ਸੱਤਿਆਜੀਤ ਰੇ

ਬੰਗਲਾਦੇਸ਼ ‘ਚ ਸੱਤਿਆਜੀਤ ਰੇ ਦਾ ਜੱਦੀ ਘਰ ਨੂੰ ਹੁਣ ਨਹੀਂ ਢਾਹਿਆ ਜਾਵੇਗਾ, ਕਮੇਟੀ ਦਾ ਗਠਨ

ਬੰਗਲਾਦੇਸ਼, 17 ਜੁਲਾਈ 2025: ਬੰਗਲਾਦੇਸ਼ ‘ਚ ਮਹਾਨ ਫਿਲਮ ਨਿਰਮਾਤਾ ਸੱਤਿਆਜੀਤ ਰੇ ਦੇ ਜੱਦੀ ਘਰ ਨੂੰ ਹੁਣ ਨਹੀਂ ਢਾਹਿਆ ਜਾਵੇਗਾ। ਦਰਅਸਲ, ਬੰਗਲਾਦੇਸ਼ ਸਰਕਾਰ ਨੇ ਬੰਗਲਾਦੇਸ਼ ਦੇ ਮੈਮਨਸਿੰਘ ‘ਚ ਸੱਤਿਆਜੀਤ ਰੇ ਦੇ ਜੱਦੀ ਘਰ ਨੂੰ ਢਾਹਣ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਇੱਕ ਕਮੇਟੀ ਬਣਾਈ ਗਈ ਹੈ, ਜੋ ਸੱਤਿਆਜੀਤ ਰੇ ਦੇ ਜੱਦੀ ਘਰ ਨੂੰ ਦੁਬਾਰਾ ਬਣਾਏਗੀ।

ਇਹ ਕਦਮ ਭਾਰਤ ਸਰਕਾਰ ਵੱਲੋਂ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਸੱਤਿਆਜੀਤ ਰੇ ਦੇ ਘਰ ਨੂੰ ਢਾਹੇ ਜਾਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਘਰ ਬੰਗਾਲ ਦੇ ਸੱਭਿਆਚਾਰਕ ਇਤਿਹਾਸ ਨਾਲ ਡੂੰਘਾ ਜੁੜਿਆ ਹੋਇਆ ਹੈ।

ਬੰਗਲਾਦੇਸ਼ ਦੇ ਮੈਮਨਸਿੰਘ ਸ਼ਹਿਰ ‘ਚ ਸਥਿਤ ਇਹ ਘਰ ਸੱਤਿਆਜੀਤ ਰੇਅ ਦੇ ਦਾਦਾ ਉਪੇਂਦਰ ਕਿਸ਼ੋਰ ਰੇ ਚੌਧਰੀ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਨੇ ਇਸ ਘਰ ‘ਚ ਲੰਮਾ ਸਮਾਂ ਬਿਤਾਇਆ। ਉਪੇਂਦਰ ਕਿਸ਼ੋਰ ਰੇ ਚੌਧਰੀ ਬੰਗਾਲ ਸਾਹਿਤ ‘ਚ ਇੱਕ ਵੱਡਾ ਨਾਮ ਹੈ। ਹਾਲ ਹੀ ‘ਚ ਖ਼ਬਰਾਂ ਆਈਆਂ ਹਨ ਕਿ ਬੰਗਲਾਦੇਸ਼ ਸਰਕਾਰ ਸੱਤਿਆਜੀਤ ਰੇਅ ਦੇ ਜੱਦੀ ਘਰ ਨੂੰ ਢਾਹ ਰਹੀ ਹੈ।

ਇਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ‘ਅਸੀਂ ਬਹੁਤ ਦੁਖੀ ਹਾਂ ਕਿ ਬੰਗਲਾਦੇਸ਼ ਸਰਕਾਰ ਸੱਤਿਆਜੀਤ ਰੇਅ ਦੇ ਜੱਦੀ ਘਰ ਨੂੰ ਢਾਹ ਰਹੀ ਹੈ। ਇਹ ਜਾਇਦਾਦ ਬੰਗਲਾਦੇਸ਼ ਸਰਕਾਰ ਦੀ ਹੈ ਅਤੇ ਇਸ ਸਮੇਂ ਬਹੁਤ ਮਾੜੀ ਹਾਲਤ ‘ਚ ਹੈ।

ਇਸ ਇਮਾਰਤ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ, ਜੋ ਕਿ ਬੰਗਾਲੀ ਸੱਭਿਆਚਾਰਕ ਪੁਨਰਜਾਗਰਣ ਦਾ ਪ੍ਰਤੀਕ ਹੈ, ਇਸ ਨੂੰ ਢਾਹੁਣ ‘ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸਨੂੰ ਦੁਬਾਰਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਇੱਕ ਸਾਹਿਤਕ ਅਜਾਇਬ ਘਰ ‘ਚ ਬਦਲਿਆ ਜਾਣਾ ਚਾਹੀਦਾ ਹੈ। ਇਹ ਭਾਰਤ ਅਤੇ ਬੰਗਲਾਦੇਸ਼ ਦੀ ਸਾਂਝੀ ਸੰਸਕ੍ਰਿਤੀ ਦਾ ਪ੍ਰਤੀਕ ਹੈ। ਭਾਰਤ ਸਰਕਾਰ ਵੀ ਇਸ ਉਦੇਸ਼ ‘ਚ ਮੱਦਦ ਕਰਨ ਲਈ ਤਿਆਰ ਹੈ।’

ਬੰਗਾਲ ਦੀ ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਕਿਹਾ ਸੀ ਕਿ ਮਹਾਨ ਫਿਲਮ ਨਿਰਮਾਤਾ ਦੇ ਜੱਦੀ ਘਰ ਨੂੰ ਢਾਹੁਣਾ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ, ‘ਰੇ ਪਰਿਵਾਰ ਬੰਗਾਲੀ ਸੱਭਿਆਚਾਰ ਦੇ ਮੋਹਰੀ ਵਾਹਕਾਂ ਵਿੱਚੋਂ ਇੱਕ ਹੈ। ਉਪੇਂਦਰ ਕਿਸ਼ੋਰ ਬੰਗਾਲ ਦੇ ਪੁਨਰਜਾਗਰਣ ਦਾ ਇੱਕ ਥੰਮ੍ਹ ਹੈ। ਇਸ ਲਈ, ਮੇਰਾ ਮੰਨਣਾ ਹੈ ਕਿ ਇਹ ਘਰ ਬੰਗਾਲ ਦੇ ਸੱਭਿਆਚਾਰਕ ਇਤਿਹਾਸ ਨਾਲ ਡੂੰਘਾ ਜੁੜਿਆ ਹੋਇਆ ਹੈ। ਮੈਂ ਬੰਗਲਾਦੇਸ਼ ਸਰਕਾਰ ਅਤੇ ਉਸ ਦੇਸ਼ ਦੇ ਸਾਰੇ ਜਾਗਰੂਕ ਲੋਕਾਂ ਨੂੰ ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਣ ਦੀ ਅਪੀਲ ਕਰਦੀ ਹਾਂ।

Read More: ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ

Scroll to Top