ਚੰਡੀਗੜ੍ਹ, 29 ਨਵੰਬਰ 2023: ਸਾਊਦੀ ਅਰਬ (Saudi Arabia) ਨੇ ਵਰਕਿੰਗ ਵੀਜ਼ਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਸਾਲ 2024 ਤੋਂ ਇੱਥੇ ਕੰਮ ਕਰਨ ਵਾਲੇ ਵਿਦੇਸ਼ੀਆਂ ਲਈ ਨਵਾਂ ਨਿਯਮ ਤਿਆਰ ਕੀਤਾ ਗਿਆ ਹੈ। ਸਾਊਦੀ ਸਰਕਾਰ ਦੇ ਮਨੁੱਖੀ ਸੰਸਾਧਨ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ 2024 ਤੋਂ, 24 ਸਾਲ ਤੋਂ ਘੱਟ ਉਮਰ ਦਾ ਕੋਈ ਨਾਗਰਿਕ ਘਰੇਲੂ ਮੱਦਦ ਲਈ ਕਿਸੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ‘ਤੇ ਨਹੀਂ ਰੱਖ ਸਕਦਾ ਹੈ।
ਨਵੇਂ ਨਿਯਮਾਂ ਮੁਤਾਬਕ ਸਾਊਦੀ ਅਰਬ ਦਾ ਕੋਈ ਵੀ ਨਾਗਰਿਕ, ਨਾਗਰਿਕਾਂ ਦੀਆਂ ਵਿਦੇਸ਼ੀ ਪਤਨੀਆਂ, ਉਨ੍ਹਾਂ ਦੀਆਂ ਮਾਵਾਂ ਅਤੇ ਘਰੇਲੂ ਕੰਮ ਲਈ ਸਾਊਦੀ ਪ੍ਰੀਮੀਅਮ ਪਰਮਿਟ ਧਾਰਕ ਵਿਦੇਸ਼ੀ ਕਾਮਿਆਂ ਦੀ ਭਰਤੀ ਲਈ ਸਰਕਾਰ ਨੂੰ ਅਰਜ਼ੀ ਦੇ ਸਕਣਗੇ। ਇਹ ਨਿਯਮ ਘਰੇਲੂ ਲੇਬਰ ਮਾਰਕੀਟ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਹਨ। ਸਾਊਦੀ ਸਰਕਾਰ ਨੇ STC Pay ਅਤੇ Urpay ਐਪ ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਤਨਖਾਹ ਟ੍ਰਾਂਸਫਰ ਕਰਨ ਲਈ ਨਿਯਮ ਬਣਾਏ ਹਨ। ਇਸ ਦਾ ਮਕਸਦ ਪਾਰਦਰਸ਼ਤਾ ਲਿਆਉਣਾ ਹੈ।
ਭਾਰਤ ਨੂੰ ਕਿਵੇਂ ਨੁਕਸਾਨ ਹੋਵੇਗਾ?
ਪਰ ਨਵੇਂ ਨਿਯਮਾਂ ਤਹਿਤ ਕੀਤੇ ਗਏ ਬਦਲਾਅ ਕਾਰਨ ਭਾਰਤ ਦੀ ਲੇਬਰ ਮਾਰਕੀਟ ਨੂੰ ਕਾਫੀ ਨੁਕਸਾਨ ਹੋਵੇਗਾ। ਸਾਊਦੀ ਅਰਬ ‘ਚ ਵੱਡੀ ਗਿਣਤੀ ‘ਚ ਨੌਜਵਾਨ ਇਕੱਲੇ ਰਹਿੰਦੇ ਹਨ ਪਰ ਨਵੇਂ ਨਿਯਮਾਂ ਕਾਰਨ 24 ਸਾਲ ਤੋਂ ਘੱਟ ਉਮਰ ਦੇ ਨਾਗਰਿਕ ਕੋਈ ਵੀ ਕਾਮੇ ਨਹੀਂ ਰੱਖ ਸਕਣਗੇ, ਜਿਸ ਨਾਲ ਰੁਜਗਾਰ ‘ਚ ਕਮੀ ਆਵੇਗੀ। ਸਾਊਦੀ ‘ਚ ਡਰਾਈਵਰ, ਕੁੱਕ, ਗਾਰਡ, ਮਾਲੀ, ਨਰਸ, ਦਰਜ਼ੀ ਅਤੇ ਨੌਕਰ ਨੂੰ ਘਰੇਲੂ ਰੁਜ਼ਗਾਰ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਗਿਆ ਹੈ। ਸਾਊਦੀ ਅਰਬ ਵਿੱਚ ਕਰੀਬ 26 ਲੱਖ ਭਾਰਤੀ ਕੰਮ ਕਰਦੇ ਹਨ। ਇਸ ਸਾਲ ਮਈ ‘ਚ ਸਾਊਦੀ ਅਰਬ (Saudi Arabia) ਨੇ ਨਿੱਜੀ ਖੇਤਰ ‘ਚ ਕੰਮ ਕਰਨ ਵਾਲੇ ਵਿਦੇਸ਼ੀਆਂ ਲਈ ਨਿਯਮਾਂ ‘ਚ ਬਦਲਾਅ ਕੀਤਾ ਸੀ ਅਤੇ ਵਰਕ ਵੀਜ਼ਾ ਦੀ ਵੈਧਤਾ 2 ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤੀ ਸੀ।