ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ: DC ਸ਼ੌਕਤ ਅਹਿਮਦ ਪਰੇ

School students

ਪਟਿਆਲਾ, 23 ਅਪ੍ਰੈਲ 2024: ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪੋ-ਆਪਣੇ ਸਕੂਲਾਂ ਵਿੱਚ ਲੋਕ ਸਭਾ ਚੋਣਾਂ-2024 ਦੌਰਾਨ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਦੇ 87 ਸਕੂਲਾਂ ਦੇ ਮੁਖੀਆਂ ਤੇ ਨੁਮਾਇੰਦਿਆਂ ਨਾਲ ਇੱਕ ਅਹਿਮ ਬੈਠਕ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਜ਼ਬੂਤ ਲੋਕਤੰਤਰ ਲਈ ਸਾਰੇ ਵਿਦਿਆਰਥੀਆਂ (School students) ਨੂੰ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ‘ਚੋਣਾਂ’ ਨਾਲ ਜਰੂਰ ਜੋੜਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਦੀਆਂ ਦੀ ਗੁਲਾਮੀ ਬਾਅਦ ਪ੍ਰਾਪਤ ਹੋਈ ਆਜ਼ਾਦੀ ਕਰਕੇ ਸਾਨੂੰ ਵੋਟ ਪਾਉਣ ਦਾ ਇਹ ਹੱਕ ਮਿਲਿਆ ਹੈ, ਇਸ ਲਈ ਹਰੇਕ ਨਾਗਰਿਕ ਇਸ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਡਰ-ਭੈਅ, ਦਬਾਅ ਜਾਂ ਲਾਲਚ ਤੋਂ ਬਗੈਰ ਲਾਜ਼ਮੀ ਕਰੇ। ਇਸ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੇ ਸਕੂਲ ਆਪਣੇ ਵਿਦਿਆਰਥੀਆਂ ਨੂੰ ਵੋਟਰ ਜਾਗਰੂਕਤਾ ਮੁਹਿੰਮ ‘ਚ ਆਪਣਾ ਯੋਗਦਾਨ ਪਾਉਣ ਲਈ ਜਰੂਰ ਪ੍ਰੇਰਤ ਕਰਨ। ਉਨ੍ਹਾਂ ਕਿਹਾ ਕਿ ਚੰਗੀ ਕਾਰਗੁਜ਼ਾਰੀ ਵਾਲੇ ਸਕੂਲਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਇਸ ‘ਤੇ ਸਾਰੇ ਹਾਜ਼ਰ ਸਕੂਲਾਂ ਦੇ ਮੁਖੀਆਂ ਨੇ ਇਸ ਗੱਲੋਂ ਸਹਿਮਤੀ ਜਤਾਈ ਕਿ ਉਹ ਆਪੋ-ਆਪਣੇ ਸਕੂਲਾਂ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਵਿੱਢਣਗੇ ਤਾਂ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਾ ਰਹੇ।

ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਕੂਲ ਇਹ ਵੀ ਯਕੀਨੀ ਬਣਾਉਣ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਸਹੁੰ ਵਿਦਿਆਰਥੀ (School students) ਆਪਣੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਤਸਦੀਕ ਕਰਵਾਉਣਗੇ ਤੇ ਨਾਲ ਹੀ ਨੇੜਲੇ ਤੇ ਜਾਣ-ਪਛਾਣ ਵਾਲੇ ਚਾਰ ਹੋਰ ਪਰਿਵਾਰਾਂ ਨੂੰ ਵੀ ਲਾਜਮੀ ਵੋਟਾਂ ਪਾਉਣ ਲਈ ਜਾਗਰੂਕ ਕਰਨਗੇ।

ਉਨ੍ਹਾਂ ਹੋਰ ਕਿਹਾ ਕਿ ਸਕੂਲ ਆਪਣੇ ਨੇੜਲੇ ਖੇਤਰ ਵਿੱਚ ਸਵੀਪ ਗਤੀਵਿਧੀਆਂ ਚਲਾ ਕੇ ਵੋਟਰਾਂ ਨੂੰ ਜਾਗਰੂਕ ਕਰਨਗੇ। ਪਰੰਤੂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਉਮੀਦਵਾਰ ਜਾਂ ਸਿਆਸੀ ਪਾਰਟੀ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਤੇ ਮਾਪਿਆਂ ਨੂੰ ਇਸ ਗੱਲੋਂ ਵੀ ਜਰੂਰ ਜਾਗਰੂਕ ਕੀਤਾ ਜਾਵੇ ਕਿ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਸੋਚ-ਸਮਝ ਕੇ ਵੋਟ ਪਾਈ ਜਾਵੇ ਤਾਂ ਕਿ ਦੇਸ਼ ਲਈ ਇੱਕ ਚੰਗੀ ਸਰਕਾਰ ਚੁਣੀ ਜਾ ਸਕੇ।

ਸ਼ੌਕਤ ਅਹਿਮਦ ਪਰੇ ਨੇ ਅੱਗੇ ਕਿਹਾ ਕਿ ਵੋਟ ਦੇ ਮਹੱਤਵ ਨੂੰ ਸਮਝਣਾ ਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਬਹੁਤ ਲਾਜ਼ਮੀ ਹੈ ਇਸ ਲਈ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਈਐਲਸੀ ਕਲੱਬ ਬਣਾਂਏ ਜਾਣ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੈਂਪਸ ਅੰਬੈਸਡਰ ਬਣਾਇਆ ਜਾਵੇ ਤੇ ਸਕੂਲ ਸਟਾਫ਼ ਸਮੇਤ ਕਿਸੇ ਜੇਕਰ ਵਿਦਿਆਰਥੀਆਂ ਦੀਆਂ ਵੋਟਾਂ ਬਣੀਆਂ ਹੋਈਆਂ ਹਨ ਤਾਂ 100 ਫੀਸਦੀ ਇਹ ਵੋਟਾਂ ਪੁਆਉਣੀਆਂ ਯਕੀਨੀ ਬਣਾਂਈਆਂ ਜਾਣ। ਇਸ ਤੋਂ ਬਿਨ੍ਹਾਂ ਸਕੂਲਾਂ ਵਿੱਚ ਲੇਖ ਲਿਖਣ ਮੁਕਾਬਲੇ, ਮੌਕ ਪੋਲ ਗਤੀਵਿਧੀ, ਮਾਪਿਆਂ ਦੇ ਨਾਲ ਮੀਟਿੰਗਾਂ, ਵਾਲ ਪੇਟਿੰਗਜ਼ ਆਦਿ ਗਤੀਵਿਧੀਆਂ ਕਰਕੇ ਸਕੂਲ ਦੇ ਸੋਸ਼ਲ ਮੀਡੀਆ ਉਪਰ ਅਪਲੋਡ ਵੀ ਕੀਤੀਆਂ ਜਾਣ।

ਇਸ ਮੌਕੇ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਪਟਿਆਲਾ ਅਰਵਿੰਦ ਕੁਮਾਰ, ਐਸ.ਡੀ.ਐਮ. ਦੂਧਨ ਸਾਧਾਂ ਮਨਜੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਸਵੀਪ ਜ਼ਿਲ੍ਹਾ ਇੰਚਾਰਜ ਪ੍ਰੋ. ਸ਼ਵਿੰਦਰ ਰੇਖੀ ਤੇ ਵੱਡੀ ਗਿਣਤੀ ਸਕੂਲਾਂ ਦੇ ਮੁਖੀ ਤੇ ਹੋਰ ਨੁਮਾਇੰਦੇ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।