July 3, 2024 3:59 am
Savita Dalal

ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਸਵਿਤਾ ਦਲਾਲ ਨੇ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2023 ‘ਚ ਜਿੱਤਿਆ ਸੋਨ ਤਮਗਾ

ਮੋਹਾਲੀ, 08 ਅਗਸਤ 2023: ਅੰਤਰਰਾਸ਼ਟਰੀ ਪੱਧਰ ‘ਤੇ ਇਕ ਵਾਰ ਫਿਰ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਯੂਨੀਵਰਸਿਟੀ ਦੀ 17 ਸਾਲਾ ਵਿਦਿਆਰਥਣ ਪਹਿਲਵਾਨ ਸਵਿਤਾ ਦਲਾਲ (Savita Dalal) ਨੇ 31 ਜੁਲਾਈ ਤੋਂ 6 ਅਗਸਤ ਤੱਕ ਤੁਰਕੀ ਦੇ ਇਸਤਾਂਬੁਲ ‘ਚ ਹੋਣ ਵਾਲੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2023 ‘ਚ ਸੋਨ ਤਮਗਾ ਜਿੱਤ ਕੇ ਨਾਂ ਸਿਰਫ ਯੂਨੀਵਰਸਿਟੀ ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।

ਭਾਰਤੀ ਕਿਸ਼ੋਰ ਪਹਿਲਵਾਨ ਸਵਿਤਾ ਦਲਾਲ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਬੈਚਲਰ ਆਫ਼ ਫਿਜ਼ੀਕਲ ਐਜੂਕੇਸ਼ਨ (ਬੀਪੀਈ) ਦੀ ਵਿਦਿਆਰਥਣ ਹੈ। ਉਹ 61 ਕਿਲੋਗ੍ਰਾਮ ਵਰਗ ਵਿੱਚ ਜਾਪਾਨ ਦੀ ਕੋਨਾਮੀ ਓਨੋ ਨੂੰ 8-6 ਦੇ ਸਕੋਰ ਨਾਲ ਹਰਾ ਕੇ ਸੋਨ ਤਮਗਾ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਮਹਿਲਾ ਅਥਲੀਟ ਬਣ ਗਈ। ਉਸ ਨੇ ਪੂਰੇ ਮੈਚ ਦੌਰਾਨ ਆਪਣੀ ਹਮਲਾਵਰਤਾ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਵਿਰੋਧੀ ਅਮਰੀਕਾ ਦੀ ਹੇਲੀ ਐਮਾ ਜਾਫੀ ਨੂੰ 10-0 ਦੇ ਸ਼ਾਨਦਾਰ ਸਕੋਰ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਮੈਚ ਜਿੱਤ ਲਿਆ ਸੀ।

ਕੁਸ਼ਤੀ ਰਿੰਗ ਵਿੱਚ ਅਸਾਧਾਰਨ ਹੁਨਰ, ਲਾਜਵਾਬ ਖੇਡ ਅਤੇ ਜ਼ਬਰਦਸਤ ਪ੍ਰਦਰਸ਼ਨ ਦਿਖਾਉਂਦੇ ਹੋਏ ਸਵਿਤਾ ਨੇ ਭਾਰਤੀ ਮਹਿਲਾ ਕੁਸ਼ਤੀ ਟੀਮ ਲਈ 25 ਅੰਕਾਂ ਦਾ ਯੋਗਦਾਨ ਪਾਇਆ ਅਤੇ 118 ਅੰਕਾਂ ਨਾਲ ਭਾਰਤੀ ਮਹਿਲਾ ਕੁਸ਼ਤੀ ਟੀਮ ਨੇ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਭਾਰਤ ਨੇ ਚੈਂਪੀਅਨਸ਼ਿਪ ਦੌਰਾਨ 1 ਸੋਨ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤਿਆ ਹੈ।

ਸਵਿਤਾ (Savita Dalal) ਨੇ ਇਸ ਤੋਂ ਪਹਿਲਾਂ 12 ਜੁਲਾਈ ਤੋਂ 20 ਜੁਲਾਈ ਤੱਕ ਜੌਰਡਨ ਵਿਖੇ ਹੋਈ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ 2023 (ਅੰਡਰ 20) ਦੌਰਾਨ 62 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ। ਪਿਛਲੇ ਸਾਲ, ਉਸਨੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਰੋਮਾ 2022 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 61 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ, ਉਸਨੇ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਆਪਣੀਆਂ ਕਈ ਜਿੱਤਾਂ ਰਾਹੀਂ ਆਪਣੇ ਆਪ ਨੂੰ ਭਾਰਤੀ ਮਹਿਲਾ ਪਹਿਲਵਾਨਾਂ ਦੀ ਨਵੀਂ ਪੀੜ੍ਹੀ ਦਾ ਇੱਕ ਮਹੱਤਵਪੂਰਣ ਹਿੱਸਾ ਸਾਬਤ ਕੀਤਾ ਹੈ।

ਆਪਣੀ ਪੜ੍ਹਾਈ ਅਤੇ ਖੇਡਾਂ ਨੂੰ ਸੰਤੁਲਿਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦੇ ਹੋਏ, ਸਵਿਤਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਖੇਡਾਂ ‘ਤੇ ਜ਼ੋਰ ਦਿੱਤਾ ਹੈ ਅਤੇ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ। ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਖੇਡਾਂ ‘ਤੇ ਧਿਆਨ ਕੇਂਦਰਿਤ ਕਰਨ ਅਤੇ ਨਾਲ-ਨਾਲ ਉਨ੍ਹਾਂ ਦੇ ਅਕਾਦਮਿਕ ਕੋਰਸਾਂ ਨੂੰ ਪੂਰਾ ਕਰਨ ਲਈ ਪੂਰਾ ਸਹਿਯੋਗ ਦਿੰਦੀ ਹੈ। ਇਹ ਯੂਨੀਵਰਸਿਟੀ ਦੇ ਸਮਰਥਨ ਕਾਰਨ ਹੀ ਹੈ ਕਿ ਮੇਰੇ ਵਰਗੇ ਵਿਦਿਆਰਥੀ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਅਤੇ ਨਾਮ ਕਮਾਉਣ ਦੇ ਯੋਗ ਹੋਏ ਹਨ। ”

ਮੂਲ ਰੂਪ ਵਿੱਚ ਬਲਾਨਾ, ਹਰਿਆਣਾ ਦੀ ਰਹਿਣ ਵਾਲੀ, ਸਵਿਤਾ ਰੋਹਤਕ ਵਿੱਚ ਰਹਿੰਦੀ ਹੈ ਅਤੇ ਸਰਕਾਰ ਦੁਆਰਾ ਸੰਚਾਲਿਤ ਸਰ ਛੋਟੂ ਰਾਮ ਸਟੇਡੀਅਮ ਵਿੱਚ ਦਿਨ ਵਿੱਚ ਛੇ ਘੰਟੇ ਕੁਸ਼ਤੀ ਦਾ ਅਭਿਆਸ ਕਰਦੀ ਹੈ। ਇਸ ਤੋਂ ਇਲਾਵਾ ਉਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਤੋਂ 12,000 ਰੁਪਏ ਦਾ ਮਹੀਨਾਵਾਰ ਖੁਰਾਕ ਫੰਡ ਵੀ ਮਿਲਦਾ ਹੈ, ਕਿਉਂਕਿ ਸਵਿਤਾ ਖੇਡ ਦੇ ਨਾਲ-ਨਾਲ ਸੀਯੂ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸਵਿਤਾ ਦੀ ਇਸ ਅੰਤਰਰਾਸ਼ਟਰੀ ਪ੍ਰਾਪਤੀ ‘ਤੇ ਮਾਣ ਜਤਾਉਂਦਿਆ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਗਰਵ ਮਹਿਸੂਸ ਕਰਦੀ ਹੈ। ਵਿਸ਼ਵ ਚੈਂਪੀਅਨਸ਼ਿਪ 2023 ਵਿਚ ਸਵਿਤਾ ਦੀਆਂ ਪ੍ਰਾਪਤੀਆਂ ‘ਤੇ ਪੂਰੀ ਯੂਨੀਵਰਸਿਟੀ ਨੂੰ ਬਹੁਤ ਮਾਣ ਹੈ। ਸਵਿਤਾ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕਰੇਗੀ।

ਉਨ੍ਹਾਂ ਅੱਗੇ ਕਿਹਾ ਕਿ ਸਵਿਤਾ (Savita Dalal)  ਵਰਗੀਆਂ ਹੋਰ ਨੌਜਵਾਨ ਪ੍ਰਤਿਭਾਵਾਂ ਨੂੰ ਉਭਾਰਨ ਦੇ ਉਦੇਸ਼ ਨਾਲ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਲਈ ਵਿਸ਼ਵ ਪੱਧਰੀ ਸਹੂਲਤਾਂ, ਸਕਾਲਰਸ਼ਿਪ, ਮਾਰਗਦਰਸ਼ਨ ਲਈ ਤਜਰਬੇਕਾਰ ਅਤੇ ਸਿੱਖਿਅਤ ਕੋਚਾਂ ਅਤੇ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਪੂਰਾ ਸਹਿਯੋਗ ਦਿੰਦੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਵਿਸ਼ੇਸ਼ ਤੌਰ ‘ਤੇ ਮੱਲਾਂ ਮਾਰੀਆਂ ਹਨ, ਉਨ੍ਹਾਂ ਨੇ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਨਾਮਣਾ ਖੱਟਿਆ ਹੈ। ਹਾਲ ਹੀ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੁਣੇ ਵਿਖੇ ਹੋਏ 6ਵੇਂ ਰੋਲ ਬਾਲ ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਲਈ ਖੇਡਿਆ ਅਤੇ ਪੁਰਸ਼ ਵਰਗ ਵਿੱਚ ਉਪ ਜੇਤੂ ਅਤੇ ਮਹਿਲਾ ਵਰਗ ਵਿੱਚ ਦੂਜੀ ਰਨਰਅੱਪ ਟਰਾਫੀ ਜਿੱਤੀ।

ਇਸ ਤੋਂ ਇਲਾਵਾ, ਦੋ ਸੀਯੂ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਬ੍ਰਾਜ਼ੀਲ ਵਿੱਚ ਡਬਲਯੂ.ਟੀ.ਟੀ. ਯੂਥ ਪ੍ਰਤੀਯੋਗੀ 2023 ਦੌਰਾਨ ਭਾਰਤ ਲਈ ਕਾਂਸੀ ਦੇ ਤਮਗੇ ਜਿੱਤੇ, ਇਸ ਤੋਂ ਬਾਅਦ ਦੋਵਾਂ ਵਿੱਚ ਕਰਵਾਏ ਦੱਖਣੀ ਏਸ਼ੀਆਈ ਯੂਥ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਮਗੇ ਜਿੱਤੇ।