ਸਾਊਦੀ ਅਰਬ

ਸਾਊਦੀ ਅਰਬ ਤੇ ਪਾਕਿਸਤਾਨ ਨੇ ਰੱਖਿਆ ਸਮਝੌਤੇ ‘ਤੇ ਕੀਤੇ ਹਸਤਾਖਰ

ਵਿਦੇਸ਼, 18 ਸਤੰਬਰ 2025: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐਮਬੀਐਸ) ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਇੱਕ ਰੱਖਿਆ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਸਮਝੌਤੇ ਦੇ ਤਹਿਤ ਇੱਕ ਦੇਸ਼ ‘ਤੇ ਹਮਲਾ ਦੂਜੇ ਦੇਸ਼ ‘ਤੇ ਹਮਲਾ ਮੰਨਿਆ ਜਾਵੇਗਾ।

ਸਾਊਦੀ ਪ੍ਰੈਸ ਏਜੰਸੀ ਦੇ ਮੁਤਾਬਕ ਦੋਵਾਂ ਦੇਸ਼ਾਂ ਨੇ ਇੱਕ ਸਾਂਝੇ ਬਿਆਨ ‘ਚ ਕਿਹਾ ਕਿ ਇਹ ਸਮਝੌਤਾ ਸੁਰੱਖਿਆ ਵਧਾਉਣ ਅਤੇ ਵਿਸ਼ਵ ਸ਼ਾਂਤੀ ਸਥਾਪਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇੱਕ ਰੱਖਿਆ ਕਾਰਪੋਰੇਸ਼ਨ ਵੀ ਵਿਕਸਤ ਕੀਤੀ ਜਾਵੇਗੀ।

ਰਾਇਟਰਜ਼ ਦੇ ਮੁਤਾਬਕ ਇਹ ਸਮਝੌਤਾ ਫੌਜੀ ਸਹਿਯੋਗ ਪ੍ਰਦਾਨ ਕਰੇਗਾ, ਜਿਸ ‘ਚ ਲੋੜ ਪੈਣ ‘ਤੇ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੀ ਸ਼ਾਮਲ ਹੈ। ਸਾਊਦੀ ਅਰਬ-ਪਾਕਿਸਤਾਨ ਰੱਖਿਆ ਸਮਝੌਤੇ ਬਾਰੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਪਹਿਲਾਂ ਹੀ ਸਮਝੌਤੇ ਬਾਰੇ ਜਾਣੂ ਸੀ।

ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ, ਉਪ ਪ੍ਰਧਾਨ ਮੰਤਰੀ ਇਸਹਾਕ ਡਾਰ, ਰੱਖਿਆ ਮੰਤਰੀ ਖਵਾਜਾ ਆਸਿਫ, ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਅਤੇ ਇੱਕ ਉੱਚ ਪੱਧਰੀ ਵਫ਼ਦ ਸ਼ਾਹਬਾਜ਼ ਸ਼ਰੀਫ ਨਾਲ ਸਾਊਦੀ ਅਰਬ ਪਹੁੰਚਿਆ।

ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਵੀ ਰੱਖਿਆ ਸਮਝੌਤੇ ‘ਤੇ ਦਸਤਖਤ ਕਰਨ ਸਮੇਂ ਮੌਜੂਦ ਸਨ। ਇੱਕ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਇਹ ਸਮਝੌਤਾ ਕਿਸੇ ਖਾਸ ਦੇਸ਼ ਜਾਂ ਘਟਨਾ ਦੇ ਵਿਰੁੱਧ ਨਹੀਂ ਹੈ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਅਤੇ ਡੂੰਘੇ ਸਹਿਯੋਗ ਦਾ ਅਧਿਕਾਰਤ ਪ੍ਰਗਟਾਵਾ ਹੈ।

ਸਾਊਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਰੱਖਿਆ ਸਮਝੌਤੇ ਬਾਰੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ “ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਮੌਜੂਦਾ ਸਬੰਧਾਂ ਨੂੰ ਰਸਮੀ ਬਣਾਉਂਦਾ ਹੈ। ਭਾਰਤ ਦੀ ਰਾਸ਼ਟਰੀ ਸੁਰੱਖਿਆ, ਖੇਤਰੀ ਅਤੇ ਵਿਸ਼ਵਵਿਆਪੀ ਸਥਿਰਤਾ ‘ਤੇ ਪ੍ਰਭਾਵ ਦੀ ਜਾਂਚ ਕੀਤੀ ਜਾਵੇਗੀ। ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਅਤੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਜਿਕਰਯੋਗ ਹੈ ਕਿ ਪਾਕਿਸਤਾਨ ਦਾ ਵੀ ਸਾਊਦੀ ਅਰਬ ਨਾਲ ਅਮਰੀਕਾ ਵਾਂਗ ਹੀ ਇੱਕ ਰੱਖਿਆ ਸਮਝੌਤਾ ਸੀ। ਇਹ ਸਮਝੌਤਾ 1979 ‘ਚ ਟੁੱਟ ਗਿਆ ਸੀ। ਇਸ ਤੋਂ ਪਹਿਲਾਂ, ਭਾਰਤ ਅਤੇ ਪਾਕਿਸਤਾਨ ਦੋ ਜੰਗਾਂ ਲੜ ਚੁੱਕੇ ਸਨ, ਪਰ ਅਮਰੀਕਾ ਨੇ ਕਿਸੇ ਇੱਕ ‘ਚ ਵੀ ਸਿੱਧੇ ਤੌਰ ‘ਤੇ ਸਹਾਇਤਾ ਨਹੀਂ ਕੀਤੀ ਸੀ।

Read More: ਪਾਕਿਸਤਾਨ ਦੇ ਡਿਪਟੀ PM ਵੱਲੋਂ ਡੋਨਾਲਡ ਟਰੰਪ ਦਾ ਜੰਗਬੰਦੀ ਦਾ ਦਾਅਵਾ ਰੱਦ

Scroll to Top