ਸਕੂਲ ਬੰਦ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਭਰੀ ਮੀਂਹ ਕਰਕੇ ਸਕੂਲ ਬੰਦ ਰੱਖਣ ਦੇ ਆਦੇਸ਼

ਚੰਡੀਗੜ੍ਹ, 02 ਸਤੰਬਰ 2025: ਭਾਰੀ ਮੀਂਹ ਕਾਰਨ ਚੰਡੀਗੜ੍ਹ ਦੇ ਸਾਰੇ ਸਕੂਲ 2 ਸਤੰਬਰ ਨੂੰ ਬੰਦ ਰਹਿਣਗੇ, ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ‘ਚ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਸਾਰੇ ਸਕੂਲ ਮੰਗਲਵਾਰ ਨੂੰ ਬੰਦ ਰਹਿਣਗੇ। ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਪੰਜਾਬ ਸਮੇਤ ਦੇਸ਼ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੰਗਲਵਾਰ 2 ਸਤੰਬਰ ਨੂੰ ਕਈ ਜ਼ਿਲ੍ਹਿਆਂ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ‘ਚ ਵਿਦਿਆਰਥੀ ਹਿੱਤ ਨੂੰ ਧਿਆਨ ‘ਚ ਰੱਖਦੇ ਹੋਏ, ਪ੍ਰਸ਼ਾਸਨ ਨੇ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।

ਹਿਮਾਚਲ ਪ੍ਰਦੇਸ਼ ‘ਚ ਰੈੱਡ ਅਲਰਟ ਦੇ ਵਿਚਕਾਰ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅਜਿਹੀ ਸਥਿਤੀ ‘ਚ ਰਾਜ ਦੇ ਕਈ ਇਲਾਕਿਆਂ ‘ਚ ਵਿਦਿਅਕ ਸੰਸਥਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਿਮਾਚਲ ਦੇ ਸੋਲਨ, ਚੰਬਾ, ਲਾਹੌਲ ਅਤੇ ਸਿਰਮੌਰ ‘ਚ ਸਕੂਲ ਵੀ ਮੰਗਲਵਾਰ ਨੂੰ ਬੰਦ ਰਹਿਣਗੇ।

ਪੰਚਕੂਲਾ, ਮੋਰਨੀ, ਬਰਵਾਲਾ, ਪਿੰਜੌਰ ਅਤੇ ਰਾਏਪੁਰ ਰਾਣੀ ਦੇ ਚਾਰੋਂ ਬਲਾਕਾਂ ‘ਚ ਸਕੂਲ 2 ਸਤੰਬਰ ਨੂੰ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਮੁਤਾਬਕ ਮੋਰਨੀ ਬਲਾਕ ਦੇ ਸਾਰੇ ਸਕੂਲ ਕੱਲ੍ਹ ਬੰਦ ਰਹਿਣਗੇ। ਪੰਚਕੂਲਾ ਤੋਂ ਇਲਾਵਾ, ਭਿਵਾਨੀ, ਹਿਸਾਰ, ਸਿਰਸਾ, ਕੁਰੂਕਸ਼ੇਤਰ, ਯਮੁਨਾਨਗਰ ਅਤੇ ਫਤਿਹਾਬਾਦ ਜ਼ਿਲ੍ਹਿਆਂ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ‘ਚ 2 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਪਹਾੜੀ ਇਲਾਕਿਆਂ ‘ਚ ਲਗਾਤਾਰ ਮੀਂਹ ਕਾਰਨ ਮੌਸਮ ਦੀ ਚੇਤਾਵਨੀ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਜੰਮੂ ਡਿਵੀਜ਼ਨ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 2 ਸਤੰਬਰ ਨੂੰ ਬੰਦ ਰਹਿਣਗੇ। ਜਿੱਥੋਂ ਤੱਕ ਸੰਭਵ ਹੋਵੇ, ਔਨਲਾਈਨ ਕਲਾਸਾਂ ਚਲਾਈਆਂ ਜਾ ਸਕਦੀਆਂ ਹਨ।

ਉੱਤਰਾਖੰਡ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਉਣ ਵਾਲੇ ਦਿਨਾਂ ‘ਚ ਰੈੱਡ ਅਤੇ ਔਰੇਂਜ ਅਲਰਟ ਵਾਲੇ ਸਾਰੇ ਜ਼ਿਲ੍ਹਿਆਂ ‘ਚ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਦੇਹਰਾਦੂਨ, ਗੜ੍ਹਵਾਲ ਅਤੇ ਕੁਮਾਉਂ ਦੇ ਹੋਰ ਸਾਰੇ ਜ਼ਿਲ੍ਹਿਆਂ ‘ਚ ਅੱਜ ਸਕੂਲ ਬੰਦ ਕਰ ਦਿੱਤੇ ਗਏ ਹਨ। ਉੱਤਰਕਾਸ਼ੀ ‘ਚ ਵੀ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।

Read More: ਪੰਜਾਬ ‘ਚ ਮੌਸਮ ਲੈ ਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ

Scroll to Top