July 2, 2024 9:29 pm
ਬੋਤਲਬੰਦ ਪਾਣੀ

ਐਸ.ਡੀ.ਐਮਜ਼ ਨੂੰ ਪ੍ਰਭਾਵਿਤ ਖੇਤਰਾਂ ‘ਚ ਬੋਤਲਬੰਦ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ

ਐਸ.ਏ.ਐਸ.ਨਗਰ, 18 ਜੁਲਾਈ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੇਰ ਸ਼ਾਮ ਕੀਤੀ ਜਾਇਜ਼ਾ ਮੀਟਿੰਗ ਦੌਰਾਨ ਐਸ.ਐਮ.ਓਜ਼ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੇਸਾਂ ਵਿੱਚ ਆਈ ਕਮੀ ਨੂੰ ਨਿਗਰਾਨੀ ਵਿੱਚ ਢਿੱਲ ਦਾ ਕਰਨ ਨਾ ਬਣਨ ਦਿੱਤਾ ਜਾਵੇ। ਡੀ ਸੀ ਜੈਨ ਨੇ ਕਿਹਾ, “ਸਾਨੂੰ ਕਲੋਰੀਨ ਦੀਆਂ ਗੋਲੀਆਂ ਅਤੇ ਓ ਆਰ ਐਸ ਪਾਊਚਾਂ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਵੰਡ ਤੋਂ ਇਲਾਵਾ ਸੰਵੇਦਨਸ਼ੀਲ ਅਤੇ ਪ੍ਰਭਾਵਿਤ ਇਲਾਕਿਆਂ ਦੀ ਪਛਾਣ ਕਰਨ ਲਈ ਮੈਡੀਕਲ ਕੈਂਪਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ।

ਸਾਰੇ ਦਿਨ ਦੀ ਪ੍ਰਗਤੀ ਜਾਣਨ ਲਈ ਦੇਰ ਸ਼ਾਮ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਡੇ ਕੋਲ ਸਰਕਾਰੀ ਹਸਪਤਾਲਾਂ ਵਿੱਚ 84 ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ 70, ਡੇਰਾਬੱਸੀ ਵਿਖੇ 8, ਕੁਰਾਲੀ ਵਿਖੇ 4 ਅਤੇ ਖਰੜ ਅਤੇ ਢਕੋਲੀ ਵਿਖੇ ਇੱਕ-ਇੱਕ ਮਰੀਜ਼ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਬੋਤਲਬੰਦ ਪਾਣੀ ਦੀ ਲੋੜੀਂਦੀ ਮਾਤਰਾ ਵਿੱਚ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਐਸ.ਐਮ.ਓਜ਼ ਨੂੰ ਪ੍ਰਭਾਵਿਤ ਖੇਤਰਾਂ ਦੇ ਹਰੇਕ ਘਰ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡਣ ਦਾ ਕੰਮ ਭਲਕੇ ਤੱਕ ਮੁਕੰਮਲ ਕਰਨ ਲਈ ਆਖਿਆ।

ਉਨ੍ਹਾਂ ਬਲੌਂਗੀ ਤੋਂ ਸਿਹਤ ਅਤੇ ਪਰਿਵਾਰ ਮੰਤਰੀ ਡਾ: ਬਲਬੀਰ ਸਿੰਘ ਦੁਆਰਾ ਸ਼ੁਰੂ ਕੀਤੀ ਆਈ ਈ ਸੀ ਗਤੀਵਿਧੀਆਂ (ਜਾਗਰੂਕਤਾ ਮੁਹਿੰਮ) ਨੂੰ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।  ਉਨ੍ਹਾਂ ਕਿਹਾ ਕਿ ਦਸਤ ਅਤੇ ਹੈਜ਼ੇ ਤੋਂ ਬਚਾਅ ਲਈ ਬਚਾਅ ਦੇ ਉਪਾਅ ਕਰਨ ਲਈ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ ਬਾਰੇ ਜਾਗਰੂਕ ਕਰਨਾ ਮਦਦਗਾਰ ਹੋਵੇਗਾ।

ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਉਹ ਪ੍ਰਭਾਵਿਤ ਖੇਤਰਾਂ ਵਿੱਚ ਹੋਰ ਕੈਂਪ ਲਗਾਉਣ ਤਾਂ ਜੋ ਮੈਡੀਕਲ ਟੀਮਾਂ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ।  ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰ ਦੇ ਲੋਕਾਂ ਦੀ ਵੱਧ ਤੋਂ ਵੱਧ ਕਵਰੇਜ ਸਾਨੂੰ ਸਮੇਂ ਸਿਰ ਬਿਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰੇਗੀ।

ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪ੍ਰਭਾਵਿਤ ਖੇਤਰਾਂ ਦੀਆਂ ਪਾਈਪ ਲਾਈਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਕਿਹਾ ਤਾਂ ਜੋ ਮਿਕਸਿੰਗ ਪੁਆਇੰਟਾਂ ਦੀ ਪਛਾਣ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਦਸਤ ਅਤੇ ਹੈਜ਼ੇ ਦੇ ਫੈਲਣ ਤੋਂ ਬਚਾਉਣ ਲਈ ਹੜ੍ਹਾਂ ਦੌਰਾਨ ਕੀਤੀ ਡਿਊਟੀ ਵਾਂਗ ਕੰਮ ਕਰਨ।