ ਹੈ।

ਇਸ ਸੋਧ ਸਬੰਧੀ ਅਨੁਸੂਚੀ ਮੁਤਾਬਕ ਪੰਜਾਬ ਮਿਉਂਸਪਲ ਚੋਣ ਨਿਯਮ, 1994 ਦੇ ਨਿਯਮ 14 ‘ਚ ਦਰਸਾਏ ਮੁਤਾਬਕ ਕੋਈ ਵੀ ਯੋਗ ਵਿਅਕਤੀ ਫਾਰਮ ਨੰ. 7, ਫਾਰਮ 8 ਅਤੇ ਫਾਰਮ 9 ਰਾਹੀਂ ਬਿਨੈ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਫਾਰਮ ਨੰ: 7, 8 ਅਤੇ 9 ਨੂੰ ਕਮਿਸ਼ਨ ਦੀ ਵੈੱਬਸਾਈਟ (https://sec.punjab.gov.in) ਤੋਂ ਡਾਊਨਲੋਡ ਕਰ ਸਕਦਾ ਹੈ।

ਇਸਦੇ ਉਨ੍ਹਾਂ ਦੱਸਿਆ ਕਿ ਬਿਨੈਕਾਰ ਦੁਆਰਾ ਆਪਣਾ ਨਾਮ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਯੋਗ ਹੋਣ ਦੀ ਯੋਗਤਾ ਮਿਤੀ 01ਨਵੰਬਰ 2024 ਨਿਰਧਾਰਤ ਕੀਤੀ ਹੈ। ਵੋਟਰ ਵਜੋਂ ਰਜਿਸਟਰ ਹੋਣ ਦੇ ਯੋਗ ਹੋਣ ਲਈ, ਬਿਨੈਕਾਰ ਦੀ ਉਮਰ ਯੋਗਤਾ ਮਿਤੀ ਨੂੰ 18 ਸਾਲ ਪੂਰੀ ਹੋਣੀ ਚਾਹੀਦੀ ਹੈ ਅਤੇ ਉਹ ਆਮ ਤੌਰ ‘ਤੇ ਉਸ ਇਲਾਕੇ ਦਾ ਨਿਵਾਸੀ ਹੋਣਾ ਚਾਹੀਦਾ ਹੈ, ਜਿਸ ਇਲਾਕੇ ਦਾ ਉਹ ਵਸਨੀਕ ਹੈ |

ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਹਨ ਕਿ ਉਹ ਸਬੰਧਤ ਨਗਰ ਪਾਲਿਕਾਵਾਂ ਵਿਖੇ 20 ਅਤੇ 21 ਨਵੰਬਰ 2024 ਨੂੰ ਆਮ ਲੋਕਾਂ ਦੀ ਸਹੂਲਤ ਲਈ ਦਾਅਵੇ ਅਤੇ ਇਤਰਾਜ਼ (ਫਾਰਮ 7, 8 ਅਤੇ 9 ਵਿੱਚ) ਜਮ੍ਹਾ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।

ਇਸਦੇ ਨਾਲ ਹੀ ਵੋਟਰ ਡਰਾਫਟ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 07 ਦਸੰਬਰ 2024 ਨੂੰ ਕੀਤੀ ਜਾਵੇਗੀ। ਰਾਜ ਚੋਣ ਕਮਿਸ਼ਨ ਵੱਲੋਂ ਸਾਰੇ ਇੱਛੁਕ ਅਤੇ ਯੋਗ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਦਾਅਵੇ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਆਪਣੀ ਸਬੰਧਤ ਨਗਰ ਪਾਲਿਕਾ ਦੀ ਵੋਟਰ ਸੂਚੀ ‘ਚ ਆਪਣਾ ਨਾਮ ਦਰਜ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਉਹ ਲੋਕਤੰਤਰੀ ਪ੍ਰਕਿਰਿਆ ‘ਚ ਹਿੱਸਾ ਲੈ ਸਕਣ।

Scroll to Top