ਚੰਡੀਗੜ੍ਹ, 28 ਮਾਰਚ 2023: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ ਵਿੱਚ ਦੋ ਸਾਲ ਦੀ ਸਜ਼ਾ ਹੋਈ, ਫਿਰ ਉਹ ਸੰਸਦ ਦੀ ਮੈਂਬਰਸ਼ਿਪ ਗੁਆ ਬੈਠੇ। ਹੁਣ ਰਾਹੁਲ ‘ਤੇ ਇਕ ਹੋਰ ਮਾਮਲੇ ਦੀ ਤਲਵਾਰ ਲਟਕਣ ਲੱਗੀ ਹੈ। ਇਸ ਵਾਰ ਵੀਰ ਸਾਵਰਕਰ ਦੇ ਪੋਤੇ ਨੇ ਰਾਹੁਲ ਨੂੰ ਕਹਿ ਦਿੱਤਾ ਹੈ ਕਿ ਜੇਕਰ ਉਹ ਸਾਵਰਕਰ ‘ਤੇ ਕੀਤੀ ਗਈ ਟਿੱਪਣੀ ਲਈ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਜਾਵੇਗੀ।
ਹਿੰਦੂਤਵੀ ਵਿਚਾਰਕ ਵੀਰ ਦਾਮੋਦਰ ਸਾਵਰਕਰ ਦੇ ਪੋਤਰੇ ਰਣਜੀਤ ਸਾਵਰਕਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸਾਵਰਕਰ ਨੇ ਕਿਹਾ, ਰਾਹੁਲ ਗਾਂਧੀ ਸਬੂਤ ਦੇਣ ਕਿ ਸਾਵਰਕਰ ਨੇ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਸੀ। ਰਣਜੀਤ ਸਾਵਰਕਰ ਨੇ ਕਿਹਾ, ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਮੁਆਫ਼ੀ ਨਹੀਂ ਮੰਗਣਗੇ ਕਿਉਂਕਿ ਉਹ ਸਾਵਰਕਰ ਨਹੀਂ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਵਰਕਰ ਦੀ ਮੁਆਫੀ ਦਾ ਕੋਈ ਸਬੂਤ ਦਿਖਾਉਣ।
ਵੀਰ ਦਾਮੋਦਰ ਸਾਵਰਕਰ ਦੇ ਪੋਤਰੇ ਰਣਜੀਤ ਸਾਵਰਕਰ ਨੇ ਕਿਹਾ, ‘ਇਹ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਰਾਹੁਲ ਗਾਂਧੀ (Rahul Gandhi) ਦੁਆਰਾ ਰਾਜਨੀਤੀ ਲਈ ਸਾਵਰਕਰ ਦੇ ਨਾਂ ਨੂੰ ਕਿਵੇਂ ਬਦਨਾਮ ਕੀਤਾ ਜਾ ਰਿਹਾ ਹੈ। ਲੱਗਦਾ ਹੈ ਕਿ ਉਹ ਮੁਸਲਮਾਨਾਂ ਦਾ ਵੀ ਧਰੁਵੀਕਰਨ ਕਰ ਰਹੇ ਹਨ। ਮਹਾਰਾਸ਼ਟਰ ਵਿਚ ਵੀ ਸਾਵਰਕਰ ਦੇ ਨਾਂ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਫਾਇਦੇ ਲਈ ਸਾਵਰਕਰ ਦੇ ਨਾਂ ਦੀ ਵਰਤੋਂ ਨਾ ਕਰੋ।
ਉਨ੍ਹਾਂ ਨੇ ਸੰਜੇ ਰਾਉਤ, ਊਧਵ ਠਾਕਰੇ ਅਤੇ ਸ਼ਰਦ ਪਵਾਰ ਦਾ ਵੀ ਜ਼ਿਕਰ ਕੀਤਾ।ਉਨ੍ਹਾਂ ਨੇ ਕਿਹਾ, ‘ਸੰਜੇ ਰਾਉਤ ਅਤੇ ਊਧਵ ਠਾਕਰੇ ਸਾਵਰਕਰ ਲਈ ਸਨਮਾਨ ਰੱਖਦੇ ਹਨ, ਪਰ ਜਦੋਂ ਤੱਕ ਉਹ ਸਾਵਰਕਰ ਲਈ ਆਪਣਾ ਸਮਰਥਨ ਨਹੀਂ ਦਿਖਾਉਂਦੇ, ਇਸ ਦਾ ਕੋਈ ਮਤਲਬ ਨਹੀਂ ਹੈ। ਅਲਟੀਮੇਟਮ ਦੇਣ ਤੋਂ ਬਾਅਦ ਵੀ ਕਾਂਗਰਸ ਨਹੀਂ ਰੁਕੀ ਅਤੇ ਉਨ੍ਹਾਂ (ਊਧਵ ਠਾਕਰੇ ਧੜੇ) ਨੇ ਅਜੇ ਤੱਕ ਕਾਂਗਰਸ ਨੂੰ ਵੱਖ ਨਹੀਂ ਕੀਤਾ ਹੈ। ਇਸੇ ਤਰ੍ਹਾਂ ਸ਼ਰਦ ਪਵਾਰ ਵੀ ਸਾਵਰਕਰ ਲਈ ਬਹੁਤ ਸਤਿਕਾਰ ਰੱਖਦੇ ਹਨ, ਪਰ ਉਨ੍ਹਾਂ ਨੂੰ ਅੱਗੇ ਵਧ ਕੇ ਰਾਹੁਲ ਗਾਂਧੀ ਨੂੰ ਸਾਵਰਕਰ ਬਾਰੇ ਆਪਣੇ ਬਿਆਨਾਂ ਲਈ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ 25 ਮਾਰਚ ਨੂੰ ਪ੍ਰੈੱਸ ਕਾਨਫਰੰਸ ਕੀਤੀ ਸੀ। ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ, ਉਹ ਸਰਕਾਰ ਤੋਂ ਨਹੀਂ ਡਰਣਗੇ, ਸਰਕਾਰ ਉਨ੍ਹਾਂ ਨੂੰ ਡਰਾ ਨਹੀਂ ਸਕਦੀ। ਉਸ ਨੇ ਸੂਰਤ ਵਿਚ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਸਰਕਾਰ ਤੋਂ ਮੁਆਫੀ ਨਹੀਂ ਮੰਗੀ ਹੈ ਕਿਉਂਕਿ ਉਸ ਦਾ ਨਾਂ ਗਾਂਧੀ ਹੈ, ਸਾਵਰਕਰ ਨਹੀਂ ਅਤੇ ਗਾਂਧੀ ਕਿਸੇ ਤੋਂ ਮੁਆਫੀ ਨਹੀਂ ਮੰਗਦਾ। ਉਨ੍ਹਾਂ ਦੇ ਇਸ ਬਿਆਨ ‘ਤੇ ਸਾਵਰਕਰ ਦੇ ਪੋਤਰੇ ਨੇ ਮੰਗ ਕੀਤੀ ਕਿ ਰਾਜਨੀਤੀ ਚਮਕਾਉਣ ਲਈ ਦੇਸ਼ ਭਗਤਾਂ ਦੇ ਨਾਂ ਦੀ ਵਰਤੋਂ ਕਰਨਾ ਗਲਤ ਹੈ ਅਤੇ ਇਸ ਮਾਮਲੇ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।