814 ਮਾਸਟਰ ਕਾਡਰ ਅਧਿਆਪਕ

ਸਕੂਲ ਸਿੱਖਿਆ ਵਿਭਾਗ ਨੇ 814 ਮਾਸਟਰ ਕਾਡਰ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਦਿੱਤੀ ਤਰੱਕੀ

ਚੰਡੀਗੜ੍ਹ, 07 ਅਗਸਤ 2025: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ 814 ਮਾਸਟਰ ਕਾਡਰ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਤਰੱਕੀ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ | ਇਨ੍ਹਾਂ ਅਧਿਆਪਕਾਂ ਨੂੰ ਪੂਰੀ ਲਗਨ ਅਤੇ ਸਾਲਾਂ ਦੇ ਤਜਰਬੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ‘ਚ ਉਨ੍ਹਾਂ ਦੇ ਯੋਗਦਾਨ ਨੂੰ ਧਿਆਨ ‘ਚ ਰੱਖਦੇ ਹੋਏ ਤਰੱਕੀ ਦਿੱਤੀ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਤਰੱਕੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਨੂੰ ਦਿੱਤੀਆਂ ਹਨ, ਜਿਨ੍ਹਾਂ ‘ਚ ਪੰਜਾਬੀ ਦੇ 360, ਰਾਜਨੀਤੀ ਸ਼ਾਸਤਰ ਦੇ 271, ਅੰਗਰੇਜ਼ੀ ਦੇ 135, ਕਾਮਰਸ ਦੇ 40, ਸੰਸਕ੍ਰਿਤ ਦੇ ਦੋ, ਫਾਈਨ ਆਰਟਸ ਦੇ ਇੱਕ, ਗ੍ਰਹਿ ਵਿਗਿਆਨ ਦੇ ਤਿੰਨ ਅਤੇ ਸਮਾਜ ਸ਼ਾਸਤਰ ਦੇ ਦੋ ਲੈਕਚਰਾਰ ਸ਼ਾਮਲ ਹਨ।

ਸਾਰੇ ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਹਰਜੋਤ ਸਿੰਘ ਬੈਂਸ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਭਵਿੱਖ ‘ਚ ਆਪਣੇ ਤਜਰਬੇ ਅਤੇ ਅਧਿਆਪਨ ਪ੍ਰਤੀ ਜਨੂੰਨ ਨਾਲ ਦੇਸ਼ ਦੀ ਅਗਵਾਈ ਕਰਨ ਵਾਲੇ ਨੌਜਵਾਨਾਂ ਨੂੰ ਪ੍ਰੇਰਿਤ ਅਤੇ ਸਿੱਖਿਅਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਇਹ ਕੈਰੀਅਰ ਵਿਸਥਾਰ ਉਨ੍ਹਾਂ ਨੂੰ ਆਪਣੇ ਲੰਬੇ ਤਜਰਬੇ ਅਤੇ ਮਜ਼ਬੂਤ ਵਚਨਬੱਧਤਾ ਨਾਲ ਵਿਦਿਆਰਥੀਆਂ ਦੇ ਬੌਧਿਕ ਅਤੇ ਨਿੱਜੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰੇਗਾ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਇੱਕ ਅਜਿਹਾ ਵਿਦਿਅਕ ਮਾਹੌਲ ਬਣਾਉਣ ਲਈ ਵਚਨਬੱਧ ਹੈ ਜੋ ਵਿਦਿਆਰਥੀਆਂ ਦੀ ਸਫਲਤਾ ਅਤੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਦੋਵਾਂ ਲਈ ਅਨੁਕੂਲ ਹੋਵੇ।

Read More: ਹਰਿਆਣਾ ਸਰਕਾਰ ਵੱਲੋਂ 15 HCS ਅਧਿਕਾਰੀਆਂ ਨੂੰ IAS ‘ਚ ਵਜੋਂ ਦਿੱਤੀ ਤਰੱਕੀ

Scroll to Top